ਹਾਂ..ਹੈਗੇ ਆਂ | ha.. haige aan

ਉਹ ਕਿਹੋ ਜਿਹਾ ਲਮਹਾ ਹੋਵੇਗਾ ਜਦੋਂ ਭਗਤ ਸਿਉਂ ਦੀ ਮਾਤਾ ਨੇ ਮੁਲਾਕਾਤ ਤੋਂ ਪਿੱਛੋਂ ਜੇਲ੍ਹ ਦੀਆਂ ਸੀਖਾਂ ਤੇ ਆਪਣੇ ਹੱਥਾਂ ਦੀ ਪਕੜ ਮਜ਼ਬੂਤ ਕਰਦਿਆਂ ਆਖਰੀ ਵਾਰ ਆਪਣੇ ਲਾਲ ਨੂੰ ਅੱਖ ਭਰ ਕੇ ਤੱਕਦਿਆਂ “ਇੰਨਕਲਾਬ – ਜ਼ਿੰਦਬਾਦ” ਦੇ ਨਾਹਰੇ ਜੇਲ੍ਹ ਦੀਆਂ ਕੰਧਾਂ ਨੂੰ ਵੱਜ – ਵੱਜ ਮੁੜਦੇ ਸੁਣੇ ਹੋਣਗੇ ,
ਰਾਤ ਦੇ ਆਖਰੀ ਪਹਿਰ , ਚਵਰ ਤਖ਼ਤ ਦੇ ਮਾਲਕ ਦਸਮ ਪਾਤ਼ਸ਼ਾਹ ਯੁੱਧ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਕੱਚੀ ਗੜ੍ਹੀ ‘ਚ ਖਲ੍ਹੋਤੇ ਜਦੋਂ ਆਪਣੇ ਵੱਡੇ ਫਰਜ਼ੰਦਾਂ ਦੇ ਨਕਸ਼ਾਂ ਵੱਲ ਗਹੁ ਨਾਲ ਵੇਖਦੇ ਹੋਏ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਰਹੇ ਹੋਣਗੇ ਤਾਂ ਕੁਲ ਆਲਮ ਮਹਾਰਾਜ ਨੂੰ ਸਿਜਦੇ ਕਰਦਾ ਹੋਣਾ ,
ਉੱਤੋਂ ਖੁੱਲ਼੍ਹੇ ਤੇ ਥੱਲਿਉਂ ਮੋਕਲੇ , ਕਿਸੇ ਸਰਕਾਰੀ ਬਿਲਡਿੰਗ ਦੇ ਥਮਲ੍ਹੇ ਵਰਗੇ ਭੱਥੇ ਨੂੰ ਸਲੇਟੀ ਰੰਗੇ ਲਿਸ਼ਕਣੇ ਤੀਰਾਂ ਨਾਲ ਭਰਦਾ , ਪੰਜਾਬ ਦਾ ਨਰ ਪੁੱਤ ਪੋਰਸ ਜਦੋਂ ਦੇਸ ਪੰਜਾਬ ਦੇ ਨਕਸ਼ੇ ਨੂੰ ਪਈ ਵੰਗਾਰ ਨੂੰ ਮੋੜਨ ਲਈ ਕਮਰਕੱਸੇ ‘ਚ ਚਾਕੂ ਫਸਾਉਂਦਾ ਹੋਣਾ , ਉਦੋਂ ਬਿਆਸ ਦਰਿਆ ਨੇ ਉਹਨੂੰ ਦਸ – ਦਸ ਫੁੱਟ ਉੱਚੇ ਨਮਸਕਾਰ ਕੀਤੇ ਹੋਣੇ ,
ਪਰਲ – ਪਰਲ ਅੱਖਾਂ ‘ਚੋਂ ਵਹਿੰਦੇ ਹੰਝੂਆਂ ‘ਚ ਆਪਣੇ ਪਰਮ – ਮਿੱਤਰ ਦੇ ਪੁੱਤ ਤੋਂ ਸੀਨੇ ਤੇ ਤੀਰਾਂ ਦੀ ਬਾਛੜ ਸਹੇੜਦੇ ਭੀਸ਼ਮ ਪਿਤਾਮਾ ਜਦੋਂ ਹੋਣੀ ਅੱਗੇ ਬੇਵੱਸ ਹੋਣ ਤੋਂ ਬਾਅਦ ਤੀਰਾਂ ਦੀ ਸੇਜ ਤੇ ਸੁੱਤਿਆਂ ਹੋਇਆਂ ਵੀ ਕੁੰਤੀ ਪੁੱਤਰ ਕਰਨ ਨੂੰ ਯੋਧਿਆਂ ਦੀਆਂ ਬਾਤਾਂ ਸੁਣਾਉਂਦੇ ਹੋਣੇ ਤਾਂ ਇੱਕ ਆਰੀਂ ਤੇ ਧਰਮਰਾਜ ਨੇ ਵੀ ਆਪਣੇ ਫ਼ੈਸਲੇ ਤੇ ਸ਼ੱਕ ਜਿਆ ਕੀਤਾ ਹੋਣਾ ,
ਆਪਣੇ ਜੱਦੀ ਪਹਿਰਾਵੇ ਤੋਂ ਉਲਟ , ਸਿਰ ਤੇ ਗੋਲ ਟੋਪ ਤੇ ਬਾਹਵਾਂ ‘ਚ ਅੰਗਰੇਜ਼ੀ ਕੋਟ ਫਸਾਉਂਦੇ ਊਧਮ ਸਿੰਘ ਦੀ ਸੁਰਤ ‘ਚ ਪਿਛਲੇ ਇੱਕਿਆਂ ਸਾਲਾਂ ਦਾ ਸਫਰ ਪਰਿਕਰਮਾ ਕਰਦਾ ਹੋਣਾ , ਜਦੋਂ ਉਹਨੇ ਰਿਵਾਲਵਰ ਰੱਖਣ ਲਈ ਕਿਤਾਬ ‘ਚ ਪਹਿਲਾ ਕੱਟ ਲਾਇਆ ਹੋਣਾ , ਉਦੋਂ ਉਹਨੂੰ ਜਲ੍ਹਿਆਂਵਾਲੇ ਬਾਗ ‘ਚ ਹੋਏ ਪਹਿਲੇ ਫੈਰ ਦਾ ਖੜਾਕਾ ਇੱਕ ਵਾਰੀਂ ਫੇਰ ਦੁਬਾਰਾ ਸੁਣਿਆ ਹੋਣਾ ।
ਜਦੋਂ ਮਰਨਾ ਤੈਅ ਹੋਵੇ , ਮੱਥੇ ‘ਚ ਭਾਣੇ ਦੇ ਲੈਅ ਹੋਵੇ , ਉਦੋਂ ਸੂਰੇ ਜਾਂਦੇ ਹੋਏ ਧਰਤੀ ਮਾਂ ਦੇ ਪਿੰਡੇ ਤੇ ਬੜੀਆਂ ਅਨੋਖੀਆਂ ਤੇ ਅਜਿਹੀਆਂ ਇਬਾਰਤਾਂ ਲਿਖ ਜਾਇਆ ਕਰਦੇ ਹਨ , ਜਿਹੜੀਆਂ ਸਾਲ – ਦਰ – ਸਾਲ ਖ਼ੂਨ ਨੂੰ ਜੁਰਤਾਂ ਦੀ ਜਾਗ ਲਾਉਂਦੀਆਂ ਰਹਿੰਦੀਆਂ ਤੇ ਫੇਰ ਮੂੰਹੋਂ ਆਪ – ਮੁਹਾਰੇ ਨਿਕਲਦਾ –
“ਹਾਂ……….ਹੈਗੇ ਆਂ” …..!!!!
✍️ਰਣਜੀਤ ਸੰਧੂ

Leave a Reply

Your email address will not be published. Required fields are marked *