ਗੱਲ ਜਨਵਰੀ ਮਹੀਨੇ ਦੀ ਹੈ ਮੈਂ ਅਮ੍ਰਿਤ ਵੇਲੇ ਗੁਰੂਘਰ ਦਰਬਾਰ ਸਾਹਿਬ ਬੈਠ ਸੰਤ ਬਾਬਾ ਅਤਰ ਸਿੰਘ ਦੀ ਬਰਸ਼ੀ ਮੌਕੇ ਨਗਰ ਵੱਲੋਂ ਲਗਾਏ ਗੁਰੂ ਦੇ ਲੰਗਰ ਲਈ ਸੰਗਤਾਂ ਵੱਲੋਂ ਅਰਦਾਸ ਕਰਵਾਈ ਮਾਇਆ ਅਤੇ ਸਮਗਰੀ ਇੱਕਤਰ ਕਰਨ ਦੀ ਸੇਵਾ ਨਿਭਾਅ ਰਿਹਾ ਸੀ ਕਿ ਓਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋ ਦਰਬਾਰ ਸਾਹਿਬ ਵਿੱਚ ਮੇਰੇ ਕੋਲ ਆ ਬੈਠਿਆ।ਉਸ ਨੇ ਹੌਲੀ ਜਿਹੀ ਜੇਬ ਵਿੱਚੋਂ ਪੰਜ ਪੰਜ ਸੋ ਦੇ ਪੰਜ ਨੋਟ ਕੱਢ ਮੇਰੇ ਵੱਲ ਨੂੰ ਵਧਾਏ।ਮੈਂ ਓਸ ਵੱਲ ਸਵਾਲੀਆ ਤੱਕਣੀ ਨਾਲ ਵੇਖਿਆ(ਓਸ ਨੂੰ ਉੱਚਾ ਵੀ ਸੁਣਦਾ ਹੈ)ਕਿਉਂਕਿ ਓਹ ਦੋ ਦਿਨ ਪਹਿਲਾਂ ਹੀ ਲੰਗਰਾਂ ਲਈ ਮਾਇਆ ਅਰਦਾਸ ਕਰਵਾਕੇ ਗਿਆ ਸੀ ਅਤੇ ਉਸ ਦੀ ਆਰਥਿਕ ਹਾਲਾਤ ਵੀ ਮੈਂ ਜਾਣਦਾ ਸੀ।ਓਹ ਵੀ ਸਮਝ ਗਿਆ ਕਿ ਮੈਂ ਕੀ ਪੁੱਛਣਾ ਚਾਹੁੰਦਾ ਹਾਂ।ਉਸ ਨੇ ਹੌਲੀ ਜਿਹੇ ਕਿਹਾ ਕਿ ਪੋਤੇ ਨੇ ਅਪਣੀ ਕਮਾਈ ਵਿੱਚੋਂ ਕਨੇਡਾ ਤੋਂ ਲੰਗਰਾਂ ਲਈ 2500/- ਭੇਜੇ ਹਨ।ਮੈਂ ਉਸ ਨੂੰ ਕਿਹਾ ਵੀ ਸੀ ਕਿ ਪੁੱਤ ਲੰਗਰਾਂ ਲਈ ਮੈਂ ਮਾਇਆ ਅਰਦਾਸ ਕਰਵਾ ਆਇਆ ਹਾਂ।ਪਰ ਪੋਤਾ ਕਹਿੰਦਾ ਕਿ ਮੈਂ ਅਪਣਾ ਵੀ ਹਿੱਸਾ ਪਾਉਣਾ ਹੈ।ਏਨਾਂ ਸੁਣਦਿਆਂ ਹੀ ਮੇਰੇ ਅੱਖਾਂ ਅੱਗੇ ਬਹੁਤ ਕੁੱਝ ਘੁੰਮ ਗਿਆ ਜਦੋਂ ਕੁੱਝ ਸਾਲ ਹੋਏ ਓਸ ਦੇ ਛੋਟੇ ਪੁੱਤਰ ਦੀ ਇੱਕ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ।ਥੋੜੀ ਪੂੰਜੀ ਹੋਣ ਦੇ ਬਾਵਜੂਦ ਸਵਰਗਵਾਸੀ ਪੁੱਤ ਦੇ ਪਰਿਵਾਰ ਨੂੰ ਸੰਭਾਲਿਆ।ਫੇਰ ਓਸ ਪੂੰਜੀ ਵਿੱਚੋਂ ਹੀ ਕੁੱਝ ਪੂੰਜੀ ਖੋਰ ਕੇ ਅਪਣੇ ਪੋਤੇ ਨੂੰ ਕਨੇਡਾ ਤੋਰਿਆ ਸੀ।
ਅੱਜ ਓਸ ਦੇ ਪੋਤੇ ਵੱਲੋਂ ਹੀ ਭੇਜੀ ਮਾਇਆ ਕਾਰਨ ਮੇਰੇ ਦਿਲ ਨੂੰ ਬਹੁਤ ਸਕੂਨ ਮਿਲਿਆ ਕਿ ਪਰਦੇਸਾਂ ਵਿੱਚ ਕਿੰਨੀਆਂ ਤੰਗੀਆਂ ਤਰੂਸੀਆਂ ਦੇ ਕੱਟਦਿਆਂ ਵੀ ਸਾਡੀ ਏਹ ਪੀੜੀ ਅਪਣੇ ਵਿਰਸ਼ੇ ਤੇ ਸਭਿਆਚਾਰ ਨਾਲ ਜੁੜੀ ਹੋਈ ਹੈ।ਪਰ ਅਗਲੇ ਪਲ ਹੀ ਸੋਚਾਂ ਵਿੱਚ ਆਏ ਮੋੜ ਕਰਕੇ ਮੇਰੇ ਸਕੂਨ ਨੂੰ ਦਰਕਿਨਾਰ ਕਰ ਇੱਕ ਕੌੜੇ ਸੱਚ ਭਾਰੂ ਹੋ ਗਿਆ ਕਿ ਏਹ ਪੀੜੀ ਦੀ ਅਗਲੀ ਪੀੜੀ ਜੋ ਸਾਡੀ ਕੌਮ ਦਾ ਸਰਮਾਇਆ ਹੈ।ਕੀ ਓਹ ਵੀ ਅਪਣੇ ਵਿਰਸ਼ੇ ਨਾਲ ਜੁੜੀ ਰਹੇਗੀ?ਪਰ ਮੇਰੀ ਆਤਮਾ ਵੱਲੋਂ ਮਿਲੇ ਜਵਾਬ ਨੇ ਮੈਨੂੰ ਅਫ਼ਸੋਸ ਦੇ ਸਾਗਰਾਂ ਵਿੱਚ ਧੱਕਾ ਜਿਹਾ ਦੇ ਦਿੱਤਾ।ਵਾਹਿਗੁਰੂ ਖੈਰ ਕਰੇ✍️
ਭੂਪਿੰਦਰ ਸਿੰਘ ‘ਸੇਖੋਂ’