ਪਤਨੀ ਹਰਜੀਤ ਕੌਰ ਦੀ ਆਵਾਜ਼ ਸੁਣ ਕੇ ਸਰਦਾਰ ਕੁਲਜੀਤ ਸਿੰਘ ਮੰਜੀ ਦੀ ਬਾਹੀ ਫੜ੍ਹਕੇ ਮਸਾਂ ਉਠਿਆ,”ਸਰਦਾਰ ਜੀ ਬਾਹਰ ਪੰਚਾਇਤ ਵਾਲੇ ਆਏ ਨੇ”…ਬਾਹਰ ਵਿਹੜੇ ਚ ਦੋਵੇਂ ਪੁੱਤਰ ਪੰਚਾਇਤ ਨਾਲ ਆਪਣੇ ਬਾਪ ਦੀ ਜਾਇਦਾਦ ਵੰਡਣ ਲਈ ਬੈਠੇ ਸਨ!!ਇੱਧਰ ਕੁਲਜੀਤ ਸਿੰਘ ਬੜੀ ਗੰਭੀਰਤਾ ਨਾਲ ਆਪਣੇ ਅਤੀਤ ਚ ਗਵਾਚਿਆ ਇਹ ਮਹਿਸੂਸ ਕਰ ਰਿਹਾ ਸੀ ਕਿ ਜ਼ਿੰਦਗੀ ਚ ਅੱਖਾਂ ਸਾਹਮਣੇ ਦੇਖੇ ਦ੍ਰਿਸ਼ਾਂ ਦੀ ਅਸਲੀਅਤ ਕਈ ਵਾਰ ਉਮਰਾਂ ਗੁਆ ਕੇ ਸਮਝ ਆਓਂਦੀ ਹੈ!!ਯਾਦ ਕਰ ਰਿਹਾ ਸੀ ਜਦੋਂ ਕਾਲਜ ਪੜ੍ਹਦੇ ਸਮੇਂ 1983 ਵਿੱਚ ਰਾਜੇਸ਼ ਖੰਨਾ ਦੀ ਨਵੀਂ ਫਿਲਮ “ਅਵਤਾਰ” ਆਈ ਸੀ ਤਾਂ ਉਹ ਆਪਣੇ ਦੋਸਤਾਂ ਨਾਲ ਕਾਲਜ ਤੋਂ ਇਹ ਫ਼ਿਲਮ ਦੇਖਣ ਗਏ ਸਨ!!
ਪਹਿਲਾ ਹਿੱਸਾ
ਫਿਲਮ ਚ ਮੁਖ ਕਿਰਦਾਰ ਰਾਜੇਸ਼ ਖੰਨਾ(ਅਵਤਾਰ) ਇੱਕ ਕਾਰ ਮਕੈਨਿਕ ਦੇ ਰੋਲ ਚ ਸੀ!!ਉਸਦੇ ਦੋ ਬੇਟੇ ਅਤੇ ਪਤਨੀ ਰਾਧਾ(ਸ਼ਬਾਨਾ ਆਜ਼ਮੀ) ਨੇ ਬੜੀ ਭਾਵੁਕਤਾ ਭਰਪੂਰ ਰੋਲ ਇਸ ਫਿਲਮ ਚ ਕੀਤੇ ਸਨ!!ਜਵਾਨੀ ਦਾ ਦੌਰ ਹੋਣ ਕਾਰਨ ਕੁਲਜੀਤ ਤੇ ਉਸਦੇ ਦੋਸਤਾਂ ਨੂੰ ਇਹ ਫਿਲਮ ਮਹਿਜ਼ ਮਨੋਰੰਜਨ ਹੀ ਲੱਗੀ ਅਤੇ ਫ਼ਿਲਮ ਦਾ ਸਾਰੰਸ਼ ਸਮਝਣ ਦੀ ਸਮਝ ਉਸ ਉਮਰ ਚ ਹੁੰਦੀ ਵੀ ਨਹੀਂ!!ਫਿਲਮ ਦੀ ਕਹਾਣੀ ਕੁਝ ਇਸ ਤਰ੍ਹਾਂ ਸੀ ਕਿ….ਅਵਤਾਰ ਕਿਸ਼ਨ ਦੇ ਦੋਵੇਂ ਬੇਟੇ ਜਦੋਂ ਪੜ੍ਹਦੇ ਸਨ ਤਾਂ ਉਸਨੇ ਆਪਣੇ ਪਿਆਰੇ ਰਿਸ਼ਤਿਆਂ ਦੇ ਪਿਆਰ ਚ ਆਪਣਾ ਸਭ ਕੁਝ ਦਾਅ ਤੇ ਲਗਾ ਕੇ ਬੱਚਿਆਂ ਨੂੰ ਕਾਮਯਾਬ ਕੀਤਾ!!ਇਸੇ ਦੌਰਾਨ ਅਵਤਾਰ ਕਿਸ਼ਨ ਦੀ ਕਾਰ ਮੁਰੰਮਤ ਕਰਦਿਆਂ ਬਾਂਹ ਗੱਡੀ ਦੇ ਇੰਝਣ ਚ ਆ ਗਈ ਤੇ ਉਹ ਇੱਕ ਹੱਥ ਤੋਂ ਅਪਾਹਜ ਹੋ ਗਿਆ!!ਬਸ ਇਥੋਂ ਹੀ ਉਸਦੇ ਬੁਰੇ ਦਿਨ ਸ਼ੁਰੂ ਹੋ ਗਏ!!ਦੋਵੇਂ ਪੁੱਤਰ ਇੱਕ ਇੱਕ ਕਰਕੇ ਬਾਪ ਦਾ ਸਾਥ ਛੱਡ ਗਏ ਤੇ ਉਸ ਦੁਆਰਾ ਬਣਾਈ ਜਾਇਦਾਦ ਤੇ ਕਬਜ਼ਾ ਕਰ ਗਏ!!ਕੇਵਲ ਇੱਕ ਨੌਕਰ ਜੋ ਉਸਨੇ ਬੱਚਿਆਂ ਵਾਂਙ ਪਾਲਿਆ ਸੀ,ਨਾਲ ਸਾਥ ਨਿਭਾਉਂਦਾ ਰਿਹਾ!!ਕਹਿੰਦੇ ਹਨ ਕਿ ਜ਼ਿੰਦਗੀ ਚ ਸਭ ਕੁਝ ਖੋ ਜਾਵੇ ਤਾਂ ਵੀ ਆਪਣੀ ਹਿੰਮਤ ਨਹੀਂ ਹਾਰਨੀ ਚਾਹੀਦੀ!!ਬਾਹਰ ਦੀ ਕਮਜ਼ੋਰੀ ਅੰਦਰੋਂ ਮਜ਼ਬੂਤ ਇਨਸਾਨ ਨੂੰ ਡੇਗ ਨਹੀਂ ਸਕਦੀ!!ਅਜਿਹਾ ਹੀ ਕੁਝ ਅਵਤਾਰ ਕਿਸ਼ਨ ਦੀ ਜ਼ਿੰਦਗੀ ਚ ਬੀਤਿਆ!!
ਦੂਜਾ ਹਿੱਸਾ
ਹਿੰਮਤ ਕਰਕੇ ਅਵਤਾਰ ਨੇ ਆਪਣਾ ਕਾਰੋਬਾਰ ਨਵੇਂ ਸਿਰਿਓਂ ਸੈੱਟ ਕੀਤਾ!!ਕਾਰੋਬਾਰ ਇੰਨਾ ਵਧੀਆ ਚਲਿਆ ਕਿ ਉਸਦੇ ਦੋਵੇਂ ਬੇਟੇ ਜੋ ਕਦੇ ਮਾੜੇ ਦਿਨਾਂ ਚ ਬਾਪ ਨੂੰ ਠੋਕਰ ਮਾਰ ਗਏ ਸਨ,ਵਾਰੀ ਵਾਰੀ ਓਸੇ ਬਾਪ ਦੇ ਪੈਰਾਂ ਤੇ ਆਕੇ ਗਿੜਗਿੜਾਏ!!ਪਰ ਪੁਰਾਣੇ ਛਲਕਦੇ ਜ਼ਖਮਾਂ ਦੇ ਚਲਦਿਆਂ ਅਵਤਾਰ ਨੇ ਆਪਣੇ ਬੇਟਿਆਂ ਨੂੰ ਅਪਨਾਉਣ ਤੋਂ ਇਨਕਾਰ ਕਰ ਦਿੱਤਾ!!ਬੰਦਾ ਦੁਨੀਆਂ ਜਿੱਤ ਲੈਂਦਾ ਹੈ ਪਰ ਮਮਤਾ ਤੇ ਔਲਾਦ ਉਸਨੂੰ ਕਈ “ਦਾਵਾਂ” ਨਾਲ ਢਾਹ ਲਾਉਣ ਚ ਕਾਮਯਾਬ ਹੋ ਜਾਂਦੇ ਹਨ!!ਪਤਨੀ ਰਾਧਾ ਨੇ ਬੱਚਿਆਂ ਨੂੰ ਮਾਫ਼ ਕਰਨ ਤੇ ਜ਼ੋਰ ਦਿੱਤਾ!!ਨਾ ਚਾਹੁੰਦਿਆਂ ਅਤੇ ਰਾਧਾ ਦੁਆਰਾ ਬੁਰੇ ਵਕਤ ਚ ਦਿੱਤੇ ਸਾਥ ਨੂੰ ਮੁੱਖ ਰੱਖਦਿਆਂ ਅਵਤਾਰ ਨੇ ਬੱਚਿਆਂ ਨੂੰ ਦੁਬਾਰਾ ਜ਼ਮੀਨ ਤੋਂ ਉੱਠ ਕੇ ਬਣਾਏ ਘਰ ਚ ਸ਼ਰਨ ਦਿੱਤੀ…ਪਰ ਦਿਲ ਨਾ ਦੇ ਸਕਿਆ!!ਅਖ਼ੀਰ ਜਾਂਦੇ ਹੋਏ ਆਪਣੀ ਸਭ ਜਾਇਦਾਦ ਉਸ ਵਫ਼ਾਦਾਰ ਨੌਕਰ ਦੇ ਨਾਮ ਕਰ ਦਿੱਤੀ!!………..
ਬਾਹਰ ਪੰਚਾਇਤ ਵਾਲੇ ਬਾਰ ਬਾਰ ਸਰਦਾਰ ਕੁਲਜੀਤ ਸਿੰਘ ਨੂੰ ਬੁਲਾ ਰਹੇ ਸਨ!!ਆਪਣੇ ਦੋਹਾਂ ਪੁੱਤਰਾਂ ਦੀ ਜ਼ਿਦ,ਪੰਚਾਇਤ ਦਾ ਝੁਕਾ ਅਤੇ ਬੱਚਿਆਂ ਦੀ ਮਾਂ ਦੀ ਮਮਤਾ ਅੱਗੇ ਸਰਦਾਰ ਨੇ ਜ਼ਮੀਨ ਜਾਇਦਾਦ ਤਾਂ ਉਹਨਾਂ ਚ ਵੰਡ ਦਿੱਤੀ ਪਰ ਆਪਣੀ ਜ਼ਿੰਦਗੀ ਚ ਕਮਾਏ ਧਨ ਦਾ ਜੋ ਬੈਂਕ ਬੈਲੇਂਸ ਉਸ ਰੱਖਿਆ ਸੀ;ਦੱਸਣ ਤੇ ਵੰਡਣ ਤੋਂ ਸਰਦਾਰ ਨੇ ਇਨਕਾਰ ਕਰ ਦਿੱਤਾ!!ਉਸ ਦੀ ਦਲੀਲ ਅੱਗੇ ਕਿਸੇ ਦੀ ਪੇਸ਼ ਨਾ ਗਈ!!ਇੰਨਾ ਕੁਝ ਹੱਥੋਂ ਤਿਲਕ ਜਾਣ ਦੇ ਬਾਵਜੂਦ ਵੀ ਕੁਲਜੀਤ ਸਿੰਘ ਨੂੰ ਅੱਜ ਲੱਗ ਰਿਹਾ ਸੀ ਕਿ
ਜਵਾਨੀ ਦੇ ਦਿਨਾਂ ਚ ਮਨੋਰੰਜਨ ਖ਼ਾਤਿਰ ਦੇਖੀ ਫਿਲਮ “ਅਵਤਾਰ” ਦਾ ਸਾਰੰਸ਼ ਉਸਨੂੰ ਅੱਜ ਸਮਝ ਪਿਆ ਸੀ…
ਦੋਸਤੋ;ਫ਼ਿਲਮ ਦੇ ਬ੍ਰਿਤਾਂਤ ਨੂੰ ਦੋ ਹਿੱਸਿਆਂ ਚ ਵਰਨਣ ਕਰਨ ਦਾ ਮਤਲਬ ਇਹ ਸੀ ਕਿ ਇਸਦਾ ਪਹਿਲਾ ਹਿੱਸਾ ਅੱਜ ਬਹੁਤ ਘਰਾਂ ਚ ਦੁਹਰਾਇਆ ਜਾ ਰਿਹਾ ਹੈ ਤੇ ਦੂਜਾ….ਦੂਜਾ ਸ਼ਾਇਦ ਕੇਵਲ ਫ਼ਿਲਮਾਂ ਵਿੱਚ ਹੀ ਸੰਭਵ ਹੁੰਦਾ ਹੈ!!ਕਿਓਂਕਿ ਜਿਸ ਤਰ੍ਹਾਂ ਅੱਜ ਚੰਗੇ ਭਲੇ ਜਾਇਦਾਦਾਂ ਦੇ ਮਾਲਿਕ ਆਪਣੀ ਔਲਾਦ ਦੀ ਬੇਰੁਖੀ ਦਾ ਸ਼ਿਕਾਰ ਹੋ ਰਹੇ ਹਨ….ਉਹਨਾਂ ਅੰਦਰ ਜ਼ਿੰਦਗੀ ਦੇ ਪਹੀਆਂ ਨੂੰ ਦੋਬਾਰਾ ਲੀਹ ਤੇ ਲਿਆਉਣਾ ਲੱਗਭਗ ਨਾ ਮੁਮਕਿਨ ਹੁੰਦਾ ਹੈ!!ਹਾਲਾਂਕਿ ਅਜਿਹੇ ਬਦਲਦੇ ਹਾਲਾਤਾਂ ਨੂੰ ਮੁਖ ਰੱਖਦੇ ਹੋਏ ਸਰਕਾਰ ਨੇ ਮਾਪਿਆਂ ਦੇ ਹੱਕ ਚ ਵਧੀਆ ਕਾਨੂੰਨ ਬਣਾਏ ਹਨ ਪਰ ਫ਼ੇਰ ਵੀ ਘਰ ਦੇ ਲਿਵਿੰਗ ਰੂਮ ਚ ਔਲਾਦ ਨਾਲ ਚੱਲਦੇ ਜ਼ਿੰਦਗੀ ਦੇ ਫ਼ਿਲਮ ਰੂਪੀ ਨਾਕਾਰਾਤਮਿਕ ਦ੍ਰਿਸ਼ਾਂ ਨੂੰ “ਦੁਖੀ” ਹੋ ਚੁਕੇ ਮਾਪੇ ਵੀ ਚਾਰਦੀਵਾਰੀ ਤੋਂ ਬਾਹਰ ਕੱਢਣ ਤੋਂ ਪਹਿਲਾਂ ਲੱਖਾਂ ਵਾਰ ਸੋਚਦੇ ਹਨ!!ਤੇ ਜਦੋਂ ਅਖ਼ੀਰ ਚ ਮਜ਼ਬੂਰੀ ਵੱਸ,ਆਪਣੇ ਹੀ ਬੱਚਿਆਂ ਦੇ ਨਾਮ ਕੀਤੀਆਂ ਜਾਇਦਾਦਾਂ ਨੂੰ ਵਾਪਿਸ ਮੰਗਣ ਲਈ ਕਾਨੂੰਨ ਦੇ ਰਖਵਾਲਿਆਂ ਕੋਲ ਜਾਣਾ ਪੈਂਦਾ ਹੈ ਤਾਂ ਮਾਪਿਆਂ ਲਈ ਇਹ ਸਮਾਂ ਕਿਸੇ “ਨਰਕ” ਤੋਂ ਘੱਟ ਨਹੀਂ ਹੁੰਦਾ!!
ਭਾਵੇਂ ਇਹ ਸਭ ਕੁਝ ਸਮੇਂ ਦੀ ਤਬਦੀਲੀ,ਪਦਾਰਥਵਾਦੀ ਸੋਚ,ਪ੍ਰੀਵਾਰਿਕ ਆਜ਼ਾਦੀ ਤੇ ਦੂਜਿਆਂ ਪ੍ਰਤੀ ਗ਼ੈਰਜ਼ਿੰਮੇਦਾਰਾਨਾ ਵਿਵਹਾਰ ਦੀ ਉਪਜ ਹੈ ਤੇ ਇਸ ਵਿੱਚ ਕਿਸੇ ਵੀ ਇੱਕ ਤੱਥ ਨੂੰ ਪੂਰਨ ਤੌਰ ਜ਼ਿੰਮੇਵਾਰ ਨਹੀਂ ਕਿਹਾ ਜਾ ਸਕਦਾ….ਪਰ ਆਲੇ ਦੁਆਲੇ ਵਾਪਰਦੀਆਂ ਇਹ ਘਟਨਾਵਾਂ ਸਾਨੂੰ ਜ਼ਿੰਦਗੀ ਦੇ ਫ਼ੈਸਲੇ ਕਰਨ ਲੱਗਿਆਂ”ਭਾਵਨਾਵਾਂ” ਨਾਲੋਂ ਤਰਕ ਨੂੰ ਪਹਿਲ ਦੇਣ ਲਈ ਜਰੂਰ ਪ੍ਰੇਰਦੀਆਂ ਹਨ!!ਅੱਜ ਸਮਾਜ ਅੰਦਰ ਅਜਿਹੇ ਹਾਲਾਤਾਂ ਦੇ ਸ਼ਿਕਾਰ ਅਨੇਕਾਂ ਮਾਪੇ,ਆਪਣੇ ਦਿਲਾਂ ਦੇ “ਢੱਕੇ ਹੋਏ ਜ਼ਖਮ” ਦੂਜਿਆਂ ਨਾਲ ਸਾਂਝੇ ਕਰਨ ਤੋਂ ਝਿਜਕਦੇ ਹੀ ਜ਼ਿੰਦਗੀ ਦੇ ਅਗਲੇ ਪੈਂਡੇ ਪੈ ਜਾਂਦੇ ਹਨ!!
ਇੰਜੀ ਪ੍ਰੇਮ ਸਿੰਘ ਕਲੇਰ
9646113251