ਵਿਅਕਤੀਆਂ ਦੀਆਂ ਵਰਤਾਰੇ ਦੇ ਹਿਸਾਬ ਨਾਲ ਤਿੰਨ ਕਿਸਮਾਂ
ਇਕ ਪੁਰਾਣੇ ਰਿਟਾਇਰ ਜੱਜ ਸਾਹਿਬ ਸਾਡੇ ਰਿਸ਼ਤੇਦਾਰ ਸਨ ਤੇ ਅਸੀਂ ਵਾਹਵਾ ਇੱਜ਼ਤ ਵੀ ਕਰਦੇ ਸੀ ਉਹਨਾਂ ਦੀ ਰੁਤਬੇ ਅਤੇ ਸਮਾਜਿਕ ਸਮਝ ਕਰਕੇ ਤੇ ਉਹ ਸਲਾਹ ਵੀ ਬੜੀ ਸਟੀਕ ਦਿੰਦੇ ਸਨ। ਦੁਨੀਆਦਾਰੀ ਤੇ ਵਕਾਲਤ ਤੋਂ ਬਾਅਦ ਹਾਈਕੋਰਟ ਵਿਚ ਲਗਾ ਕੇ ਉਹਨਾਂ ਦੀ ਸਮਝ, ਲਿਆਕਤ ਦਾ ਮਨ ਵਿੱਚ ਡਰ ਵੀ ਰਹਿੰਦਾ ਸੀ ਤੇ ਹਰ ਗੱਲ ਬਾਰੇਕਿ ਜੱਜ ਸਾਹਿਬ ਕੀ ਕਹਿਣਗੇ ਜਾਂ ਇਹ ਵੀ ਕਿ ਜੇ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਪਰਿਵਾਰ ਨਾਲ ਨਾਰਾਜ਼ ਨਾ ਹੋ ਜਾਣ। ਸਮਾਂ ਬੀਤਦਾ ਗਿਆ ਕਾਲਜ ਦੇ ਦਿਨਾਂ ਵਿਚ ਮੈਂ ਵਿਦਿਆਰਥੀ ਸਿਆਸਤ ਵਿਚ ਭਾਗ ਲੈਣ ਲੱਗਾ ਤਾਂ ਗਰਮ ਉਮਰ ਮੁਤਾਬਿਕ ਇਕ ਦੋ ਲੜਾਈਆਂ ਚ ਨਾਮ ਬੋਲਿਆ ਤਾਂ ਥਾਣਿਆਂ ਵਿਚੋਂ ਛੁਡਵਾਉਣ ਲਈ ਉਹਨਾਂ ਦਾ ਸਹਾਰਾ ਲੈਣਾ ਪਿਆ ਜਾਂ ਰਾਜ਼ਾਨਾਮੇ ਕਰਵਾਉਣ ਲਈ ਉਹਨਾਂ ਦਾ ਰਸੂਖ ਵਰਤਿਆ ਗਿਆ। ਮੈਂਨੂੰ ਕਈ ਵਾਰੀ ਉਹਨਾਂ ਦੀ ਡਾਂਟ ਵੀ ਖਾਣੀ ਪਈ ਪਰ ਸਿਆਸਤ ਵਾਲਾ ਕੀੜਾ ਮੈਂ ਨਾ ਕੱਢ ਸਕਿਆ ਤੇ ਕਾਲਜ ਤੋਂ ਯੂਨੀਵਰਸਿਟੀ ਤੱਕ ਇਹ ਚਲਦਾ ਰਿਹਾ ਉਹਨਾਂ ਨੂੰ ਬਿਨ੍ਹਾਂ ਦੱਸੇ।ਉਹ ਆਪਣੇ ਅਹੁਦੇ ਤੋਂ ਰਿਟਾਇਰ ਹੋ ਗਏ ਤੇ ਚੰਡੀਗੜ ਹੀ ਰਹਿਣ ਲੱਗ ਪਏ ਅਤੇ ਸਾਲ ਵਿਚ ਇਕ ਦੋ ਵਾਰ ਮੇਲ ਮਿਲਾਪ ਹੁੰਦਾ ਉਹਨਾਂ ਨਾਲ । ਫਿਰ ਪੰਜਾਬ ਦੀ ਸਿਆਸਤ ਤੇ ਵੀ ਅੰਨਾ ਅੰਦੋਲਨ ਦਾ ਅਸਰ ਪਿਆ ਤੇ ਮੈਂ ਨਿੱਜੀ ਖੇਤਰ ਦੀ ਨੌਕਰੀ ਛੱਡ ਦਿੱਲੀ ਡੇਰੇ ਲਗਾਏ ਤਾਂ ਕੁੱਝ ਦਿਨਾਂ ਵਿਚ ਨਵੀਂ ਬਣੀ ਪਾਰਟੀ ਦੀਆਂ ਸਫਾਂ ਵਿਚ ਸ਼ਾਮਿਲ ਹੋ ਗਿਆ ਤੇ ਪੰਜਾਬ ਪੱਧਰ ਦੇ ਨੇਤਾਵਾਂ ਵਿਚ ਨਾ ਬੋਲਣ ਲੱਗ ਪਿਆ। ਆਖਿਰਕਾਰ ਜਦ ਐਮ ਐਲ ਏ ਲਈ ਮੇਰੇ ਨਾਮ ਦੀ ਚਰਚਾ ਹੋਣ ਲਈ ਤਾਂ ਮੈਂਨੂੰ ਆਸ਼ੀਰਵਾਦ ਲੈਣ ਲਈ ਉਹਨਾਂ ਕੋਲ ਜਾਣਾ ਹੀ ਪੈਣਾ ਸੀ ਤਾਂ ਮੈਂ ਨੀਵਾਂ ਜਿਹਾ ਹੋ ਕਿ ਉਹਨਾਂ ਕੋਲ ਪਹੁੰਚ ਗਿਆ।ਗੋਡੀਂ ਹੱਥ ਲਾ ਕੇ ਚਾਹ ਪਾਣੀ ਪੀ ਕੇ ਮੈਂ ਹਿੰਮਤ ਜਹੀ ਕਰਕੇ ਉਹਨਾਂ ਨੂੰ ਦੱਸਣ ਹੀ ਲੱਗਾ ਸੀ ਕਿ ਉਹ ਆਪ ਹੀ ਬੋਲ ਪਏ ਕਿਵੇਂ ਸਰਦਾਰਾ ਫਿਰ ਨਹੀਂ ਟਲਿਆ ਸਿਆਸੀ ਬਣ ਹੀ ਗਿਆ ਹੈਂ ! ਮੈਂ ਕਿਹਾ ਜੀ ਬਣ ਗਿਆ ਤੇ ਹੁਣ ਅਗਲੀ ਪੌੜੀ ਚੜਣ ਲਈ ਤੁਹਾਡੇ ਆਸ਼ੀਰਵਾਦ ਦੀ ਲੋੜ ਹੈ। ਤਾਂ ਉਹਨਾਂ ਸੁਤੇ ਸੁਭਾਅ ਕਿਹਾ ਚੰਗਾ ਹੁੰਦਾ ਜੇ ਆਪਣੇ ਪਰਿਵਾਰਾਂ ਵਿਚੋਂ ਕੋਈ ਸਿਆਸਤ ਵਿਚ ਨਾ ਜਾਂਦਾ ਪਰ ਹੁਣ ਜੇ ਤੂੰ ਚਲਾ ਹੀ ਗਿਆ ਹੈਂ ਤਾਂ ਮੇਰੀ ਇਸ ਗੱਲ ਦਾ ਧਿਆਨ ਰੱਖੀ। ਮੈਂ ਕਿਹਾ ਹੁਕਮ ਕਰੋ ਜੀ ਤੁਸੀਂ ਮੈਂ ਸਦਾ ਧਿਆਨ ਰੱਖਾਂਗਾ। ਕਹਿੰਦੇ ਦੁਨੀਆ ਵਿਚ ਤਿੰਨ ਤਰ੍ਹਾਂ ਦੇ ਬੰਦੇ ਹੁੰਦੇ ਹਨ ; ‘ਉਚੇ’, ‘ਸੁੱਚੇ’ ਅਤੇ ‘ਲੁੱਚੇ’ । ਤੇ ਹੁਣ ਸਿਆਸਤ ਵਿਚ ਹੈਂ ਤਾਂ ਕੋਸ਼ਿਸ਼ ਕਰੀਂ ਵੱਧ ਤੋਂ ਵੱਧ ਉਚੇ ਲੋਕਾਂ ਦੀ ਸੰਗਤ ਕਰੀਂ ਕਿਉਂਕਿ ਉਹਨਾਂ ਨੂੰ ਤੇਰੇ ਤੱਕ ਕੰਮ ਪਵੇ ਨਾ ਪਵੇ ਪਰ ਉਹਨਾਂ ਤੱਕ ਤੈਂਨੂੰ ਸਦਾ ਹੀ ਕੰਮ ਰਹੇਗਾ ਕਿਉਂਕਿ ਉਹਨਾਂ ਦੇ ਵਿਚਾਰ ਹੋਰਨਾਂ ਨੂੰ ਪ੍ਰਭਾਵਿਤ ਕਰਨਗੇ ਤੇ ਜੇ ਉਹਨਾਂ ਕੋਲ ਤੂੰ ਜਾਂਦਾ ਆਉਦਾ ਰਹੇਂਗਾ ਤਾਂ ਤੇਰਾ ਹੀ ਫਾਇਦਾ ਹੈ। ਮੈਂ ਕਿਹਾ ਸੱਤ ਬਚਨ ਜੀ ਨੋਟ ਕਰ ਲਿਆ ਤੇ ਸਮਝ ਵੀ ਗਿਆ। ਅੱਗੇ ਜੱਜ ਸਾਹਿਬ (ਜੋ ਹੁਣ ਰਿਟਾਇਰ ਹੋ ਚੁੱਕੇ ਸਨ) ਕਹਿੰਦੇ ਕਿ ਦੂਜੀ ਕਿਸਮ ਦੇ ਲੋਕ ਹੋਣਗੇ ਸੁਚੇ ਜਿੰਨਾ ਨਾਲ ਤੈਨੂੰ ਤੁਰਨਾ ਵੀ ਪਵੇਗਾ ਤੇ ਉਹਨਾਂ ਨੂੰ ਤੇਰੇ ਨਾਲ ਕੰਮ ਵੀ ਪਵੇਗਾ ਤੇ ਉਹ ਸੁੱਚਤਾ ਕਰਕੇ ਤੇਰਾ ਸਾਥ ਦੇਣਗੇ । ਇਹ ਬੰਦੇ ਤੇਰੇ ਆਲੇ ਦੁਆਲੇ ਜਿੰਨੇ ਵੱਧ ਹੋਣਗੇ ਉਨੀ ਹੀ ਤੇਰੀ ਤਰੱਕੀ ਹੋਵੇਗੀ। ਇਹ ਬੰਦੇ ਵੱਧ ਤੋਂ ਵੱਧ ਆਪਣੇ ਨਾਲ ਜੋੜਣ ਦੀ ਕੋਸ਼ਿਸ਼ ਕਰੀਂ। ਮੈਂ ਸੁਤੇ ਸੁਭਾਅ ਤੀਜੀ ਕਿਸਮ ਭਾਵ ‘ਲੁੱਚੇ’ ਵਿਅਕਤੀਆਂ ਦੀ ਕਿਸਮ ਬਾਰੇ ਵੀ ਪੁੱਛ ਲਿਆ ਤਾਂ ਉਹ ਕਹਿੰਦੇ ਇਹ ਉਹ ਕਿਸਮ ਦੇ ਵਿਅਕਤੀ ਹੋਣਗੇ ਜਿੰਨਾ ਨੂੰ ਆਮ ਬੰਦਾ ਬੁਲਾਉਣ ਤੋਂ ਹੀ ਕੰਨੀ ਕਤਰਾਉਦਾ ਹੈ ਤੇ ਇਹਨਾ ਤੋਂ ਜਿੰਨਾ ਤੂੰ ਦੂਰ ਰਹਿ ਸਕੇ ਵਧੀਆ ਗੱਲ ਹੈ। ਪਰ ਤੇਰੀ ਹੁਣ ਮਜਬੂਰੀ ਹੋਵੇਗੀ ਕਿ ਸਿਆਸਤ ਵਿਚ ਹੋਣ ਕਰਕੇ ਤੈਂਨੂੰ ਲੁੱਚਿਆਂ ਦੀ ਵੀ ਲੋੜ ਪਵੇਗੀ ਸੋ ਇਹਨਾਂ ਨੂੰ ਕਦੇ ਵੀ ਦਿਨ ਦੇ ਸਮੇਂ ਵਿਚ ਨਾ ਮਿਲਣ ਜਾਈਂ ਕਿਉਂਕਿ ਇਹਨਾਂ ਨਾਲ ਮੇਲ ਜੋਲ ਤੇਰੇ ਤੋਂ ਸੁੱਚਿਆਂ ਤੇ ਉੱਚਿਆਂ ਨੂੰ ਪਤਾ ਲੱਗਣ ਤੇ ਤੈਂਨੂੰ ਉਹਨਾਂ ਤੋਂ ਦੂਰ ਕਰ ਦੇਵੇਗਾ। ਇਹਨਾਂ ਨੂੰ ਕਦੇ ਮਿਲੇ ਤਾਂ ਇਕੱਲਾ ਮਿਲਣ ਦੀ ਕੋਸ਼ਿਸ਼ ਕਰੀਂ ਤੇ ਜਨਤਕ ਤੌਰ ਤੇ ਸਿਰਫ ਹੈਲੋ ਹਾਏ ਹੀ ਰੱਖੀਂ । ਮੈਂ ਇਹ ਗੱਲ ਲੜ ਬੰਨ੍ਹ ਲਈ ਹੈ ਤੇ ਸਿਆਸਤ ਦੀ ਪੌੜੀ ਚੜਣ ਵੇਲੇ ਉੱਚੇ, ਸੁੱਚੇ ਤੇ ਲੁੱਚੇ ਵਿਅਕਤੀਆਂ ਦੀ ਕੈਟਾਗਿਰੀ ਦੇ ਅਨੁਸਾਰ ਸਭ ਨਾਲ ਸਬੰਧ ਬਣਾ ਕੇ ਚੱਲ ਰਿਹਾ ਹੈ। ਪਰ ਦੁਖਦਾਈ ਗੱਲ ਇਹ ਹੈ ਕਿ ਸਿਆਸਤ ਵਿਚ ਵੱਧ ਲੁੱਚਿਆਂ ਦਾ ਬੋਲ ਬਾਲਾ ਹੈ ਜਦ ਕਿ ਲੋਕ ਸੁੱਚਿਆਂ ਦੀ ਕਦਰ ਕਰਦੇ ਹਨ। ਸੋ ਮੁਕਦੀ ਗੱਲ ਇਹ ਕਿ ਜਿੰਦਗੀ ਵਿਚ ਇਹਨਾਂ ਤਿੰਨਾਂ ਕਿਸਮਾਂ ਦੇ ਵਿਅਕਤੀਆਂ ਦੀ ਪਛਾਣ ਕਰਨੀ ਆਉਣੀ ਜਨਤਕ ਖੇਤਰ ਵਿਚ ਵਧਣ ਲਈ ਜ਼ਰੂਰੀ ਹੈ।
(ਨੋਟ-ਸੰਪੂਰਨ ਬਿਰਤਾਂਤ ਕਾਲਪਨਿਕ ਤੇ ਸਵੈ ਸਿਰਜਿਆ ਹੈ ਕਿਸੇ ਵਿਅਕਤੀ ਵਿਸ਼ੇਸ਼ ਨਾਲ ਇਸਦਾ ਕੋਈ ਸਬੰਧ ਨਹੀਂ ਹੈ।)
ਵਿਸ਼ਵਦੀਪ ਬਰਾੜ ਮਾਨਸਾ।