ਨਿਯੁਕਤੀ ਮਗਰੋਂ ਛੇਵੀਂ ਜਮਾਤ ਨੂੰ ਪੰਜਾਬੀ ਪੜਾਉਣੀ ਸ਼ੁਰੂ ਕਰ ਦਿੱਤੀ..
ਉਸ ਸਰਕਾਰੀ ਸਕੂਲ ਵਿਚ ਜਿਆਦਾਤਰ ਗਰੀਬ ਤਬਕੇ ਦੇ ਬੱਚੇ ਹੀ ਪੜਿਆ ਕਰਦੇ ਸਨ..!
ਦਰਮਿਆਨੇ ਕਦ ਦਾ ਪਤਲਾ ਜਿਹਾ ਉਹ ਮੁੰਡਾ ਹਮੇਸ਼ਾਂ ਹੀ ਬਾਕੀਆਂ ਨਾਲੋਂ ਵੱਖਰਾ ਬੈਠਦਾ ਹੁੰਦਾ..!
ਅੱਧੀ ਛੁੱਟੀ ਵੇਲੇ ਵੀ ਅਕਸਰ ਕੱਲਾ ਬੈਠਾ ਕੁਝ ਨਾ ਕੁਝ ਲਿਖਦਾ ਰਹਿੰਦਾ..
ਇੱਕ ਦਿਨ ਕੰਮ ਨਾ ਕਰਕੇ ਆਉਣ ਤੇ ਰੋਹ ਵਿਚ ਆਏ ਨੇ ਚੰਡ ਕੱਢ ਮਾਰੀ..
ਉਹ ਰੋਇਆ ਨਹੀਂ..ਓਹਨੀ ਦਿਨੀਂ ਭਾਰੇ ਹੱਥ ਦੀ ਮੇਰੀ ਚੁਪੇੜ ਬੜੀ ਮਸ਼ਹੂਰ ਹੋਇਆ ਕਰਦੀ ਸੀ..!
ਕਈਆਂ ਦਾ ਪਜਾਮਾ ਗਿੱਲਾ ਹੋ ਜਾਂਦਾ ਤੇ ਕਈ ਸ਼ਾਂ-ਸ਼ਾਂ ਕਰਦੀ ਗੱਲ ਤੇ ਹੱਥ ਰੱਖ ਰੋ ਪਿਆ ਕਰਦੇ..!
ਹੈਰਾਨ ਸਾਂ ਪਤਾ ਨੀ ਕਿਸ ਮਿੱਟੀ ਦਾ ਬਣਿਆ ਸੀ ਉਹ..
ਗੁੱਸੇ ਵਿੱਚ ਆਖਿਆ..ਓਹੀ ਕਾਪੀ ਲੈ ਕੇ ਆਵੇ ਜਿਸਤੇ ਹਮੇਸ਼ਾਂ ਹੀ ਕੁਝ ਲਿਖਦਾ ਰਹਿੰਦਾ ਸੀ!
ਹੋਰ ਹੋਰ ਲਿਆਈ ਜਾਵੇ..ਉਹ ਉਹ ਨਾ ਲਿਆਵੇ..
ਅਖੀਰ ਮੈਂ ਉੱਠ ਉਸਦੇ ਬੇਂਚ ਤੇ ਗਿਆ ਤੇ ਖੁਦ ਬਸਤਾ ਫਰੋਲਣ ਲੱਗ ਪਿਆ..!
ਅੰਦਰੋਂ ਕੁਝ ਸੁੱਕਿਆ ਰੋਟੀਆਂ ਅਤੇ ਅਚਾਰ ਦੀਆਂ ਫਾੜੀਆਂ ਤੋਂ ਇਲਾਵਾ ਇੱਕ ਫੋਟੋ ਵੀ ਲੱਭੀ..ਪੁੱਛਿਆ ਤਾਂ ਆਖਣ ਲੱਗਾ ਮੰਮੀ ਦੀ ਏ..!
ਏਨੇ ਨੂੰ ਜਿਹੜੀ ਕਾਪੀ ਦੀ ਮੈਨੂੰ ਤਲਾਸ਼ ਸੀ ਉਹ ਵੀ ਲੱਭ ਪਈ..ਅੰਦਰ ਨਿੱਕੇ ਨਿੱਕੇ ਪਹਿਰਿਆਂ ਵਿਚ ਕਿੰਨਾ ਕੁਝ ਲਿਖਿਆ ਸੀ..
“ਮੰਮੀ ਤੂੰ ਕਿਥੇ ਚਲੀ ਗਈ..ਤੇਰਾ ਬੜਾ ਚੇਤਾ ਆਉਂਦਾ..ਡੈਡੀ ਹੁਣ ਉਹ ਨਹੀਂ ਰਿਹਾ ਜੋ ਤੇਰੇ ਹੁੰਦਿਆਂ ਹੋਇਆ ਕਰਦਾ ਸੀ..ਕਈ ਵੇਰ ਕੁੱਟ ਵੀ ਲੈਂਦਾ..ਜਦੋਂ ਦੀ ਨਵੀਂ ਔਰਤ ਲਿਆਂਦੀ..ਉਸਦੇ ਵਿਚ ਹੀ ਗਵਾਚਾ ਰਹਿੰਦਾ..ਸਾਨੂੰ ਦਾਦੀ ਕੋਲ ਛੱਡ ਦੋਵੇਂ ਕਿੰਨੇ ਕਿੰਨੇ ਦਿਨ ਪਤਾ ਨੀ ਕਿਥੇ ਗਾਇਬ ਰਹਿੰਦੇ..ਦਾਦੀ ਨੂੰ ਹੁਣ ਅੱਖਾਂ ਤੋਂ ਵੀ ਨਹੀ ਦਿਸਦਾ..!
ਕਈ ਵੇਰ ਜੀ ਕਰਦਾ ਮੈਂ ਵੀ ਤੇਰੇ ਕੋਲ ਆ ਜਾਵਾਂ ਪਰ ਨਿੱਕੀ ਭੈਣ ਵੱਲ ਵੇਖ ਆਇਆ ਨੀ ਜਾਂਦਾ..
ਉਹ ਹੁਣ ਮੇਰੇ ਨਾਲ ਹੀ ਸੌਂਦੀ ਏ..ਰੋਟੀਆਂ ਵੀ ਲਾਹ ਲੈਂਦੀ ਏ..
ਪਰ ਉਸ ਦਿਨ ਜਦੋਂ ਉਸਦਾ ਹੱਥ ਸੜ ਗਿਆ ਤਾਂ ਤੈਨੂੰ ਚੇਤੇ ਕਰਕੇ ਬਹੁਤ ਰੋਈ..”
ਏਨਾ ਕੁਝ ਪੜ ਮੈਨੂੰ ਇੰਝ ਲੱਗਾ ਜਿੱਦਾਂ ਮੈਥੋਂ ਚੁਪੇੜ ਨਹੀਂ ਸਗੋਂ ਦਿਨ ਦਿਹਾੜੇ ਕਿਸੇ ਬੇਕਸੂਰ ਦਾ ਕਤਲ ਹੋ ਗਿਆ ਹੋਵੇ..
ਹੈਰਾਨ ਪ੍ਰੇਸ਼ਾਨ ਵੀ ਸਾਂ..ਛੇਵੀਂ ਜਮਾਤ ਵਿਚ ਪੜ੍ਹਦਾ ਕੋਈ ਇੰਝ ਦਾ ਕੀਵੇਂ ਲਿਖ ਸਕਦਾ..
ਸ਼ਾਇਦ ਦੁੱਖ ਅਤੇ ਵਿਛੋੜਾ ਇਨਸਾਨ ਨੂੰ ਸੋਚ ਪੱਖੋਂ ਸਿਆਣਾ ਕਰ ਜਾਂਦੇ ਨੇ..!
ਸ਼ਾਮੀਂ ਸਟਾਫ ਮੀਟਿੰਗ ਵਿਚ ਸਾਰਿਆਂ ਸਾਮਣੇ ਖਲੋਤਾ ਉਹ ਲਿਖਤਾਂ ਪੜਦਾ ਮੈਂ ਦੂਜੀ ਵੇਰ ਫੇਰ ਰੋ ਪਿਆ..!
ਫੇਰ ਕਨੇਡਾ ਆਉਂਣ ਤੋਂ ਪਹਿਲਾਂ ਮਿਲੇ ਪ੍ਰਵਿਡੇੰਟ ਦੇ ਮਿਲੇ ਪੈਸਿਆਂ ਨਾਲ ਓਹਨਾ ਜੋਗੇ ਦੋ ਪੱਕੇ ਕੋਠੇ ਜਰੂਰ ਪਾ ਕੇ ਦੇ ਆਇਆ..!
ਭਾਵੇਂ ਬਾਹਰ ਆਏ ਨੂੰ ਬੇਸ਼ੱਕ ਦਹਾਕੇ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਅਜੇ ਵੀ ਕਈ ਵੇਰ ਰਾਤੀ ਸੁੱਤਾ ਪਿਆ ਅੱਬੜਵਾਹੇ ਉੱਠ ਪੈਂਦਾ ਹਾਂ..
ਇੰਝ ਲੱਗਦਾ ਕੋਈ ਹਲੂਣਾ ਦੇ ਕੇ ਆਖ ਰਿਹਾ ਹੋਵੇ..ਆਹ ਲਵੋ ਇੱਕ ਹੋਰ ਚਿੱਠੀ..ਅਜੇ ਕੱਲ ਹੀ ਬਸਤੇ ਵਿਚਲੀ ਉਸ ਫੋਟੋ ਵਾਲੀ ਨੂੰ ਲਿਖੀ ਏ!
True Story
ਹਰਪ੍ਰੀਤ ਸਿੰਘ ਜਵੰਦਾ