ਮੈਂ ਤਾਂ ਨਿਊਂ ਕਹਾਂ ਐਂ ਬੀ ਮ੍ਹਾਰੇ ਟੈਮ ਫੇਰ ਬੀ ਬੌਹਤ ਚੰਗੇ ਤੇ| ਭਮਾਂ ਦੀ ਪੈਸਾ ਧੇਲਾ ਐਨਾ ਜਾਦਾ ਨਹੀਂ ਹੋਆ ਕਰੈ ਤਾ| ਫੇਰ ਬੀ ਸਬਰ ਸੰਤੋਖ ਬੌਹਤ ਹੋਐ ਤਾ| ਇਬ ਤਾਂ ਪੈਸਾ ਧੇਲਾ ਬੌਹਤ ਐ ਲੋਕਾਂ ਪਾ, ਪਰ ਸਬਰ ਸੰਤੋਖ ਦਖਾਈ ਨੀਂ ਦੰਦਾ ਕਿਤੈ|
ਬੌਹਤ ਬਰਸ ਪੈਹਲਾਂ ਕੀ ਬਾਤ ਐ| ਮੈਂ ਪੰਜਮੀਂ ਛੈਮੀਂ ਮਾ ਪੜ੍ਹਦਾ ਤਾ ਚੋਲਟੇ ਕੇ ਸਕੂਲ ਮਾਂ| 76 – 77 ਕੀ ਬਾਤ ਹੋਣੀ ਐ ਸੈਤ| ਮ੍ਹਾਰੇ ਲਾਕੇ ਮਾਂ ਬਾਸੀਆਂ , ਚੋਲਟਾ, ਡੰਘੇਡੀਆਂ, ਨੰਦਪਰ ਕਲੌੜ ਪਿੰਡਾਂ ਮਾਂ ਮੇਲੇ ਭਰਿਆ ਕਰੈਂ ਤੇ| ਇਨ੍ਹਾਂ ਮੇਲਿਆਂ ਪਾ ਜਾਣ ਬਾਸਤੈ ਘਰਦੇ ਮ੍ਹਾਨੂੰ 50 ਪੈਸੇ ਯਾ ਕਦੇ ਕਦੇ ਇਕ ਰਪਈਆ ਦੇ ਦਿਆ ਕਰੈਂ ਤੇ| ਇਨ੍ਹਾਂ ਪੈਸਿਆਂ ਗੈਲ ਏ ਲਗੈ ਕਰੈ ਤਾ ਬੀ ਹਮ੍ਹੈਂ ਤਾਂ ਸਾਰਾ ਈ ਮੇਲਾ ਖਰੀਦ ਲਮੈਂਗੇ|
ਬਾਸੀਆਂ ਕਾ ਮੇਲਾ ਤਾ| ਮਿੰਨੂੰ ਇਕ ਰਪਈਆ ਮਿਲਿਆ ਤਾ| 25 ਪੈਸੇ ਮੇਰੇ ਪਾ ਪੈਹਲੇ ਪਏ ਤੇ| ਸਬਾ ਰਪਈਆ ਹੋ ਗਿਆ| ਮੈਂ ਜੁਗਤਾਂ ਬਣਾ ਰਿਹਾ ਤਾ ਬੀ ਐਤਕੀਂ ਮੇਲੇ ਪਰ ਜਾ ਕੈ ਪਤੌੜ ਖਾਊਂਗਾ, ਅਰ ਮਰੂਦਾਂ ਨੂੰ ਗੇੜੇ ਦਊਂਗਾ| ਗੈਲੇ ਜਲੇਬੀਆਂ ਖਾਣੇ ਕੀ ਬੀ ਸਲਾਹ ਤੀ| ਆਪਣੇ ਆੜੀਆਂ ਗੈਲ ਮੇਲੇ ਨੂੰ ਤੁਰ ਪਏ| ਸਮੇਰੀਓਂ ਈ ਮਾੜਾ ਜਾ ਛਿੜਕਾ ਜਾ ਹੋ ਗਿਆ ਤਾ| ਰਸਤਾ ਗਿੱਲਾ ਤਾ| ਭੜਦੈ ਜੀ ਹੋ ਗੀ ‘ਤੀ|
ਮੇਲੇ ਪਰ ਜਾ ਕੈ ਪੈਹਲਾਂ ਤਾਂ ਹਮੈਂ ਆੜੀਆਂ ਨੈਂ ਮਰੂਦ ਖਾਏ, ਫੇਰ ਪਤੌੜ ਲਏ| ਪਤੌੜਾਂ ਆਲੇ ਭਾਈ ਨੇ ਕਬਾਰ (ਅਖਬਾਰ) ਕਾ ਟੁਕੜਾ ਪਾੜ ਕੈ ਊਹ ਪਰ 25 ਪੈਸੇ ਕੇ ਪਤੌੜ ਧਰ ਤੇ। ਗੈਲ ਲਗਦੀ ਓ ਟੀਨੋਪਾਲ ਆਈ ਡੱਬੀ ਕੇ ਢੱਕਣ ਗੈਲ ਚਟਣੀ ਬੀ ਪਾ ‘ਤੀ|
ਹਮੈਂ ਸਾਰੇ ਓ ਆੜੀਆਂ ਨੈਂ ਪਤੌੜ ਖਾਏ ਫੇਰ ਇਕ ਝੱਟ ਹੋਰ ਮਰੂਦਾਂ ਕੀ ਲਾ ਤੀ| ਇੱਕ ਮੈਂ ਬਾਜਾ ਅਰ ਲਾਲ ਰੰਗ ਕੀਆਂ ਐਨਕਾਂ ਲੇ ਲੀਆਂ ਤੀਆਂ| ਇਨ੍ਹ ਪਰ 20 ਪੈਸੇ ਲੱਗ ਗੇ ਤੇ| ਮੈਂ 5 ਪੈਸੇ ਕਾ ਮਾੜੀ ਪਰ ਬੀ ਚੜ੍ਹਾ ‘ਤੇ ਤੇ। ਮੇਰੇ ਪਾ 15 ਪੈਸੇ ਬਾਕੀ ਬਚ ‘ਗੇ ਤੇ| ਅਸਲ ਮਾ ਮੇਰੇ ਆੜੀਆਂ ਨੈਂ ਮੇਰੇ ਸਾਰੇ ਪੈਸੇ ਖਰਚੋਆ ਤੇ ਤੇ|
ਜਲੇਬੀਆਂ ਖਾਣੇ ਕੀ ਇੱਛਾ ਪੂਰੀ ਹੁੰਦੀ ਨੀਂ ਤੀ ਲਗਦੀ| ਜਲੇਬੀਆਂ ਰਪਈਏ ਕੀਆਂ ਕੀਲੋ ਆਮੈਂ ਤੀਆਂ| ਅਰ ਮੇਰੇ ਪਾ ਤੇ 15 ਪੈਸੇ| ਦੂਏ ਆੜੀਆਂ ਨੂੰ ਕਿਹਾ ਬੀ ਸਾਰੇ ਓ ਪੈਸੇ ਕੱਠੇ ਕਰੋ| ਜੇ ਬੌਹਤਾ ਨੀਂ ਤਾਂ 50 ਪੈਸੇ ਤਾਂ ਹੋਣੇ ਈ ਚਾਹੀਦੇ ਐਂ| ਪਰ ਕੁਲ ਮਲਾ ਕੈ ਬੀ ਜਲੇਬੀਆਂ ਜੋਗੇ ਪੈਸੇ ਨਾਂ ਬਣੇ| ਇੰਨੇ ਨੂੰ ਮੀਤਾ ਚਾਚਾ ਪਰਾਂ ਤੇ ਐਧਰ ਨੂੰ ਔਂਦਾ ਦਿਖਿਆ| ਦੂਰ ਤੇ ਈ ਬੋਲਿਆ ਓ ਬਬਲੇ (ਮੇਰਾ ਗਰੌਂ ਕਾ ਨੌਂ) ਤੈਂ ਪੱਪੂ ਅਰ ਪਾਲਾ ਬੀ ਦੇਖੇ ਐਂ ਕਿਤੇ| ਇਹ ਮੀਤੇ ਚਾਚੇ ਕੇ ਛੌਕਰੇ ਤੇ| ਹਮ੍ਹੈਂ ਕੱਠੇ ਈ ਆਏ ਤੇ ਘਰ ਤੇ| ਪਰ ਇਬ ਉਹ ਕਿਸੇ ਹੋਰ ਪਾਲਟੀ ਗੈਲ ਚਲੇ ਗੇ ਤੇ| ਊਹਨੈਂ ਕੀਲੋ ਜਲੇਬੀਆਂ ਪੁਆ ਲੀਆਂ| ਗੈਲੇ ਮ੍ਹਾਨੂੰ ਬੀ ਬਲਾ ਲਿਆ ਬੀ ਆ ਜੋ| ਪਰ ਪੈਹਲਾਂ ਪੱਪੂ ਅਰ ਪਾਲੇ ਨੂੰ ਬਲਾ ਕੈ ਲਿਆਓ|
ਮਾਹਟਰਾਂ ਕਾ ਭੂਰਾ ਬੌਹਤ ਸਰਾਰਤੀ ਤਾ| ਊਹਨੂੰ ਪਤਾ ਤਾ ਬੀ ਪਾਲੇ ਅਰੀਂ ਕਿੱਥੇ ਐਂ| ਉਹ ਦੌੜ ਕੈ ਗਿਆ ਅਰ ਦੋਹਾਂ ਨੂੰ ਬਲਾ ਲਿਆਇਆ| ਲਓ ਜੀ ਚਾਚੇ ਨੈਂ ਅੱਧਾ ਕਿੱਲੋ ਹੋਰ ਜਲੇਬੀਆਂ ਤਲਬਾ ਲੀਆਂ| ਹਮੈਂ ਸਾਰਿਆਂ ਨੈਂ ਰੱਜ ਰੱਜ ਕੈ ਜਲੇਬੀਆਂ ਖਾਧੀਆਂ| ਫੇਰ ਬਾਰੀ ਆ ਗੀ ਜਲੇਬੀਆਂ ਆਲੇ ਲਫਾਫੇ ਕੀ| ਉਹ ਭੂਰੇ ਕੇ ਹੱਥ ਮਾਂ ਤਾ| ਭੂਰੇ ਨੈਂ ਜਲੇਬੀਆਂ ਸਾਰਿਆਂ ਨੂੰ ਖਲਾ ਕੈ ਲਫਾਫਾ ਚੱਟਣਾਂ ਸੁਰੂ ਕਰ ਤਾ| ਸਾਰੀ ਓ ਚਾਹਣੀ ਚੱਟ ਗਿਆ|
ਇਸ ਮਾਂ ਹਸਣੈ ਆਲੀ ਗੱਲ ਕਿਆ ਐ ??
ਪੈਹਲਾਂ ਤਾਂ ਬਾਈ ਜੀ ਜਲੇਬੀਆਂ ਜਿਸ ਲਫਾਫੇ ਮਾਂ ਹੋਐ ਕਰੈਂ ਤੀਆਂ ਉਸਨੂੰ ਵੀ ਚੱਟ ਜਿਆ ਕਰੈਂ ਤੇ| ਊਂ ਸਾਰੇ ਰਲ ਮਿਲ ਕੈ ਖਾਇਆ ਪੀਇਆ ਕਰੈਂ ਤੇ| ਇੱਕ ਬਾਤ ਪੱਕੀ ਹੈ ਜਿਸ ਨੈਂ ਜਲੇਬੀਆਂ ਖਾ ਕੈ ਉਹ ਖਾਲੀ ਹੋ ਗਿਆ ਲਫਾਫਾ ਨਹੀਂ ਚੱਟਿਆ, ਉਸ ਨੈਂ ਮੇਲੇ ਕਾ ਕਿਆ ਸੁਆਦ ਲਿਆ?
-ਗੁਰਪ੍ਰੀਤ ਸਿੰਘ ਨਿਆਮੀਆਂ