ਮੇਰੇ ਕੋਲ ਇੱਕ ਮੰਤਰ ਹੈ। ਮੈਨੂੰ ਮਖਿਆਲ ਚੋਣਾ ਆਉਂਦਾ ਹੈ। ਬਹੁਤ ਪੁਰਾਣੀ ਗੱਲ ਹੈ ਕਿ ਰਿਸ਼ਤੇਦਾਰੀ ਵਿੱਚ ਇੱਕ ਵਿਆਹ ਤੇ ਗਏ। ਓਦੋਂ ਅਜੇ ਰਸੋਈ ਗੈਸ ਦਾ ਜ਼ਮਾਨਾ ਨਹੀਂ ਸੀ। ਵਿਆਹ ਵਾਲੇ ਘਰ ਇਕ ਖੂੰਜੇ ਵਿੱਚ ਲੱਕੜਾਂ ਪਈਆਂ ਸਨ।ਜਦ ਸਬਜ਼ੀ ਵਗੈਰਾ ਬਣਾਉਣ ਲਈ ਲੱਕੜਾਂ ਚੁੱਕਣ ਲੱਗੇ ਤਾਂ ਦੇਖਿਆ ਕਿ ਇਹਨਾਂ ਵਿੱਚ ਇੱਕ ਮਖਿਆਲ ਲੱਗਿਆ ਹੋਇਆ ਸੀ। ਸਾਰੇ ਜਣੇ ਮਖਿਆਲ ਉਡਾਉਣ ਦੀ ਸਲਾਹ ਬਣਾਉਣ ਲੱਗੇ। ਵਿਆਹ ਵਿੱਚ ਆਏ ਹੋਏ ਇੱਕ ਮਹਿਮਾਨ ਨੇ ਕਿਹਾ ਕਿ ਉਹ ਮਖਿਆਲ ਚੋਅ ਲੈਂਦਾ ਹੈ। ਉਸਨੇ ਮੈਨੂੰ ਨਾਲ ਲਿਆ ਅਤੇ ਇੱਕ ਤਰੀਕਾ ਵਰਤਦੇ ਹੋਏ ਮਖਿਆਲ ਵੀ ਚੋਅ ਲਿਆ ਅਤੇ ਸ਼ਹਿਦ ਦੀਆਂ ਮੱਖੀਆਂ ਵੀ ਉੱਡ ਗਈਆਂ। ਉਸਨੇ ਇਹ ਤਰੀਕਾ ਮੈਨੂੰ ਵੀ ਸਿਖਾ ਦਿੱਤਾ। ਹੁਣ ਜਿਥੇ ਵੀ ਮਖਿਆਲ ਦਿਸਦਾ ਮੈਂ ਉਂਗਲ ਕੁ ਮੋਟੀ ਸੂਤੀ ਕੱਪੜੇ ਦੀ ਵੱਟੀ ਜਿਹੀ ਬਣਾ ਲੈਂਦਾ ਅਤੇ ਉਸਨੂੰ ਧੁਖਾ ਲੈਂਦਾ।ਉਸ ਧੂੰਏਂ ਦੀਆਂ ਇੱਕ ਦੋ ਫੂਕਾਂ ਮਖਿਆਲ ਵੱਲ ਮਾਰਦਾ ਅਤੇ ਮੱਖੀਆਂ ਡੰਗ ਮਾਰਨੋ ਅਸਮਰੱਥ ਹੋ ਜਾਂਦੀਆਂ। ਬੜੇ ਮਖਿਆਲ ਚੋਏ। ਇਹਨਾਂ ਸਰਦੀਆਂ ਦੇ ਸ਼ੁਰੂ ਵਿੱਚ ਵੀ ਸਾਡੇ ਘਰ ਲੱਗੇ ਫੁੱਲਾਂ ਦੇ ਬੂਟੇ ਗਡਹਿਲ ਉੱਤੇ ਇੱਕ ਮਖਿਆਲ ਲੱਗ ਗਿਆ। ਪਹਿਲਾਂ ਵਾਂਗ ਹੀ ਮੈਂ ਆਪਣੀ ਪੋਤੀ ਨੂੰ ਕਿਹਾ ਕਿ ਵੱਡੇ ਕੰਢਿਆਂ ਵਾਲਾ ਥਾਲ ਲਿਆਓ ਅਤੇ ਆਪ ਮੈਂ ਸੂਤੀ ਕੱਪੜੇ ਦੀ ਵੱਟੀ ਜਿਹੀ ਬਣਾ ਕੇ ਧੂੰਆਂ ਕਰਨ ਦਾ ਜੁਗਾੜ ਬਣਾ ਲਿਆ।ਜਦ ਮੈਂ ਮਖਿਆਲ ਕੋਲ ਜਾ ਕੇ ਅਜੇ ਧੂੰਏਂ ਦੀ ਫੂਕ ਮਾਰਨ ਹੀ ਲੱਗਾ ਸੀ ਕਿ ਇੱਕ ਮਧੂਮੱਖੀ ਤੇਜ਼ੀ ਨਾਲ ਮੇਰੇ ਨਾਲ ਟਕਰਾਈ ਅਤੇ ਸੱਜੇ ਹੱਥ ਤੇ ਡੰਗ ਮਾਰ ਗਈ। ਮੈਂ ਤੇਜ਼ੀ ਨਾਲ ਪਿੱਛੇ ਹਟ ਗਿਆ। ਦੇਖਦੇ ਦੇਖਦੇ ਹੱਥ ਤੇ ਸੋਜ ਆ ਗਈ ਅਤੇ ਇਹ ਡਬਲਰੋਟੀ ਵਰਗਾ ਹੋ ਗਿਆ। ਹੁਣ ਡਰ ਲੱਗਣ ਲੱਗ ਪਿਆ ਹੈ। ਪਤਾ ਨਹੀਂ ਕਿਉਂ ਮੇਰਾ ਮੰਤਰ ਫੇਲ ਹੋ ਗਿਆ ?