ਸਰਦਾਰ ਹੁਰਾਂ ਦੇ ਪੂਰੇ ਹੋਣ ਤੇ ਦੋਵੇਂ ਬਾਹਰੋਂ ਪਰਤ ਆਏ..ਦੁਨੀਆ ਸਾਹਵੇਂ ਬੜਾ ਰੋਏ ਕਲਪੇ..ਯਾਦ ਕੀਤਾ..ਫੇਰ ਸਸਕਾਰ ਭੋਗ ਅਰਦਾਸ ਮਕਾਣਾਂ ਲੰਗਰ ਅਤੇ ਹੋਰ ਸੌ ਰੀਤੀ ਰਿਵਾਜ..ਸਭ ਕੁਝ ਨਿੱਬੜ ਗਿਆ ਤਾਂ ਇੱਕ ਦਿਨ ਬਾਪੂ ਹੁਰਾਂ ਦੇ ਕਾਗਜ ਫਰੋਲਣ ਲੱਗ ਪਏ!
ਮਾਂ ਝੋਲਾ ਲੈ ਆਈ..ਅਖ਼ੇ ਆਖ ਗਏ ਸਨ ਕੇ ਜੇ ਮੈਨੂੰ ਕੁਝ ਹੋ ਗਿਆ ਤਾਂ ਇਹ ਦੋਹਾਂ ਪੁੱਤਰਾਂ ਨੂੰ ਦੇ ਦੇਵੀਂ..!
ਅੰਦਰ ਇੱਕ ਸਾਦੇ ਅਸ਼ਟਾਮ ਤੇ ਲਿਖੀ ਹੋਈ ਸੰਖੇਪ ਜਿਹੀ ਵਸੀਹਤ ਸੀ..ਵਿਸਥਾਰ ਕੁਝ ਏਦਾਂ ਸੀ..ਗਹਿਣੇ ਪਾਈ ਤੁਹਾਨੂੰ ਬਾਹਰ ਘੱਲਣ ਵੇਲੇ ਬੈ ਕਰਨੀ ਪੈ ਗਈ..ਇਹ ਮਕਾਨ ਵੀ ਹੁਣ ਗਹਿਣੇ ਏ..ਭੈਣਾਂ ਵਿਆਉਣ ਵੇਲੇ ਪੈਸੇ ਦੀ ਲੋੜ ਪੈ ਗਈ ਸੀ..ਬਾਕੀ ਰਹਿੰਦਾ ਸਭ ਕੁਝ ਵੀ ਵੇਚ ਵੱਟ ਲਿਆ ਤੇ ਹੁਣ ਤੁਹਾਡੀ ਬੇਬੇ ਹੀ ਮੇਰੀ ਵੱਲੋਂ ਕੀਤੀ ਹੋਈ ਵਸੀਹਤ ਸਮਜਿਓ..ਉਸਦਾ ਖਿਆਲ ਰੱਖਣਾ..!
ਬਾਹਰੋਂ ਨਵੀਂ ਨਵੀਂ ਦੁਨੀਆਦਾਰੀ ਸਿੱਖ ਕੇ ਆਏ ਅੱਜ ਇੰਝ ਮਹਿਸੂਸ ਕਰ ਰਹੇ ਸਨ ਜਿੱਦਾਂ ਨਿੱਕਲ ਆਈ ਇੱਕ ਵੱਡੀ ਲਾਟਰੀ ਦੀ ਟਿਕਟ ਗਵਾਚ ਗਈ ਹੋਵੇ!
ਹਰਪ੍ਰੀਤ ਸਿੰਘ ਜਵੰਦਾ