ਸਰੂਪ ਸਿੰਘ..ਲੁਧਿਆਣਿਓਂ-ਪਾਉਂਟਾ ਸਾਬ ਚੱਲਦੀ ਹਿਮਾਚਲ ਰੋਡ ਟ੍ਰਾੰਸਪੋਰਟ ਦੀ ਬੱਸ ਦਾ ਡਰਾਈਵਰ..ਸਾਬਕ ਫੌਜੀ ਸੀ ਪਰ ਹਰ ਕੋਈ ਗਿਆਨੀ ਸਰੂਪ ਸਿੰਘ ਆਖ ਸੱਦਦਾ..!
ਬੱਸ ਹਮੇਸ਼ਾਂ ਜੈਕਾਰੇ ਦੀ ਗੂੰਝ ਨਾਲ ਹੀ ਅੱਡੇ ਵਿਚੋਂ ਨਿੱਕਲਿਆਂ ਕਰਦੀ ਅਤੇ ਮੁੜ ਪਾਉਂਟਾ ਸਾਬ ਦੀ ਹਦੂਦ ਅੰਦਰ ਦਾਖਿਲ ਹੁੰਦਿਆਂ ਹੀ ਚਾਰਾ-ਪਾਸਾ ਬੋਲੇ ਸੋ ਨਿਹਾਲ ਦੀ ਆਵਾਜ਼ ਨਾਲ ਸਿਹਰ ਉਠਿਆ ਕਰਦਾ..!
ਇੱਕ ਵੇਰ ਸ਼ਿਕਾਇਤ ਵੀ ਹੋਈ..ਜੈਕਾਰੇ ਵਿਚੋਂ ਵੱਖਵਾਦ ਝਲਕਦਾ..ਪਰ ਦਲੇਰੀ ਦਾ ਮੁਜੱਸਮਾ ਜਾਂਚ ਪੈਨਲ ਅੱਗੇ ਸਾਫ ਸਾਫ ਆਖ ਦਿਆ ਕਰਦਾ ਕੇ ਇਹੋ ਜੈਕਾਰਾ ਅਸੀਂ ਬਾਡਰਾਂ ਤੇ ਆਮ ਹੀ ਛੱਡਦੇ ਹੁੰਦੇ ਸਾਂ..ਸੌ-ਸੌ ਫੁੱਟ ਡੂੰਘੀਆਂ ਖਾਈਆਂ ਕੋਲੋਂ ਏਨੀਆਂ ਸਵਾਰੀਆਂ ਨੂੰ ਸੁੱਖੀ-ਸਾਂਦੀ ਮੰਜਿਲ ਤੱਕ ਪਹੁੰਚਾਣਾ ਵੀ ਤੇ ਇੱਕ ਜੰਗ ਲੜਨ ਦੇ ਬਰੋਬਰ ਹੀ ਏ..!
ਅਗਲਿਆਂ ਨੂੰ ਕੋਈ ਜਵਾਬ ਨਾ ਅਹੁੜਦਾ..!
ਦਾਦਾ ਜੀ ਉੱਚ ਕੋਟੀ ਦਾ ਕਵੀਸ਼ਰ ਅਤੇ ਕਥਾਵਾਚਕ..ਅਕਸਰ ਦੱਸਦਾ ਕੇ ਅਸਲੀ ਕਥਾਵਾਚਕ ਉਹ ਜਿਹੜਾ ਸੰਗਤ ਦੇ ਹਾਵ ਭਾਵ ਵੇਖ ਆਪਣੀ ਕਥਾ ਦਾ ਰੁੱਖ ਨਾ ਬਦਲੇ..!
ਪਾਉਂਟਾ ਸਾਬ ਚੱਪੇ-ਚੱਪੇ ਦੇ ਇਤਿਹਾਸ ਤੋਂ ਭਲੀ ਭਾਂਤ ਵਾਕਿਫ ਆਖ ਦਿਆ ਕਰਦਾ ਕੇ ਮੇਰੇ ਦਸਮ ਪਿਤਾ ਨੇ ਕਦੇ ਵੀ ਪਹਿਲੋਂ ਵਾਰ ਨਹੀਂ ਕੀਤਾ..ਸੋਲਾਂ ਵਿਚੋਂ ਚੌਦਾਂ ਲੜਾਈਆਂ ਇਥੋਂ ਦੀਆਂ ਪਹਾੜੀਆਂ ਵਿਚੋਂ ਹੀ ਥੋਪੀਆਂ ਗਈਆਂ ਸਨ..ਦਿੱਲੀ ਤੇ ਸਿਰਫ ਦੋ ਵੇਰ ਹੀ ਚੜ ਕੇ ਆਈ ਸੀ!
ਇੱਕ ਦਿਨ ਪਾਉਂਟਾ ਸਾਬ ਤੋਂ ਕੁਝ ਮੀਲ ਉਰਾਂ ਹੀ ਇੱਕ ਤਿੱਖੇ ਮੋੜ ਤੋਂ ਡਿੱਗੇ ਪੱਥਰ ਕਰਕੇ ਸੰਤੁਲਨ ਵਿਗੜ ਗਿਆ..ਬੱਸ ਕੁਝ ਕੂ ਫੁੱਟ ਥੱਲੇ ਨੂੰ ਖਿਸਕ ਇੱਕ ਰੁੱਖ ਦੇ ਆਸਰੇ ਖਲੋ ਗਈ..!
ਸਰੂਪ ਸਿੰਘ ਨੇ ਬ੍ਰੇਕ ਤੋਂ ਪੈਰ ਨਾ ਚੁੱਕਿਆ..ਚਾਹੁੰਦਾ ਤਾਂ ਸਵਾਰੀਆਂ ਨੂੰ ਕਿਸਮਤ ਆਸਰੇ ਛੱਡ ਨਿੱਕਲ ਵੀ ਸਕਦਾ ਸੀ ਪਰ ਡਟਿਆ ਰਿਹਾ..!
ਮੌਤ ਦੇ ਮੂਹੋਂ ਬਚ ਨਿੱਕਲ਼ੀਆਂ ਸਵਾਰੀਆਂ ਹੇਠਾਂ ਉੱਤਰ ਆਪੋ ਆਪਣੇ ਰਾਹ ਪੈ ਗਈਆਂ..ਵਾਹਿਗੁਰੂ ਦਾ ਸ਼ੁਕਰਾਨਾ ਕਰ ਸਰੂਪ ਸਿੰਘ ਨੇ ਅਖੀਰ ਬ੍ਰੇਕ ਤੋਂ ਪੈਰ ਚੁੱਕ ਲਿਆ..!
ਇਸ ਵੇਰ ਬੱਸ ਬਿਲਕੁਲ ਹੀ ਸ਼ਾਂਤ ਸੀ..ਬਚਿੱਤਰ ਸਿੰਘ ਦੀ ਨਾਗਣੀ ਖਾਣ ਮਗਰੋਂ ਸ਼ਾਂਤ ਹੋ ਗਏ ਮਸਤ ਹਾਥੀ ਵਾਂਙ..!
ਬਾਹਰ ਨਿੱਕਲ ਘੁੱਪ ਹਨੇਰੇ ਦੀ ਬੁੱਕਲ ਵਿਚ ਵੇਗ ਵਿਚ ਆਏ ਨੇ ਪੂਰੇ ਜ਼ੋਰ ਨਾਲ ਉੱਚੀ ਸਾਰੀ ਜੈਕਾਰਾ ਛੱਡ ਦਿੱਤਾ..ਰਹਿ ਭਾਵੇਂ ਉਹ ਕੱਲਾ ਗਿਆ ਸੀ ਤਾਂ ਵੀ ਪਾਉਂਟਾ ਸਾਬ ਉੱਚੀਆਂ ਪਹਾੜੀਆਂ ਵਾਲੇ ਪਾਸਿਓਂ “ਸੱਤ ਸ੍ਰੀ ਅਕਾਲ” ਦੀਆਂ ਆਈਆਂ ਕਿੰਨੀਆਂ ਸਾਰੀਆਂ ਅਵਾਜ਼ਾਂ ਨੇ ਉਸਦੇ ਲੂ ਕੰਢੇ ਖੜੇ ਕਰ ਦਿੱਤੇ..!
ਇਸ ਵੇਰ ਜੈਕਾਰਿਆਂ ਦੀਆਂ ਅਵਾਜ਼ਾਂ ਦੇ ਨਾਲ ਨਾਲ ਉਸਨੇ ਪਹਿਲੀ ਵੇਰ ਘੋੜਿਆਂ ਦੀਆਂ ਟਾਪਾਂ ਦੀ ਅਵਾਜ ਵੀ ਸੁਣੀ..ਕੁਝ ਪਲਾਂ ਲਈ ਇੰਝ ਲੱਗਾ ਜਿੱਦਾਂ ਬਿਲਕੁਲ ਕੋਲੋਂ ਹੀ ਦਸਮ ਪਿਤਾ ਲੰਘ ਰਹੇ ਹੋਣ..ਸ਼ਸ਼ਤਰਧਾਰੀ ਸਿੰਘਾਂ ਦੇ ਇੱਕ ਵੱਡੇ ਕਾਫਲੇ ਸਣੇ..!
ਹਰਪ੍ਰੀਤ ਸਿੰਘ ਜਵੰਦਾ