ਮੋਹ – ਭਾਗ ਦੂਜਾ | moh – part 2

ਹਾਲੇ ਦੀਪਾ ਕੁੱਝ ਬੋਲਣ ਹੀ ਲੱਗਾ ਸੀ ਕਿ ਮਨਜੀਤ ਬੋਲ ਪਈ|
“ਕੁਲਦੀਪ ਤੁਸੀਂ ਸਿਮਰ ਨੂੰ ਗਲਤ ਨਾ ਸਮਝੋ|ਉਹਨਾ ਦੇ ਘਰ ਦਾ ਮਾਹੌਲ ਕਿੰਨਾ ਗੰਦਾ ਏ |ਉਹਦਾ ਖਿਆਲ ਰੱਖਣ ਵਾਲੇ ,ਇੱਜਤ ਨਾਲ ਪੇਸ਼ ਆਉਣ ਵਾਲੇ ਤੁਸੀਂ ਪਹਿਲੇ ਮਰਦ ਹੋ |ਉਹਨੇ ਕਦੇ ਤੁਹਾਡੇ ਤੋਂ ਬਿਨਾ ਕੋਈ ਚੰਗਾ ਮਰਦ ਦੇਖਿਆ ਹੀ ਨਹੀ|ਉਹਦੀ ਉਮਰ ਹੀ ਇਹੋ ਜਿਹੀ ਹੈ ਉਹਦਾ ਤੁਹਾਡੇ ਪ੍ਰਤੀ ਆਕਰਸ਼ਿਤ ਹੋਣਾ ਸੁਭਾਵਿਕ ਹੈ|ਉਹਦੀਆਂ ਭਾਵਨਾਵਾ ਗਲਤ ਨਹੀਂ ਪਰ ਉਹ ਉਹਨਾ ਨੂੰ ਗਲਤ ਤਰੀਕੇ ਨਾਲ ਪ੍ਰਗਟ ਕਰ ਰਹੀ ਹੈ|ਉਹਨੂੰ ਸਹੀ ਗਲਤ ਦਾ ਅੰਦਾਜਾ ਨਹੀ|ਉਹਨੂੰ ਸਮਝਾਉਣ ਵਾਲਾ ਕੋਈ ਨਹੀਂ|ਹਰ ਆਕਰਸ਼ਣ ਪਿਆਰ ਨਹੀਂ ਹੁੰਦਾ ਇਹ ਉਸਨੂੰ ਨਹੀਂ ਪਤਾ| ”
“ਪਰ ਉਹ ਚਾਹੁੰਦੀ ਕੀ ਏ ?ਕੀ ਲਿਖਿਆ ਉਹਨੇ ਚਿੱਠੀ ਵਿੱਚ?”ਦੀਪੇ ਨੇ ਪੁੱਛਿਆ|….”ਮੈ ਪੜ੍ਹਕੇ ਸੁਣਾਉਦੀ ਹਾਂ”|
“ਦੀਪੇ ਤੂੰ ਮੇਰੇ ਪਰਿਵਾਰ ਬਾਰੇ ਜਾਣਦਾ ਏ …..ਡੈਡੀ ਬਹੁਤ ਸ਼ਰਾਬ ਪੀਂਦੇ ਨੇ ਫਿਰ ਮੰਮੀ ਨਾਲ ਲੜਦੇ ਨੇ|ਮੰਮੀ ਕਈ ਵਾਰੀ ‘ਕੱਲੀ ਬੈਠੀ ਰੋਂਦੀ ਰਹਿੰਦੀ ਏ|ਵੀਰਾ ਵੀ ਮੰਮੀ ਤੇ ਰੋਅਬ ਮਾਰਦਾ ਏ|ਮੈਨੂੰ ਵੀ ਉੱਚੀ ਬੋਲਣ ਨੀ ਦਿੰਦਾ ਕਿਸੇ ਦੇ ਘਰੇ ਨੀ ਜਾਣ ਦਿੰਦਾ|ਦੀਪੇ ਤੂੰ ਮੇਰੀ ਹਰ ਗੱਲ ਮੰਨਦਾ ਏ ਮੈਨੂੰ ਪਤਾ ਤੂੰ ਵੀ ਮੈਨੂੰ ਬਹੁਤ ਪਿਆਰ ਕਰਦਾ ਏ|ਮੈ ਤੇਰੀ ਵਾਈਫ ਵੀ ਦੇਖੀ ਭੋਰਾ ਸੋਹਣੀ ਨੀ|ਦੀਪੇ ਘਰਦੇ ਕਹਿੰਦੇ ਮੇਰਾ ਦਸਵੀਂ ਤੋ ਬਾਅਦ ਹੀ ਵਿਆਹ ਕਰ ਦੇਣਾ|ਦੀਪੇ ਮੈਨੂੰ ਡੈਡੀ ਤੇ ਵੀਰੇ ਵਰਗਾ ਪਤੀ ਨਹੀ ਚਾਹੀਦਾ ਮੈਨੂੰ ਤੇਰੇ ਵਰਗਾ ਪਤੀ ਚਾਹੀਦਾ …..ਤੂੰ ਹੀ ਵਿਆਹ ਕਰਵਾ ਲੈ ਮੇਰੇ ਨਾਲ ਮੈ ਬਹੁਤ ਪਿਆਰ ਕਰਦੀ ਤੈਨੂੰ ….ਤੂੰ ਆਪਣੀ ਵਾਈਫ ਨੂੰ ਛੱਡ ਪਰਾਂ …ਆਪਾਂ ਕਿਤੇ ਦੂਰ ਚਲਦੇ ਹਾਂ ਮੈਨੂੰ ਪਤਾ ਡੈਡੀ ਨੇ ਪੈਸੇ ਕਿੱਥੇ ਰੱਖੇ ਨੇ….ਤੂੰ ਸ਼ਾਮ ਨੂੰ ਆਈ ਆਪਾਂ ਉਹਨਾ ਦੇ ਆਉਣ ਤੋ ਪਹਿਲਾ ਚਲੇ ਜਾਵਾਂਗੇ ਨਾਲੇ ਤੈਨੂੰ ਕਿਸੇ ਦੇ ਘਰੇ ਕੰਮ ਨੀ ਕਰਨਾ ਪੈਣਾ….|ਦੀਪੇ ਜਰੂਰ ਆਈ ਮੈ ਤੇਰੀ ਉਡੀਕ ਕਰਾਂਗੀ|ਜੇ ਤੂੰ ਨਾ ਆਇਆ ਤਾਂ ਮੈਂ ਕੁੱਝ ਖਾ ਕੇ ਮਰ ਜਾਣਾ।
ਮਨਜੀਤ ਨੇ ਚਿੱਠੀ ਪੜ੍ਹਕੇ ਦੀਪੇ ਵੱਲ ਦੇਖਿਆ ਉਹਦੀਆਂ ਅੱਖਾਂ ਵਿੱਚ ਹੰਝੂ ਸਨ|ਉਹਦੀਆਂ ਅੱਖਾਂ ਸਾਹਮਣੇ ਸਿਮਰ ਰੁੜੀ ਫਿਰਦੀ ਸੀ,ਕਦੇ ਸਾਇਕਲੀ ਚਲਾਉਦੀ ਫਿਰਦੀ ਸੀ,ਕਦੇ ਪੀਂਘ ਝੂਟ ਰਹੀ ਸੀ,ਕਦੇ ਉਹਦੇ ਮੋਢਿਆਂ ਤੇ ਬੈਠੀ ਸੀ|ਪਰ ਉਹਦੀਆਂ ਬਾਹਵਾਂ ਵਿੱਚ ਤਾਂ ਕਦੇ ਨਹੀ ਸੀ|ਇਹ ਕੀ ਕੁੱਝ ਸੋਚੀ ਬੈਠੀ ਉਹ …|ਉਹ ਬੱਤੀਆਂ ਦਾ ਤੇ ਉਹ ਸੋਲਾਂ ਸਾਲਾਂ ਦੀ|ਇੱਡੀ ਪਾਗਲ….|”ਕੀ ਸੋਚ ਰਹੇ ਹੋ।?ਮਨਜੀਤ ਨੇ ਹਲੂਣਿਆ ਉਸਨੂੰ|
“ਹੈਂ …ਹਾਂ…ਹਾਂ…ਕੁੱਝ ਨਹੀ …ਬੱਸ ਉਹਦੇ ਸਿੱਧਰੀ ਬਾਰੇ ਸੋਚਦਾ ਸੀ|”ਦੀਪਾ ਜਿਵੇਂ ਸੁਪਨੇ ਵਿੱਚੋਂ ਜਾਗਿਆ ਹੋਵੇ|
“ਤੈਨੂੰ ਕੀ ਲਗਦਾ ਕੀ ਕਰਨਾ ਚਾਹੀਦਾ ਮੈਨੂੰ?”ਦੀਪੇ ਨੇ ਉਹਦੇ ਤੋਂ ਸਲਾਹ ਮੰਗਦਿਆਂ ਪੁੱਛਿਆ|
“ਭੱਜ ਜਾਓ….ਐਸ਼ ਕਰੋਂਗੇ…”ਮਨਜੀਤ ਨੇ ਹੱਸਦਿਆਂ ਕਿਹਾ|
“ਮੈਂ ਮਰ ਨਾ ਜਾਊਂ ਤੇਰੇ ਬਗੈਰ….ਮੈਨੂੰ ਤੂੰ ਮਿਲ ਗਈ ਸਭ ਕੁੱਝ ਮਿਲ ਗਿਆ|”ਦੀਪੇ ਨੇ ਉਸਨੂੰ ਲਾਡ ਨਾਲ ਕਿਹਾ|
“ਮੈਨੂੰ ਪਤਾ ਮੈਂ ਮਜਾਕ ਕਰਦੀ ਸੀ ….ਇਹ ਤੁਸੀ ਸੋਚੋ ਕੀ ਕਰਨਾ ਮੈਨੂੰ ਪਤਾ ਤੁਸੀਂ ਜੋ ਵੀ ਕਰੋਗੇ ਸਹੀ ਕਰੋੰਂਗੇ|”ਮਨਜੀਤ ਨੇ ਕਿਹਾ|
“ਮਨਜੀਤ ਊਂ ਗੱਲ ਏ ਇੱਕ ਤੂੰ ਇਸ ਗੱਲ ਨੂੰ ਹੋਰ ਤਰੀਕੇ ਨਾਲ ਸਮਝਿਆ ਜੇ ਤੂੰ ਨਾ ਹੁੰਦੀ ਮੈਂ ਜਾ ਕੇ ਸਿਮਰ ਦੀ ਗੁੱਤ ਫੜਕੇ ਦੋ ਧਰਨੀਆ ਸੀ ਉਹਦੀ ਗਿੱਚੀ ‘ਚ…..ਪੜ੍ਹੇ ਲਿਖੇ ਹੋਣ ਦਾ ਇਹੀ ਤਾਂ ਫਾਇਦਾ ਏ|ਤੂੰ ਤਾਂ ਮੈਨੂੰ ਵੀ ਪੜ੍ਹਾ ਦਿੱਤਾ|”ਦੀਪੇ ਨੇ ਮਨਜੀਤ ਦੇ ਦੋਵੇਂ ਹੱਥ ਫੜ੍ਹਕੇ ਕਿਹਾ|
ਦੀਪੇ ਨੇ ਫੁਰਤੀ ਨਾਲ ਸਾਰੇ ਦਿਨ ਦਾ ਕੰਮ ਨਿਬੇੜ ਕੇ ਦੁਪਹਿਰ ਨੂੰ ਵਿਹੜੇ ‘ਚ ਮੰਜਾ ਜਾ ਡਾਹਿਆ|ਉਹਨੂੰ ਪਤਾ ਸੀ ਹੁਣ ਸਿਮਰ ਆਉਣ ਵਾਲੀ ਏ|ਸਿਮਰ ਜਦੋਂ ਆਈ ਤਾਂ ਦੀਪੇ ਨੂੰ ਵਿਹੜੇ ‘ਚ ਲੰਬਾ ਪਿਆ ਦੇਖਕੇ ਇੱਕ ਵਾਰੀ ਉਹ ਘਬਰਾ ਜਿਹੀ ਗਈ|”ਸਿਮਰ ਚਾਹ ਬਣਾਈ ਵਧੀਆ ਜਿਹੀ ਮੈਂ ਖਾਣ ਨੂੰ ਲਿਆਉਂਦਾ ਕੁੱਝ ਤੈਨੂੰ ਵੀ ਭੁੱਖ ਲੱਗੀ ਹੋਣੀ”ਜਦੋਂ ਸਿਮਰ ਉਹਦੇ ਮੰਜੇ ਕੋਲੋਂ ਦੀ ਲੰਘਣ ਲੱਗੀ ਤਾਂ ਉਹਨੇ ਕਿਹਾ ਤੇ ਉੱਠ ਕੇ ਬਾਹਰ ਨੂੰ ਤੁਰ ਗਿਆ|ਪਤਾ ਨਹੀ ਕਿਉਂ ਸਿਮਰ ਦੀਆਂ ਲੱਤਾਂ ਕੰਬਣ ਲੱਗ ਪਈਆਂ|ਰਾਤੀ ਵਿਆਹ ਤੇ ਜਾਣ ਨੂੰ ਲੈ ਕੇ ਬੜਾ ਕਲੇਸ਼ ਹੋਇਆ ਸੀ ਉਹਦੀ ਮੰਮੀ ਤਾਂ ਉਹਨੂੰ ਲਿਜਾਣਾ ਚਾਹੁੰਦੀ ਸੀ ਪਰ ਡੈਡੀ ਨਹੀ ਮੰਨਿਆ | ਆਖਿਰ ਉਹਦਾ ਵੀ ਤਾਂ ਜੀਅ ਕਰਦਾ ਹੱਸਣ ਖੇਡਣ ਬਾਹਰਲੀ ਦੁਨੀਆ ਦੇਖਣ ਨੂੰ|ਉਹ ਰੋਂਦੀ ਕੁਰਲਾਉਦੀ ਰਹੀ ਸਾਰੀ ਰਾਤ |ਉਹਨੇ ਰੋਂਦੀ ਰੋਂਦੀ ਨੇ ਉਹ ਚਿੱਠੀ ਲਿਖੀ ਕਿਉਕਿ ਉਹ ਇਸ ਨਰਕ ਵਰਗੀ ਜਿੰਦਗੀ ਤੋਂ ਦੂਰ ਜਾਣਾ ਚਾਹੁੰਦੀ ਸੀ|ਪਰ ਹੁਣ ਜਿਵੇਂ ਉਹਨੂੰ ਡਰ ਲੱਗ ਰਿਹਾ ਸੀ ਕਿਤੇ ਉਹ ਕੁੱਝ ਗਲਤ ਤਾਂ ਨਹੀ ਕਰ ਰਹੀ|ਉਹ ਕੱਪੜੇ ਬਦਲ ਕੇ ਚਾਹ ਬਣਾਉਣ ਲੱਗ ਪਈ|
“ਸਿਮਰ ਬਾਹਰ ਹੀ ਲਿਆ ਚਾਹ”ਬਾਹਰੋਂ ਦੀਪੇ ਨੇ ਆਵਾਜ ਮਾਰੀ|ਉਹ ਦੋ ਗਿਲਾਸਾਂ ‘ਚ ਚਾਹ ਪਾ ਲਿਆਈ|
“ਜਾਹ ਆਹ ਵੀ ਪਾ ਲਿਆ ਪਲੇਟਾਂ ‘ਚ”ਉਹਨੇ ਲਿਫਾਫਾ ਫੜਾਉਂਦਿਆਂ ਕਿਹਾ|
ਉਹਨੇ ਅੰਦਰ ਜਾ ਕੇ ਦੇਖਿਆ ਉਹਦੀ ਪਸੰਦ ਦੀਆਂ ਗੁਲਾਬ ਜਾਮਣਾ ਤੇ ਗੋਭੀ ਦੇ ਪਕੌੜੇ ਸੀ|ਉਹ ਇੱਕੋ ਪਲੇਟ ‘ਚ ਪਾ ਲਿਆਈ|ਲਿਆ ਕੇ ਉਹਦੇ ਅੱਗੇ ਕਰ ਦਿੱਤੀ|ਉਹਨੇ ਵਿੱਚੋਂ ਆਪਣਾ ਹਿੱਸਾ ਚੁੱਕ ਆਪਣੇ ਹੱਥ ਤੇ ਰੱਖ ਕੇ ਬਾਕੀ ਉਹਨੂੰ ਖਾਣ ਲਈ ਕਹਿ ਦਿੱਤਾ|ਉਹ ਉੱਠ ਕੇ ਉਹਦੇ ਲਈ ਕੁਰਸੀ ਲਿਆਇਆ ਉਹ ਬੈਠ ਗਈ|ਉਹਨਾ ਨੇ ਚੁੱਪਚਾਪ ਚਾਹ ਪੀਤੀ |ਉਹ ਨੀਵੀਂ ਪਾਈ ਬੈਠੀ ਰਹੀ|ਦੀਪੇ ਨੂੰ ਵੀ ਸਮਝ ਨਹੀਂ ਆ ਰਹੀ ਸੀ ਕਿ ਗੱਲ ਕਿਵੇਂ ਸ਼ੁਰੂ ਕਰੇ|ਚਾਹ ਖਤਮ ਕਰਕੇ ਦੀਪੇ ਨੇ ਬਰਤਨ ਚੁੱਕ ਲਏ|
“ਨਹੀ ਮੈ ਲੈ ਜਾਂਦੀ ਹਾਂ”ਸਿਮਰ ਨੇ ਉਹਨੂੰ ਰੋਕਿਆ|
“ਸਿਮਰ ਮੈ ਇਸ ਘਰ ਦਾ ਨੌਕਰ ਹਾਂ ,ਪਤਾ ਤੈਨੂੰ?”ਦੀਪੇ ਨੇ ਸਿੱਧਾ ਉਹਦੇ ਵੱਲ ਦੇਖਦਿਆਂ ਕਿਹਾ|ਉਹਦੀਆਂ ਅੱਖਾਂ ਵਿੱਚ ਇੱਕ ਰੋਅਬ ਸੀ|ਉਹਨੇ ਨੀਵੀਂ ਪਾ ਲਈ|ਉਹ ਬਰਤਨ ਰੱਖ ਆਇਆ ਤੇ ਆਕੇ ਫਿਰ ਮੰਜੇ ਤੇ ਹੀ ਬੈਠ ਗਿਆ|ਉਹਨੇ ਆਪਣੇ ਆਪ ਨੂੰ ਕੈੜਾ ਜਿਆ ਕਰਕੇ ਗੱਲ ਤੋਰ ਹੀ ਲਈ|
ਚਲਦਾ
ਦੀਪ ਕਮਲ

Leave a Reply

Your email address will not be published. Required fields are marked *