ਰਿਸ਼ਤੇਦਾਰ ਮੈਨੂੰ ਅਕਸਰ ਹੀ ਹਿਸਾਬਣ ਆਖ ਸੱਦਿਆ ਕਰਦੇ.ਗੱਲ ਗੱਲ ਤੇ ਕਾਪੀ ਪੈਨਸਿਲ ਕੱਢ ਹਿੱਸਾਬ ਕਰਨ ਲੱਗ ਜਾਇਆ ਕਰਦੀ ਸਾਂ ਸ਼ਾਇਦ ਇਸੇ ਲਈ ਹੀ!
ਗੁੜਗਾਓਂ ਨਵਾਂ-ਨਵਾਂ ਕੰਮ ਸ਼ੁਰੂ ਕੀਤਾ ਤਾਂ ਕਿਸੇ ਦੀ ਸਿਫਾਰਿਸ਼ ਤੇ ਚੜ੍ਹਦੀ ਉਮਰ ਦੋ ਮੁੰਡੇ ਕੰਮ ਤੇ ਰੱਖ ਲਏ..!
ਬਾਪ ਚੁਰਾਸੀ ਵੇਲੇ ਆਟੋ ਰਿਕਸ਼ੇ ਸਣੇ ਖਤਮ ਕਰ ਦਿੱਤਾ ਸੀ ਤੇ ਮਾਂ ਦੋਹਾਂ ਨੂੰ ਦਾਦੀ ਦੇ ਹਵਾਲੇ ਕਰ ਕਿਸੇ ਹੋਰ ਥਾਂ ਬੈਠ ਗਈ!
ਨਿੱਕੇ ਵੱਲ ਤੱਕਿਆ ਕਰਦੀ ਤਾਂ ਅੱਖਾਂ ਭਰ ਆਉਂਦੀਆਂ..ਉਹ ਅਕਸਰ ਹੀ ਵੱਡੇ ਭਰਾ ਦੀ ਕਮੀਜ ਫੜ ਸਵਾਲੀਆਂ ਨਜਰਾਂ ਨਾਲ ਮੇਰੇ ਵੱਲ ਤੱਕੀ ਜਾਇਆ ਕਰਦਾ..ਸੋਚਦੀ ਵਖਤਾਂ ਮਾਰਿਆਂ ਦੀ ਮਾਂ ਇੰਝ ਨਹੀਂ ਸੀ ਗਵਾਚਣੀ ਚਾਹੀਦੀ..!
ਕਈ ਵਾਰ ਕੁਵੇਲਾ ਹੋ ਜਾਂਦਾ ਤਾਂ ਸਾਡੇ ਕੋਲ ਹੀ ਬਾਹਰ ਬਣੇ ਕਵਾਟਰ ਵਿਚ ਸੌਂ ਜਾਇਆ ਕਰਦੇ..!
ਛੇ ਕੂ ਸਾਲ ਹੋ ਗਏ..ਨਿੱਕਾ ਵੱਡੇ ਨਾਲੋਂ ਵਾਹਵਾ ਕਦ ਕੱਢ ਗਿਆ..ਇੱਕ ਦਿਨ ਸਰਦਾਰ ਜੀ ਕਾਹਲੀ ਨਾਲ ਆਏ ਤੇ ਆਖਣ ਲੱਗੇ..ਦੋਵੇਂ ਆਖਦੇ ਨੇ ਕੇ ਸਾਡਾ ਹਿਸਾਬ ਕਰ ਦੇਵੋ..!
ਹੈਰਾਨ ਹੋਈ ਨੇ ਦੋਵੇਂ ਓਸੇ ਵੇਲੇ ਕੋਲ ਸੱਦ ਲਏ..ਪਹਿਲਾਂ ਤਾਂ ਅੱਖਾਂ ਹੀ ਨਾ ਮਿਲਾਉਣ..ਫੇਰ ਵਜਾ ਪੁੱਛੀ ਤਾਂ ਨਿੱਕਾ ਬੋਲ ਪਿਆ..”ਸਰਦਾਰ ਹੁਰੀਂ ਸਾਨੂੰ ਅੱਜ ਬਹੁਤ ਗੁਸੇ ਹੋਏ..ਉਹ ਵੀ ਸਭ ਦੇ ਸਾਮਣੇ..ਹੁਣ ਸਾਡਾ ਜੀ ਨਹੀਂ ਕਰਦਾ ਇਥੇ ਕੰਮ ਕਰਨ ਨੂੰ”
ਆਂਦਰਾਂ ਨੂੰ ਖਿੱਚ ਜਿਹੀ ਪੈ ਗਈ..ਫੇਰ ਵੀ ਬਾਹਰੀ ਹਾਵ-ਭਾਵ ਕਾਬੂ ਵਿਚ ਰੱਖਦੀ ਹੋਈ ਨੇ ਗੱਲ ਪੁੱਛ ਲਈ..”ਕਿੰਨਾ ਚਿਰ ਹੋ ਗਿਆ ਦੋਹਾਂ ਨੂੰ ਇਥੇ ਕੰਮ ਕਰਦਿਆਂ”?..ਆਖਣ ਲੱਗੇ “ਜੀ ਤਕਰੀਬਨ ਛੇ ਸਾਲ..”
ਫੇਰ ਅਗਲਾ ਸੁਆਲ ਕੀਤਾ ਕੇ ਇਹਨਾਂ ਛੇ ਵਰ੍ਹਿਆਂ ਵਿਚ ਦਸਿਓ ਖਾਂ ਭਲਾ ਕਿੰਨੀ ਕੂ ਵਾਰੀ ਝਿੜਕ ਮਾਰੀ ਸਰਦਾਰ ਹੁਰਾਂ?
ਕੁਝ ਸੋਚਣ ਮਗਰੋਂ ਆਖਣ ਲੱਗੇ “ਜੀ ਪੰਜ-ਛੇ ਵਾਰੀ ਤੇ ਜਰੂਰ ਝਿੜਕਿਆ ਹੀ ਹੋਣਾ..ਇੱਕ ਵਾਰੀ ਤੇ ਚਪੇੜ ਵੀ ਕੱਢ ਮਾਰੀ ਸੀ..ਚੇਤਾ ਏ..!
ਮੈਂ ਕੋਲ ਪਿਆ ਕੈਲਕੁਲੇਟਰ ਚੁੱਕ ਲਿਆ ਤੇ ਹਿਸਾਬ ਸ਼ੁਰੂ ਕਰ ਦਿੱਤਾ..!
ਫੇਰ ਆਖਣਾ ਸ਼ੁਰੂ ਕੀਤਾ ਕੇ ਪੁੱਤਰੋ ਛੇ ਵਰ੍ਹਿਆਂ ਵਿਚ ਪੂਰੇ 2190 ਦਿਨ ਹੁੰਦੇ ਨੇ ਤੇ ਇਹਨਾਂ ਸਾਰੇ ਦਿਨਾਂ ਵਿਚੋਂ ਜੇ ਝਿੜਕਾਂ ਵਾਲੇ ਉਹ 6 ਦਿਨ ਘਟਾ ਦਿੱਤੇ ਜਾਣ ਤਾਂ ਬਾਕੀ ਬਚਦੇ ਨੇ ਪੂਰੇ 2184 ਦਿਨ..ਇਹਨਾਂ 2184 ਦਿਨਾਂ ਵਿਚ ਤੁਹਾਨੂੰ ਇਸ ਘਰੋਂ ਜਿੰਨਾ ਵੀ ਲਾਡ ਪਿਆਰ ਮਿਲਿਆ..ਉਹ ਮੋੜਦੇ ਜਾਵੋ ਤੇ ਥੋਨੂੰ ਜਾਣ ਦੀ ਪੂਰੀ ਖੁੱਲ ਏ..!
ਦੋਹਾਂ ਨੀਵੀਆਂ ਪਾ ਲਈਆਂ..ਮੁਹੱਬਤ ਨਾਲ ਭਿੱਜਿਆ ਤੀਰ ਸ਼ਾਇਦ ਆਪਣਾ ਕੰਮ ਕਰ ਗਿਆ ਸੀ..ਤੇ ਨਾਲ ਹੀ ਕੰਮ ਕਰ ਗਿਆ ਸੀ ਕੈਲਕੁਲੇਟਰ ਤੇ ਕੀਤਾ ਇੱਕ ਹਿਸਾਬਣ ਦਾ ਹਿਸਾਬ..!
ਅੱਜ ਪੂਰੇ ਪੰਦਰਾਂ ਵਰੇ ਹੋ ਗਏ..ਦੋਵੇਂ ਇਥੇ ਹੀ ਕੰਮ ਕਰਦੇ ਨੇ..ਨੌਕਰ ਬਣ ਕੇ ਨਹੀਂ ਸਗੋਂ ਮਾਲਕ ਦੇ ਬਰੋਬਰ ਬੈਠ ਕੇ..!
ਪਿਆਰ ਮੁਹੱਬਤ ਵਾਲੀ ਖਾਦ ਨਾਲ ਪਾਲਿਆ ਇਤਬਾਰ ਵਾਲਾ ਇੱਕ ਬੂਟਾ ਜਦੋਂ ਜਵਾਨ ਹੁੰਦਾ ਤਾਂ ਵਾਕਿਆ ਹੀ ਬੜੀ ਗੂੜੀ ਛਾਂ ਦਿੰਦਾ!
ਹਰਪ੍ਰੀਤ ਸਿੰਘ ਜਵੰਦਾ