ਜਦੋਂ ਅਕਾਸ਼ਵਾਣੀ ਤੋਂ ਦਿਨ ਢਲੇ ਠੰਡੂ ਰਾਮ ਹੁਰਾਂ ਦੀ ਜੁਗਲਬੰਦੀ ਦੇ ਸਿਲਸਿਲੇ ’ਚ ਰੇਡੀਓ ਤੇ ‘ਤੇਰੀ ਕਣਕ ਦੀ ਰਾਖੀ ਮੁੰਡਿਆ’…….ਗੀਤ ਵੱਜਦਾ ਹੁੰਦਾ ਸੀ ਤਾਂ ਵਿਹੜੇ ’ਚ ਨਵੀਂ ਫਸਲ ਦੀ ਆਮਦ ਦੇ ਚਾਅ ’ਚ ਘਰ ਦੇ ਨਿੱਕੇ-ਮੋਟੇ ਆਹਰ ’ਚ ਜੁਟੀ ਸੁਆਣੀ ਦੇ ਚਿਹਰੇ ’ਤੇ ਨਿਖਾਰ ਆ ਜਾਂਦਾ ਸੀ। ਨਵੇਂ ਦਾਣਿਆਂ ਦਾ ਚਾਅ ਕਿਰਸਾਨੀ ਪਰਿਵਾਰਾਂ ਦੇ ਨਾਲ-ਨਾਲ ਪਿੰਡਾਂ ’ਚ ਹੋਰਨਾਂ ਕਿੱਤਿਆਂ ਨਾਲ ਜੁੜੇ ਲੋਕਾਂ ਦਾ ਵੀ ਸਾਂਭਿਆ ਨਹੀਂ ਸੀ ਜਾਂਦਾ।
ਤਾਰਿਆਂ ਦੀ ਲੋਏ ਗ੍ਰੰਥੀ ਹਜ਼ਾਰਾ ਸਿੰਹੁ ਦੀ ਨਿੰਮੀ-ਨਿੰਮੀ ਮੰਤਰ-ਮੁਗਧ ਕਰਦੀ ਅਵਾਜ਼ ’ਚ ਪਹੁ ਫੁਟਾਲੇ ਤੋਂ ਪਹਿਲਾਂ ਪਾਲਾਂ ਦੀਆਂ ਪਾਲਾਂ ਗਭਰੂ ਕਾਮੇ ਸੋਨ-ਸੁਨਹਿਰੀ ਭਾਹਾਂ ਮਾਰਦੇ ਖੇਤਾਂ ਵੱਲ ਵਹੀਰਾਂ ਘੱਤਦੇ ਹੁੰਦੇ ਸਨ ਤੇ ਪੱਕੀਆਂ ਕਣਕਾਂ ਵੱਢਣ, ਬੰਨ੍ਹਣ ਤੇ ਗਾਹੁਣ ਦੇ ਆਹਰ ’ਚ ਜੁਟ ਜਾਂਦੇ ਸਨ। ਕਣਕਾਂ ਨੂੰ ਦਾਤਰੀ ਪੈਂਦੀ। ਸਚਿਆਰੇ ਹੱਥ ਜੀਆ-ਜੰਤ ਤੇ ਮਾਲ ਡੰਗਰ ਲਈ ਵਰ੍ਹੇ ਭਰ ਦੇ ਖਾਧ-ਪਦਾਰਥਾਂ ਦੇ ਜੁਗਾੜ ਲਈ ਜੁਟ ਜਾਂਦੇ ਸਨ। ਧਰਤੀ ਮਾਂ ਦੇ ਸੀਨੇ ਤੇ ਉੱਗਿਆ ਰਿਜ਼ਕ ਦਾ ਤੀਲ੍ਹਾ-ਤੀਲ੍ਹਾ ਸਲੀਕੇ ਨਾਲ ਸਾਂਭਿਆ ਜਾਂਦਾ ਸੀ। ਅੱਕਣ-ਥੱਕਣ ਉਨ੍ਹਾਂ ਮਿਹਨਤ ਕਸ਼ਾਂ ਦੇ ਨੇੜੇ-ਤੇੜੇ ਨਹੀਂ ਸੀ ਢੁਕਦਾ। ਪੱਕੀਆਂ ਕਣਕਾਂ ਦੀ ਵਾਢੀ ਕਰਦਿਆਂ ਹਾਸੇ-ਠੱਠੇ ਤੇ ਦੁੱਖ-ਸੁੱਖ ਦੀਆਂ ਗੱਲਾਂ ਹੁੰਦੀਆਂ। ਬੱਬੇਹਾਲੀ ਦੀ ਛਿੰਝ ’ਚ ਘੁਲਦੇ ਭਲਵਾਨਾਂ ਦਾ ਜ਼ਿਕਰ ਹੁੰਦਾ ਤੇ ਕਦੀ ਜੱਗਾ ਜੱਟ, ਜਿਊਣਾ ਮੌੜ ਜਾਂ ਦੁੱਲੇ ਭੱਟੀ ਵਰਗੀਆਂ ਲੋਕ-ਗਥਾਵਾਂ ਵੀ ਛਿੜਦੀਆਂ। ਛੋਹਲੇ ਹੱਥੀਂ ਕੰਮ ਨਬੇੜਦਿਆਂ ਹੁੰਦੀ ਇਹ ਚੁੰਝ-ਚਰਚਾ ਵਿਰਾਸਤੀ ਮਹਿਫ਼ਲ ਹੋ ਨਿੱਬੜਦੀ ਸੀ।
ਕਣਕਾਂ ਅੱਜ ਵੀ ਪੱਕਦੀਆਂ ਨੇ ਪਰ ਉਨ੍ਹਾਂ ਦੀ ਸਾਂਭ-ਸੰਭਾਲ ਲਈ ਪਿੰਡ ਦੀ ਜੀਵਨਸ਼ੈਲੀ ਨੂੰ ਕੋਈ ਫ਼ਰਕ ਨਹੀਂ ਪੈਂਦਾ। ਬਾਗਾਂ ’ਚ ਬਹਾਰਾਂ ਪਹਿਲਾਂ ਵਾਂਗ ਹੀ ਉਤਰਦੀਆਂ ਨੇ। ਅੰਬੀਆਂ ਦੇ ਬੂਟਿਆਂ ਨੂੰ ਬੂਰ ਵੀ ਆਪਣੇ ਵੇਲੇ ਨਾਲ ਪਹਿਲਾਂ ਵਾਂਗ ਹੀ ਪੈਂਦਾ ਤੇ ਕੋਇਲ ਦੀ ਮੱਠੀ-ਮੱਠੀ ਹੂਕ ਵੀ ਉਂਝ ਹੀ ਸੁਣਨ ਨੂੰ ਮਿਲਦੀ ਹੈ। ਕੁਦਰਤ ਤਾਂ ਰੱਤੀ ਭਰ ਵੀ ਨਹੀਂ ਬਦਲੀ। ਪਰ ਅੰਨ-ਦਾਤਾ ਹੁਣ ਪਹਿਲਾਂ ਵਰਗਾ ਨਹੀਂ ਰਿਹਾ। ਹੁਣ ਉਹਦੇ ਘਰ ਦੀ ਤ੍ਰੀਮਤ ਨੂੰ ਪੱਕੀ ਕਣਕ ਦੀ ਰਾਖੀ ਬਹਿਣ ਨਾਲੋਂ ਚੁੱਪ-ਚੁੱਪ ਰਹਿੰਦੇ ਆਪਣੇ ਸਿਰ ਦੇ ਸਾਈਂ ਦੀ ਰਾਖੀ ਦੀ ਬਹੁਤੀ ਚਿੰਤਾ ਰਹਿੰਦੀ ਹੈ ਕਿਉਂਕਿ ਲੋਕ ਗੀਤਾਂ ਵਿਚ ‘ਜੱਟੀ ਪੰਦਰ੍ਹਾਂ ਮੁਰੱਬਿਆਂ ਵਾਲੀ’ ਕਹਾਉਣ ਵਾਲੀ ਦੇ ਉਪਜਾਊ ਖੇਤਾਂ ’ਚ ਪਤਾ ਨਹੀਂ ਕਿੰਝ ਚੁੱਪ-ਚੁਪੀਤੇ ਸਲਫ਼ਾਸ ਉੱਗਣ ਲਗ ਪਈ ਐ। ਘਰ ਦੀ ਸੁਆਣੀ ਨੂੰ ਤਾਂ ਸਮਝ ਹੀ ਨਹੀਂ ਪਈ ਕਿ ਸ਼ਹਿਰ ਦੀ ਮੰਡੀ ’ਚ ਫ਼ਸਲ ਵੇਚਣ ਗਏ ਸਰਦਾਰ ਨੂੰ ਤਾਂ ਉਹ ਚੁੱਲੇ-ਚੌਂਕੇ ਦੇ ਨਿੱਕ-ਸੁੱਕ ਦਾ ਰੁੱਕਾ ਹੀ ਲਿਖ ਕੇ ਦਿੰਦੀ ਰਹੀ ਐ ਫਿਰ ਚਹੁੰ ਜਣਿਆਂ ਦੇ ਮੋਢਿਆਂ ’ਤੇ ਚੜ੍ਹ ਕੇ ਘਰ ਆਏ ਸਰਦਾਰ ਦੇ ਗਲ ਪਾਏ ਕੁੜਤੇ ਦੀ ਵੱਖੀ ਵਾਲੀ ਜੇਬ ਵਿੱਚੋਂ ਸਲਫਾਸ ਦੀ ਖਾਲੀ ਡੱਬੀ ਕਿਥੋਂ ਆ ਗਈ।
ਹੁਣ ਨਹੀਂ ਕੋਈ ਬੰਨਦਾ ਵਿਸਾਖੀ ਵਾਲੇ ਦਿਨ ਘਰ ਦੀਆਂ ਬਰੂਹਾਂ ਤੇ ਨਵੀਂ ਕਣਕ ਦੇ ਸਿੱਟੇ। ਪਿੰਡੋਂ ਬਾਹਰਲੀ ਫਿਰਨੀ ਤੇ ਬੈਂਕ ਦੇ ਕਰਜੇ ਨਾਲ ਬਣੀ ਦੋ ਮੰਜਲੀ ਕੋਠੀ ਦੇ ਅੱਠ – ਅੱਠ ਫੁੱਟ ਉੱਚੇ ਦਰਵਾਜ਼ਿਆਂ ਦੀ ਸਰਦਲ ਬਜੁਰਗ ਦਾਦੀ ਦੀ ਪਹੁੰਚ ਤੋਂ ਕਿਤੇ ਦੂਰ ਹੋ ਗਈ ਹੈ । ਪਿੰਡ ਦੇ ਸਰਕਾਰੀ ਡਿਪੂ ਵਿੱਚ ਦਾਦੀ ਦਾ ਅੰਗੂਠਾ ਲਾ ਕੇ ਮਿਲਦੀ ਮੁਫਤ ਦੇ ਭਾਅ ਕਣਕ ਨੇ ਹੁਣ ਘਰ ਆਏ ਦੀਆਂ ਝੋਲੀਆਂ ਭਰ ਕੇ ਤੋਰਨ ਵਾਲੀ ਦਾਦੀ ਨੂੰ ਲੋੜਵੰਦਾਂ ਦੀ ਪਾਲ ‘ਚ ਜਰੂਰ ਖੜ੍ਹੇ ਕਰਤਾ।
ਇਸ ਖਿੱਤੇ ਦੇ ਮਿਹਨਤੀ ਤੇ ਬਹਾਦਰ ਲੋਕਾਂ ਦੀ ਚਰਚਾ ਤਾਂ ਪੂਰੀ ਦੁਨੀਆਂ ’ਚ ਛਿੜਦੀ ਐ। ਇੰਨ੍ਹਾਂ ਦੇ ਹੀ ਵੱਡੇ ਵਡੇਰਿਆਂ ਨੇ ਕਿਸੇ ਸਮੇਂ ਸਾਂਦਲਬਾਰ, ਗੰਜੀਬਾਰ ਤੇ ਨੀਲੀ ਬਾਰ ਦੇ ਜੰਗਲੀ ਇਲਾਕੇ ਆਬਾਦ ਕੀਤੇ ਸਨ। ਯੂ.ਪੀ. ਦੇ ਕਈ ਜ਼ਿਲ੍ਹਿਆਂ ’ਚ ਉੱਗੀ ਦੱਭ, ਕਾਹੀ ਤੇ ਸਰਕੰਡਿਆਂ ਨੂੰ ਮੁੱਢੋਂ ਪੁੱਟ ਕੇ ਸਦੀਆਂ ਤੋਂ ਪਈ ਬੰਜਰ-ਬੀਆਬਾਨ ਜ਼ਮੀਨ ਨੂੰ ਵਾਹੀਯੋਗ ਬਣਾ ਦਿੱਤਾ ਸੀ। ਵੱਡੀ ਨਹਿਰ ’ਚੋਂ ਨਿਕਲਦੇ ਸੂਏ ਦਾ ਨੱਕਾ ਵੀ ਤਾਂ ਇੰਨ੍ਹਾਂ ਆਪ ਆਪਣੇ ਮੋਢੇ ’ਤੇ ਰੱਖੀ ਕਹੀ ਨਾਲ ਆਪਣੇ ਜਰਖੇਜ਼ ਖੇਤਾਂ ਨੂੰ ਮੋੜਿਆ ਸੀ ਤੇ ਭੁੱਖਮਰੀ ਦਾ ਸ਼ਿਕਾਰ ਰਹਿੰਦੇ ਇਸ ਦੇਸ਼ ਦੇ ਅੰਨ-ਭੰਡਾਰ ਨੱਕੋ-ਨੱਕ ਭਰ ਦਿੱਤੇ ਸਨ।
ਪੰਜਾਂ ਦਰਿਆਵਾਂ ਦਾ ਕਲ-ਕਲ ਕਰਦਾ ਚਾਂਦੀ ਰੰਗਾ ਪਾਣੀ ਤਾਂ ਇੱਥੋਂ ਦੀ ਤਪਸ਼ ਮਾਰੀ ਜ਼ਮੀਨ ਨੂੰ ਸਿੰਜਦਾ ਸੀ , ਪਰ ਰਾਤ ਦੇ ਘੁੱਪ-ਹਨੇਰੇ ’ਚ ਘਰ ਦੇ ਕਿਸੇ ਜੀਅ ਨੂੰ ਚਿੱਤ-ਚੇਤਾ ਵੀ ਨਹੀਂ ਹੁੰਦਾ, ਜਦੋਂ ਪਰਿਵਾਰ ਦਾ ਮੋਢੀ ਗੜੰਮ ਕਰਕੇ ਖੌਰੂ ਪਾਉਂਦੇ ਪਾਣੀ ’ਚ ਛਾਲ ਜਾ ਮਾਰਦਾ ਤਾਂ ਸਮਝ ਨਹੀਂ ਆਉਂਦੀ ਕਿ ਮਰਨ ਵਾਲਾ ਆਪਣੇ ਪਿਛਲਿਆਂ ਤੋਂ ਇੰਨਾ ਨਿਰਮੋਹਾ ਕਿੰਝ ਹੋਣ ਲੱਗ ਪਿਆ। ਆਪਣੇ ਤਾਂ ਦੂਰ ਦੀ ਗੱਲ ਵੈਰੀ-ਦੁਸ਼ਮਣ ਦੇ ਬੱਚੇ ਨੂੰ ਵੀ ਯਤੀਮ ਹੋਇਆਂ ਵੇਖ ਇਹਦਾ ਤਾਂ ਕਾਲਜਾ ਫਟਦਾ ਹੁੰਦਾ ਸੀ।
ਘਰ ਵਿੱਚ ਜਦੋਂ ਤੰਗੀ-ਤੁਰਸ਼ੀ ਆਉਂਦੀ ਹੈ ਤਾਂ ਘਰ ਦੀ ਸੁਆਣੀ ਹਮੇਸ਼ਾਂ ਨਾਲ ਖੜਦੀ ਹੈ ਬੰਦੇ ਦੇ । ਅਜਿਹੇ ਵੇਲੇ ਧੀਆਂ-ਪੁੱਤਰ ਤੇ ਬੁੱਢੇ ਮਾਂ-ਬਾਪ ਘਰ ਦੇ ਮੁਖੀ ਤੋਂ ਕਦੀ ਵੀ ਪਿੱਠ ਨਹੀਂ ਭਵਾਉਂਦੇ। ਵਾਰਾਂ ਗਾਉਂਦੇ ਢਾਡੀ ਕਹਿੰਦੇ ਹੁੰਦੇ ਐ ‘ਇੱਕ ਮੁੱਠ ਛੋਲਿਆਂ ਦੀ, ਖਾ ਕੇ ਤੇਰੇ ਲੰਗਰਾਂ ’ਚੋਂ, ਘੂਰ-ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ’। ਕਣਕਾਂ ਤਾਂ ਉਸ ਵੇਲੇ ਵੀ ਇੰਝ ਹੀ ਪੱਕੀਆਂ ਖੜੀਆਂ ਸਨ, ਜਦੋਂ ਅਨੰਦਪੁਰ ਦੀ ਠੇਰੀ ਤੋਂ ਗੁਰੂ ਕਲਗੀਆਂ ਵਾਲੇ ਨੇ ਨਿਤਾਣੇ ਲੋਕਾਂ ਲਈ ਲੜਣ ਤੇ ਮਰਨ ਦੀ ਨਵੀਂ ਪਿਰਤ ਪਾਈ ਸੀ। ਗੁਰੂਆਂ, ਪੀਰਾਂ, ਦੁੱਲਿਆਂ ਤੇ ਬੁੱਲ੍ਹਿਆਂ ਦੀ ਇਸ ਧਰਤੀ ’ਤੇ ਆਤਮ ਹੱਤਿਆ ਵਰਗੀ ਕਾਇਰਤਾ ਸ਼ੋਭਾ ਨਹੀਂ ਦਿੰਦੀ। ਅਸੀਂ ਤਾਂ ਗੁਰਬਤ ਦੇ ਦਿਨਾਂ ’ਚ ਵੀ ਦਮਾਮੇ ਮਾਰਦੇ ਤੇ ਮੇਲਾ ਲੁੱਟਣ ਵਾਲੇ ਲੋਕ ਹਾਂ।
ਸੰਪਰਕ 9872165707
ਕਹਾਣੀ ਨੂੰ ਮਾਣ ਤਾਣ ਬਖਸ਼ਣ ਲਈ ਬਹੁਤ ਧੰਨਵਾਦ