ਵਡਾਲਾ-ਗ੍ਰੰਥੀਆਂ..ਰਣਜੀਤ ਬਾਵੇ ਦਾ ਪਿੰਡ..ਸਾਥੋਂ ਤਕਰੀਬਨ ਚਾਰ ਕਿਲੋਮੀਟਰ ਦੂਰ..ਬਾਪੂ ਹੂਰੀ ਅਕਸਰ ਹੀ ਕਣਕ ਝੋਨਾ ਇਥੇ ਮੰਡੀ ਲੈ ਕੇ ਆਇਆ ਕਰਦੇ..ਕਿੰਨੇ ਕਿੰਨੇ ਦਿਨ ਬੋਲੀ ਨਾ ਹੁੰਦੀ..ਸਾਰੀ ਸਾਰੀ ਰਾਤ ਬੋਹਲ ਦੀ ਰਾਖੀ ਬਹਿਣਾ ਪੈਂਦਾ..ਬਿੜਕ ਰੱਖਣੀ ਪੈਂਦੀ..ਪੱਲੇਦਾਰ ਹੇਰਾਫੇਰੀ ਵੀ ਕਰ ਲੈਂਦੇ..ਕਦੀ ਕਿਸੇ ਨੂੰ ਰਾਖੀ ਬਿਠਾਲ ਘਰੇ ਆਉਂਦੇ ਤਾਂ ਆਪਣੇ ਹੀ ਖਿਆਲਾਂ ਵਿਚ ਗਵਾਚੇ ਰਹਿੰਦੇ..ਕਦੀ ਕਾਲੇ ਸਿਆਹ ਬੱਦਲ ਚੜ ਅਉਂਦੇ ਤਾਂ ਪਾਠ ਸ਼ੁਰੂ ਕਰ ਲੈਂਦੇ..ਫਸਲੀ ਕਮਾਈ ਤੇ ਕਿੰਨਾ ਕੁਝ ਨਿਰਭਰ ਜੂ ਹੋਇਆ ਕਰਦਾ..ਵੱਡਾ ਪਰਿਵਾਰ..ਪੜਾਈਆਂ ਲਿਖਾਈਆਂ ਅਤੇ ਹੋਰ ਖਰਚੇ..!
ਅੱਜ ਬਾਪੂ ਬਲਕੌਰ ਸਿੰਘ ਨੂੰ ਓਸੇ ਪੋਜ ਵਿਚ ਬੈਠੇ ਵੇਖਿਆ ਤਾਂ ਚੇਤੇ ਆ ਗਏ..ਅੰਦਰ ਦੀ ਉੱਥਲ ਪੁਥਲ..ਅਣਗਿਣਤ ਸੁਨਾਮੀਆਂ ਜਵਾਲਾਮੁਖੀ ਅਤੇ ਟੁੱਟ ਭੱਜ..ਹਜਾਰ ਦਾ ਨੋਟ ਗਵਾਚ ਜਾਵੇ ਤਾਂ ਕਿੰਨੇ ਦਿਨ ਮਨ ਨੂੰ ਠਹਿਰ ਨੀ ਆਉਂਦੀ..ਇਥੇ ਤੇ ਫਸਲ ਵੀ ਮਾਰੀ ਗਈ ਤੇ ਨਸਲ ਵੀ..ਨਿਢਾਲ ਹੋ ਕੇ ਨਾ ਬੈਠੇ ਤੇ ਹੋਰ ਕੀ ਕਰੇ..ਵਾਪਿਸ ਪਰਤਣ ਦੀ ਆਸ ਹੀ ਨਹੀਂ ਰਹੀ..ਮਹਿਲ ਮਾੜੀਆਂ ਤਾਂ ਵੱਢ ਵੱਢ ਖਾਣਗੀਆਂ ਹੀ..ਕੀ ਖੱਟਿਆ ਮੁਹੱਬਤਾਂ ਪਾ ਕੇ ਐਂਵੇ ਬਦਨਾਮ ਹੋ ਗਏ..ਕੁੰਜੀ ਲੈ ਗਿਆ ਦਿਲਾਂ ਦਾ ਜਾਨੀ ਜਿੰਦ ਬੇਜਾਨ ਹੋ ਗਈ..ਚਰਚਾ ਹੀ ਲੈ ਬੈਠੀ..ਪਰ ਜਾਂਦਾ ਜਾਂਦਾ ਦਸਤਾਰ..ਪੰਜਾਬੀ..ਪੰਜਾਬੀਅਤ ਦੇ ਫਲਸਫੇ ਨੂੰ ਫਰਸ਼ੋ ਅਰਸ਼ ਤੇ ਲੈ ਗਿਆ..ਕਈ ਵੀਰ ਗਲਤੀਆਂ ਨੂੰ ਹੀ ਅੱਗੇ ਕਰਦੇ..ਖੈਰ ਉਹ ਵੀ ਜਿਉਂਦੇ ਵੱਸਦੇ ਰਹਿਣ!
ਕਈਆਂ ਨੂੰ ਤਰਲੇ ਪਾਏ..ਅਨੇਕਾਂ ਬਰੂਹਾਂ ਲੰਘੀਆਂ..ਡੰਡੌਤ ਹਾੜੇ ਕੱਢੇ..ਨੱਕ ਰਗੜੇ..ਅਪੀਲਾਂ ਕੀਤੀਆਂ..ਬਤੌਰ ਬਾਪ ਗੁੱਝੀ ਗੁੱਝੀ ਧਮਕੀ ਵੀ ਲਾ ਦਿੱਤੀ..ਇਨਸਾਫ ਕਰੋ..ਪਰ ਕਿਸੇ ਨਾ ਸੁਣੀ..ਮਨ ਮਿਹਰ ਨਾ ਪਈ..ਉੱਚੀ ਉੱਚੀ ਆਖਦਾ ਰਿਹਾ..ਮੈਨੂੰ ਰੋਜ ਆਥਣੇ ਉਸਦੀ ਯਾਦ ਆਉਂਦੀ..ਅਮਲੀ ਵਾਂਙ ਤੋਟ ਲੱਗਦੀ..ਫੇਰ ਅਸੀਂ ਦੋਵੇਂ ਮੱਛੀ ਵਾਂਙ ਤੜਪਦੇ ਹਾਂ..ਰੱਬ ਦਾ ਵਾਸਤਾ..ਪਿਆਦੇ ਬਲੀ ਦੇ ਬੱਕਰੇ ਨਾ ਬਣਾਓ..ਮਾਸਟਰਮਾਈਂਡ ਫੜੋ ਤਾਂ ਕੇ ਅਸਲ ਕਹਾਣੀ ਸਾਹਵੇਂ ਆ ਸਕੇ..ਦਿਲ ਨੂੰ ਧਰਵਾਸ ਪਵੇ..ਨਾਲਦੀ ਵੇਖਦੀ ਏ ਤਾਂ ਨਜਰਾਂ ਨਹੀਂ ਮਿਲਾਈਆਂ ਜਾਂਦੀਆਂ..ਕੀ ਆਖਾਂ ਤੇ ਕੀ ਦੱਸਾਂ..ਆਖਣ ਦੱਸਣ ਨੂੰ ਹੈ ਹੀ ਕੁਝ ਨੀ..ਕਿੱਦਾਂ ਦੱਸਾਂ ਕੇ ਅੱਗੇ ਵੀ ਕਿੰਨਾ ਕੁਝ ਦੱਬਿਆ ਪਿਆ..ਅਖੌਤੀ ਲੋਕਤੰਤਰ ਦੇ ਥੰਮਲਿਆਂ ਹੇਠ..ਅਨੇਕਾਂ ਕਹਾਣੀਆਂ..ਬੇਸ਼ੁਮਾਰ ਕਿੱਸੇ..ਕੁਝ ਦਾ ਅਚਨਚੇਤ ਐਕਸੀਡੈਂਟ ਹੋ ਗਿਆ..ਕੋਈ ਸੁੱਤਾ ਸੌਂ ਗਿਆ..ਕਿੰਨੇ ਲਾਪਤਾ ਹੋ ਗਏ..ਮੱਛੀਆਂ ਦੀ ਖੁਰਾਕ ਬਣ ਗਏ..ਕੋਈ ਕੱਚ ਪੱਕ ਸਾੜ ਹਰੀਕੇ ਦੇ ਪਾਣੀਆਂ ਅੰਦਰ ਰੋੜ ਦਿੱਤਾ ਗਿਆ..ਅਸਲ ਕਹਾਣੀ ਕਦੇ ਸਾਮਣੇ ਨਹੀਂ ਆ ਸਕੀ..ਘਰ ਘਰ ਪਿੰਡ ਪਿੰਡ ਦੀ ਕਹਾਣੀ..ਮਾਵਾਂ ਦੀਆਂ ਆਂਦਰਾਂ!
ਏਡਾ ਵੱਡਾ ਮੁਲਖ..ਹੁਣ ਤੇ ਸੁੱਖ ਨਾਲ ਇੱਕ ਸੌ ਚੁਤਾਲੀ ਕਰੋੜ..ਨੰਬਰ ਇੱਕ ਤੇ ਆ ਗਿਆ..ਤਕਰੀਬਨ ਪੰਜ ਕਰੋੜ ਤੋਂ ਵਧੀਕ ਪੈਂਡਿੰਗ ਮੁੱਕਦਮੇਂ..ਦਹਾਕਿਆਂ ਤੋਂ ਗਲਿਆਰਿਆਂ ਅੰਦਰ ਰੁਲਦੇ ਪਏ..ਮਸਲਾ ਸੱਤਾਧਾਰੀਆਂ ਦੇ ਮਤਲਬ ਦਾ ਹੋਵੇ ਤਾਂ ਅਦਾਲਤਾਂ ਅੱਧੀ ਰਾਤ ਵੀ ਖੁੱਲ ਜਾਂਦੀਆਂ ਪਰ ਜੇ ਢੱਕੀ ਹੋਈ ਹੀ ਰਿੱਝਦੀ ਰੱਖਣੀ ਹੋਵੇ ਤਾਂ ਕੋਈ ਅਪੀਲ ਦਲੀਲ ਵਕੀਲ ਤਰਕ ਭਾਰੂ ਨਹੀਂ ਹੋਣ ਦਿੱਤਾ ਜਾਂਦਾ!
ਖੈਰ ਬਿਰਤਾਂਤ ਲੰਮਾ ਹੋ ਜਾਣਾ..ਅਖੀਰ ਏਨਾ ਹੀ ਆਖਾਂਗੇ ਕੇ ਹੁਣ ਸਬਰ ਰੱਖਣਾ ਪੈਣਾ..ਜਿੰਨੇਂ ਸਾਹ ਵੀ ਬਾਕੀ ਨੇ ਦਿਲੋਂ ਤੇਹ ਕਰਦਿਆਂ ਵਿਚੋਂ ਹੀ ਉਸਨੂੰ ਸਿਰਜਣਾ ਪੈਣਾ..ਬਹੁਤੇ ਰੋਣਗੇ ਦਿਲਾਂ ਦੇ ਜਾਨੀ..ਮਾਪੇ ਤੈਨੂੰ ਘੱਟ ਰੋਣਗੇ..ਰੋਣੇ ਵੀ ਦੋ ਤਰਾਂ ਦੇ ਹੁੰਦੇ..ਦਿਲਾਂ ਅਤੇ ਅੱਖੀਆਂ ਦੇ..ਲੋਕਾਂ ਦੀਆਂ ਰੋਣ ਅੱਖੀਆਂ ਸਾਡਾ ਰੋਂਦਾ ਏ ਦਿਲ ਮਾਹੀਆ..ਜੇ ਮੈਂ ਜਾਣਦੀ ਜੱਗੇ ਮਰ ਜਾਣਾ..ਇੱਕ ਦੇ ਮੈਂ ਦੋ ਜੰਮਦੀ..ਸਰਫ਼ੇ ਦੀ ਔਲਾਦ ਮੁੱਕ ਜਾਂਦੀ ਏ ਤਾਂ ਮਗਰ ਰਹਿ ਗਏ ਨਾ ਜਿਉਂਦਿਆਂ ਵਿੱਚ ਨਾ ਮੋਇਆਂ ਵਿੱਚ!
ਲਿਖਣ ਦਾ ਮਕਸਦ ਖਰੀਂਡ ਛਿੱਲਣੇ ਨਹੀਂ ਸਗੋਂ ਇਹ ਦੱਸਣਾ ਕੇ ਉਹ ਅਜੇ ਵੀ ਜਾਉਂਦਾ ਏ..ਦਿਲਾਂ ਅੰਦਰ..ਹਿਰਦਿਆਂ ਅੰਦਰ..ਮੁਲਖਾਂ ਅੰਦਰ..ਜੂਹਾਂ ਅੰਦਰ..ਚੋਬਰਾਂ ਅੰਦਰ..ਕਿਓੰਕੇ ਕਿੰਨਾ ਕੁਝ ਐਸਾ ਜਿਉਂਦਾ ਜੂ ਕਰ ਗਿਆ..ਜੋ ਹਾਕਮਾਂ ਨੇ ਕਦੇ ਦਾ ਮਾਰ ਕੇ ਡੂੰਘਾ ਦੱਬ ਛੱਡਿਆ ਸੀ!
ਹਰਪ੍ਰੀਤ ਸਿੰਘ ਜਵੰਦਾ