ਸੰਘਰਸ਼..ਖੁਦ ਤੇ ਕਦੇ ਨਹੀਂ ਲੜਿਆ ਪਰ ਕੁਝ ਲੜਦੇ ਹੋਇਆਂ ਨੂੰ ਬਰੀਕੀ ਨਾਲ ਵੇਖਿਆ ਜਰੂਰ ਏ..!
ਚੋਵੀ ਘੰਟੇ ਪੁਲਸ..ਏਜੰਸੀਆਂ..ਸਖਤੀ ਨਾਕੇ ਸੂਹਾਂ ਮੁਖਬਰੀ ਟਾਊਟ ਬਿਖੜੇ ਪੈਂਡੇ..ਖਾਣ ਸੌਣ ਜਾਗਣ ਦਾ ਕੋਈ ਟਾਈਮ ਨਹੀਂ..ਅੱਖੀਆਂ ਖੋਲ ਥਕੇਵਾਂ ਲਹੁਣਾ..ਨੰਗੇ ਪੈਰ ਸੱਪਾਂ ਠੂਹਿਆਂ ਦੀਆਂ ਸਿਰੀਆਂ..ਫੇਰ ਵੀ ਤੁਰਦੇ ਜਾਣਾ..ਕਿੰਨਾ ਕੁਝ ਵੇਖ ਸੁਣ ਅਣਡਿੱਠ ਅਣਸੁਣਿਆ ਕਰ ਦੇਣਾ..ਪੈਰ ਪੈਰ ਤੇ ਬਦਲਦੀਆਂ ਮਨੋਅਵਸ਼ਥਾਵਾਂ..ਅੰਦਰੋਂ ਉਦਾਸ ਪਰ ਬਾਹਰੋਂ ਚੜ੍ਹਦੀ ਕਲਾ..ਮੀਂਹ ਹਨੇਰੀ ਝੱਖੜ ਚੁਮਾਸੇ ਕੱਕਰ ਗੜੇ ਧੂੰਦਾ ਠੰਡ ਗਰਮੀ ਧੁੱਪਾਂ ਮੱਛਰ ਕੀਟ ਪਤੰਗ ਜੰਗਲੀ ਜਾਨਵਰ ਮੜੀਆਂ ਮਸਾਨ ਝਾਲੇ ਮੰਡ ਚਰੀਆਂ ਕਾਈਆਂ ਜਿੱਲਣ ਦਲਦਲ ਮਾਰੂਸਥਲ ਪਹਾੜ ਜੰਗਲ ਬੇਲੇ ਕਮਾਦ ਝੋਨੇ ਕਣਕਾਂ ਵੱਟਾਂ ਬੰਨੇ ਸੂਏ ਕੱਸੀਆਂ ਅਤੇ ਹੋਰ ਵੀ ਕਿੰਨਾ ਕੁਝ..ਵਕਤੀ ਰੈਣ ਬਸੇਰੇ..!
ਸੇਵਾ ਕੌਂਮ ਦੀ ਜਿੰਦੜੀਏ ਬੜੀ ਔਖੀ..ਗੱਲਾਂ ਕਰਨੀਆਂ ਢੇਰ ਸੁੱਖਲੀਆਂ ਨੇ..ਜਿੰਨਾ ਐਸ ਸੇਵਾ ਵਿਚ ਪੈਰ ਪਾਇਆ ਓਹਨਾ ਲੱਖ ਮੁਸੀਬਤਾਂ ਝੱਲੀਆਂ ਨੇ!
ਸਗੇ ਭਾਈ ਦੇ ਚਲੇ ਜਾਣ ਤੇ ਕੋਈ ਹੰਝੂ ਨਹੀਂ ਪਰ ਸੱਤ ਬੇਗਾਨੇ ਦੀ ਰਵਾਨਗੀ ਤੇ ਅੰਦਰੋਂ ਬਾਹਰੋਂ ਟੁੱਟ ਜਾਣਾ..!
ਪੈਰ ਪੈਰ ਤੇ ਗੁਰੂਬਾਣੀ ਦਾ ਫੜਿਆ ਲੜ..ਕਦੇ ਮੂਹਰੇ ਖੂਹ ਤੇ ਪਿੱਛੇ ਖਾਤੇ ਦਾ ਇੱਕੋ ਟਾਈਮ ਤੇ ਆਣ ਖਲੋਣਾ..ਫੇਰ ਕਾਹਲੀ ਵਿਚ ਲਿਆ ਗਿਆ ਫੈਸਲਾ..ਕਦੀ ਸਿੱਧ ਤੇ ਕਦੇ ਪੈ ਜਾਂਦੀ ਪੁੱਠ..ਪੈ ਗਈ ਪੁੱਠ ਦਾ ਜਾਣ ਲੇਵਾ ਸਾਬਤ ਹੋ ਜਾਣਾ..ਫੇਰ ਮੁੱਕ ਜਾਂਦੀ ਸਦੀਵੀਂ ਖੇਡ..ਆਖਰੀ ਪਲਾਂ ਵਿਚ ਚੇਤੇ ਆਉਂਦੇ ਘਰ ਦੇ..ਧੀਆਂ ਪੁੱਤ!
ਤਿੰਨ ਦਹਾਕੇ ਪਹਿਲੋਂ ਪਟਿਆਲੇ ਠੇਕੇਦਾਰ ਜਵਾਹਰ ਸਿੰਘ ਦੇ ਨਾਮ ਹੇਠ ਇੱਕ ਕੌਂਮੀ ਯੋਧਾ..ਇੱਕ ਸੁਵੇਰ ਨਾਲ ਤੁਰਿਆ ਜਾਂਦਾ ਪਾਲਤੂ ਕੁੱਤਾ ਅੱਗਿਓਂ ਆਉਂਦੇ ਨੂੰ ਪੈ ਗਿਆ..ਅਗਲਾ ਗਲ਼ ਪੈ ਗਿਆ..ਜੇ ਸਾਂਭਣਾ ਨਹੀਂ ਆਉਂਦਾ ਤੇ ਰੱਖਦੇ ਕਿਓਂ ਹੋ?
ਸਭ ਕੁਝ ਕੋਲ ਹੁੰਦੇ ਹੋਏ ਵੀ ਮੁਆਫੀ ਮੰਗੀ ਗਿਆ..ਉਹ ਵੀ ਨੀਵੀਂ ਪਾ ਕੇ..ਹਲੀਮੀਂ ਰਾਜ ਅਤੇ ਬੇਗਮਪੁਰਾ ਦੀਆਂ ਨਿਸ਼ਾਨੀਆਂ!
ਵਕਤੀ ਤੌਰ ਤੇ ਹਾਰਨਾ ਸਦੀਵੀਂ ਥੱਲੇ ਲੱਗਣਾ ਕਦਾਚਿਤ ਨਹੀਂ ਹੁੰਦਾ..ਜੇ ਨਿਸ਼ਾਨਾ ਲਮੇਰੀ ਲੜਾਈ ਦਾ ਹੋਵੇ ਤਾਂ ਵਕਤੀ ਤੌਰ ਤੇ ਪਿੱਛੇ ਹਟ ਜਾਣਾ ਯੁੱਧ ਨੀਤੀ ਏ..!
ਬਾਬਾ ਬੰਦਾ ਸਿੰਘ ਬਹਾਦੁਰ..ਗੁਰਦਾਸ ਨੰਗਲ ਕੱਚੀ ਗੜੀ..ਤਿੰਨ ਸੌ ਦੇ ਕਰੀਬ ਥੱਕੇ ਟੁੱਟੇ ਸਿੰਘ..ਅਬਦੁੱਸ ਸਮੱਦ ਖ਼ਾਨ..ਲਾਹੌਰ ਦਾ ਗਵਰਨਰ..ਸੋਚਣ ਲੱਗਾ ਅੱਠ ਮਹੀਨੇ ਦਾ ਘੇਰਾ ਤੇ ਸਿਰਫ ਤਿੰਨ ਸੌ ਗ੍ਰਿਫਤਾਰੀਆਂ..ਦਿੱਲੀ ਕੀ ਆਖੂ?
ਫੇਰ ਸਮਾਣੇ ਸਰਹੰਦ ਅਤੇ ਹੋਰ ਥਾਵਾਂ ਤੋਂ ਫੜ ਪੂਰੇ ਨੌਂ ਸੌ ਕੀਤੇ..ਹਾਸੋਹੀਣੇ ਕੱਪੜੇ ਪਵਾਏ..ਊਠਾਂ ਹਾਥੀਆਂ ਘੋੜਿਆਂ ਖੋਤਿਆਂ ਤੇ ਚੜਾ ਦਿੱਲੀ ਵੱਲ ਨੂੰ ਤੋਰ ਲਿਆ..ਲੋਕ ਸਨੋਤਾਂ ਮਾਰਨ..ਤੁਹਾਡਾ ਬੁਰਾ ਹਾਲ ਕਰਨਗੇ..ਅੱਗਿਓਂ ਆਖੀ ਜਾਵਣ ਉਸ ਅਕਾਲ ਪੁਰਖ ਦਾ ਭਾਣਾ ਏ..!
ਫੇਰ ਡੌਂਡੀ ਪਿਟਵਾਈ..ਫਲਾਣੀ ਥਾਂ ਮੇਲਾ ਲੱਗਣਾ ਵੇਖਣ ਜਰੂਰ ਆਇਓ..ਸੌ ਸੌ ਸਿੰਘ ਦਿਨ ਵਿਚ ਕਤਲ ਕੀਤੇ ਜਾਣ ਲੱਗੇ..ਕਿਸੇ ਇੱਕ ਵੀ ਈਨ ਨਾ ਮੰਨੀ..ਨਾ ਆਸਥਾ ਤਿਆਗੀ..ਨਾ ਪਰਿਵਾਰਾਂ ਨੂੰ ਚੇਤੇ ਕਰਕੇ ਹੰਝੂ ਹੀ ਵਹਾਏ..ਗੁਰੂ ਨੂੰ ਬੇਦਾਵਾ ਵੀ ਨਹੀਂ ਦਿੱਤਾ..ਮੁਗਲ ਬਾਦਸ਼ਾਹ ਫਰੁਖ੍ਹਸੀਰ ਆਖਣ ਲੱਗਾ ਤੁਹਾਡੇ ਚੋਂ ਬਾਜ ਸਿੰਘ ਕੌਣ ਏ..?
ਇੱਕ ਆਖਿਆ ਮੈਂ ਹਾਂ..ਸਨੋਤ ਮਾਰੀ ਕਿੱਧਰ ਗਈ ਓਏ ਤੇਰੀ ਦਲੇਰੀ..ਕਿੱਧਰ ਗਿਆ ਤੇਰਾ ਦਬਕਾ..?
ਆਖਣ ਲੱਗਾ ਇੱਕ ਹੱਥ ਖੋਲ ਦਿਓ ਫੇਰ ਵਿਖਾਉਨਾ..ਸੋਚਿਆ ਭੁੱਖ ਦਾ ਮਰਿਆ ਇੱਕ ਹੱਥ ਨਾਲ ਕੀ ਕਰ ਲਊ..ਇੱਕ ਹੱਥ ਖੋਲ ਦਿੱਤਾ..!
ਫੇਰ ਓਸੇ ਸਿਪਾਹੀ ਦੀ ਤਲਵਾਰ ਧੂਹ ਲਈ..ਖੁਦ ਮੁੱਕਣ ਤੋਂ ਪਹਿਲਾਂ ਕੋਲ ਖਲੋਤੇ ਕਿੰਨੇ ਸਾਰੇ ਮੁਕਾ ਦਿੱਤੇ..ਇਸ ਅਸਲ ਬਿਰਤਾਂਤ ਨੂੰ ਦਰਸਾਉਂਦੀ ਤਸਵੀਰ ਅੱਜ ਵੀ ਸ਼੍ਰੀ ਦਰਬਾਰ ਸਾਬ ਅਜਾਇਬ ਘਰ ਵੇਖੀ ਜਾ ਸਕਦੀ!
ਹਾਰ ਜਾਣ ਅਤੇ ਹਾਰ ਮੰਨ ਲੈਣ ਵਿਚ ਖਾਸਾ ਫਰਕ..!
ਕੁੱਤੇ ਅਤੇ ਖੋਤੇ ਵਿੱਚ ਸ਼ਰਤ ਲੱਗ ਗਈ..ਨਿਰਧਾਰਿਤ ਥਾਂ ਤੇ ਜਿਹੜਾ ਵੀ ਪਹਿਲੋਂ ਅੱਪੜ ਗਿਆ ਉਹ ਮੁਖੀਆ..ਗਧਾ ਜਾਣਦਾ ਸੀ ਭਾਵੇਂ ਜਿੰਨੀ ਮਰਜੀ ਤੇਜ ਭੱਜ ਲਵੇ..ਰਾਹ ਵਿਚ ਹਰ ਮੁਹੱਲੇ ਸ਼ਹਿਰ ਇਸਦੀ ਆਪਣੀ ਬਰਾਦਰੀ ਵਾਲਿਆਂ ਹੀ ਇਸਨੂੰ ਘੇਰ ਲਿਆ ਕਰਨਾ..!
ਹੋਇਆ ਵੀ ਇੰਝ ਹੀ..ਹਰ ਮੁਹੱਲੇ ਗਲੀ ਵਿੱਚ ਆਪੂੰ ਸ਼ੇਰ ਬਣੀ ਬੈਠੇ ਕਿੰਨੇ ਸਾਰੇ ਢਾਹ ਲਿਆ ਕਰਨ..ਅਖੀਰ ਦਿਨ ਢਲੇ ਅੱਪੜਿਆ ਤਾਂ ਤਖਤ ਤੇ ਬਿਰਾਜਮਾਨ ਹੋ ਚੁਕਾ ਗਧਾ ਟਿੱਚਰਾਂ ਕਰ ਰਿਹਾ ਸੀ!
ਸੋ ਦੋਸਤੋ ਆਪਣੇ ਘਰਾਂ ਵਿਚ ਸੇਫ ਹਾਂ..ਅਸੀਂ ਵੱਡੇ ਦੁਨੀਆ ਦਾਰ..ਪਰ ਬਹੁਤ ਬਰੀਕ ਹੈ ਸਮਝਣੀ ਇਹ ਧਰਮ ਯੁਧਾਂ ਦੀ ਕਾਰ!
ਹਰਪ੍ਰੀਤ ਸਿੰਘ ਜਵੰਦਾ