ਘਰੇ ਪਿਆ ਵੰਡ ਵੰਡਾਈ ਦਾ ਵੱਡਾ ਕਲੇਸ਼..ਅੱਜ ਪੰਚਾਇਤ ਬੈਠਣੀ ਸੀ..ਨਿੱਕਾ ਭਰਾ ਆਪਣੇ ਹਿੱਸੇ ਆਉਂਦੀਆਂ ਸ਼ੈਵਾਂ ਦੀ ਇੱਕ ਲੰਮੀ ਚੋੜੀ ਲਿਸਟ ਬਣਾਈ ਹਮਾਇਤੀਆਂ ਨਾਲ ਤੁਰਿਆ ਫਿਰ ਰਿਹਾ ਸੀ ਤੇ ਵੱਡਾ ਆਪਣੀ ਵੱਖਰੀ..!
ਪੰਚਾਇਤ..ਰਿਸ਼ਤੇਦਾਰੀ..ਪਟਵਾਰੀ..ਗਰਦੌਰ..ਕਿੰਨੇ ਸਾਰੇ ਮੋਤਬੇਰ..ਸਭ ਵਿਹੜੇ ਵਿੱਚ ਬੈਠੇ ਹੋਏ ਸਨ..ਲੜਾਈ ਹੋ ਜਾਣ ਦਾ ਵੀ ਪੂਰਾ ਖਦਸ਼ਾ ਸੀ!
ਅਪਾਹਿਜ ਕੁਰਸੀ ਤੇ ਪਾਸੇ ਜਿਹੇ ਹੋ ਕੇ ਬੈਠੀ ਹੰਝੂ ਵਹਾਉਂਦੀ ਮਾਂ ਵਾਹਿਗੁਰੂ ਅਗੇ ਕਿਸੇ ਕਰਾਮਾਤ ਲਈ ਅਰਜੋਈਆਂ ਕਰੀ ਜਾ ਰਹੀ ਸੀ..!
ਦੋਹਾਂ ਭਰਾਵਾਂ ਦੇ ਨਿੱਕੇ ਨਿੱਕੇ ਨਿਆਂਣੇ ਇਸ ਸਭ ਵਰਤਾਰੇ ਤੋਂ ਅਣਜਾਣ ਘਰੋਂ ਬਾਹਰ ਰੁੱਖਾਂ ਹੇਠ ਇੱਕਠੇ ਖੇਡ ਰਹੇ ਸਨ..ਅਚਾਨਕ ਆਪੋ ਵਿੱਚ ਗੁੱਥਮ-ਗੁੱਥਾ ਹੋ ਪਏ..ਲੜਾਈ ਦੀ ਵਜਾ ਧਰੇਕ ਹੇਠਾਂ ਡਿੱਗੇ ਧਰਕੋਨਿਆਂ ਦੀ ਇੱਕ ਮੁੱਠ ਸੀ..ਇੱਕ ਆਖ ਰਿਹਾ ਸੀ ਮੇਰੇ ਨੇ ਤੇ ਦੂਜਾ ਮੀਚੀ ਹੋਈ ਮੁੱਠ ਵਿਚੋਂ ਵੱਧ ਲੈਣ ਲਈ ਜੱਦੋਜਹਿਦ ਕਰ ਰਿਹਾ ਸੀ..!
ਏਨੇ ਨੂੰ ਕੋਲੋਂ ਲ਼ੰਘਦੇ ਇੱਕ ਬਾਬਾ ਜੀ ਦੋਹਾ ਨੂੰ ਇੰਝ ਲੜਦਿਆਂ ਵੇਖ ਖਲੋ ਗਏ..ਇਹ ਬਾਬੇ ਹੁਰੀਂ ਪਿਛਲੇ ਕਿੰਨਿਆਂ ਵਰ੍ਹਿਆਂ ਤੋਂ ਠੀਕ ਇਸੇ ਵੇਲੇ ਹਰ ਰੋਜ ਹਰ ਘਰੋਂ ਆਟੇ ਦੀ ਲੱਪ ਮੰਗਣ ਆਇਆ ਕਰਦੇ ਸਨ..!
ਥੋੜੀ ਦੇਰ ਲੜਦੇ ਪਏ ਨਿਆਣਿਆਂ ਨੂੰ ਵੇਖਦੇ ਰਹੇ ਫਿਰ ਹੱਸੇ ਤੇ ਫੇਰ ਉੱਚੀ ਸਾਰੀ ਆਖਣ ਲੱਗੇ ਭਾਈ ਜਿਹੜੀ ਚੀਜ ਤੁਹਾਡੀਆਂ ਮਾਵਾਂ ਨੇ ਆਥਣ ਵੇਲੇ ਘਰ ਦੀਆਂ ਬਰੂਹਾਂ ਤੱਕ ਵੀ ਨੀ ਟੱਪਣ ਦੇਣੀ..ਉਸ ਤੋਂ ਕਿਓਂ ਲੜਦੇ ਪਏ ਓ..!
ਦੋਵੇਂ ਬੱਚੇ ਏਨੀ ਗੱਲ ਸੁਣ ਠਠੰਬਰ ਗਏ ਤੇ ਸ਼ਾਇਦ ਡਰ ਵੀ ਗਏ..ਦੋਹਾਂ ਦੀਆਂ ਮੁਠੀਆਂ ਅਤੇ ਤੇਵਰ ਇੱਕਦਮ ਹੀ ਢਿੱਲੇ ਜਿਹੇ ਪੈ ਗਏ ..!
ਬਾਬਾ ਜੀ ਆਟੇ ਦੀ ਲੱਪ ਝੋਲੀ ਵਿੱਚ ਪਵਾ ਉੱਚੀ ਸਾਰੀ ਏਨੀ ਗੱਲ ਆਖਦੇ ਹੋਏ ਆਪਣੇ ਰਾਹ ਪੈ ਗਏ ਕੇ ਕਮਲਿਓ ਖਾਲੀ ਹੱਥ ਆਏ ਸੋ ਤੇ ਇੱਕ ਦਿਨ ਖਾਲੀ ਹੱਥ ਹੀ ਮੁੜ ਜਾਣਾ..ਫੇਰ ਕਾਹਦੀਆਂ ਵੰਡ ਵੰਡਾਈਆਂ!
ਅਗਲੇ ਦਿਨ ਸਾਰਾ ਇਲਾਕਾ ਹੈਰਾਨ ਸੀ..ਦੋਹਾਂ ਧਿਰਾਂ ਵਿੱਚ ਰਾਜੀ ਨਾਵਾਂ ਹੋ ਗਿਆ ਸੀ..ਉਹ ਵੀ ਬਿਨਾ ਕਿਸੇ ਖੂਨ ਖਰਾਬੇ ਅਤੇ ਰੌਲੇ ਰੱਪੇ ਦੇ..!
ਉਸ ਦਿਨ ਬੀਜੀ ਵੱਲੋਂ ਬਾਬੇ ਹੁਰਾਂ ਨੂੰ ਖੁਦ ਆਪਣੇ ਹੱਥੀਂ ਪਾਈ ਆਟੇ ਦੀ ਇੱਕ ਲੱਪ ਸ਼ਾਇਦ ਆਪਣੀ ਕਰਾਮਾਤ ਵਰਤਾਅ ਗਈ ਸੀ..ਓਹੀ ਕਰਾਮਾਤ ਜਿਹੜੀ ਅਕਸਰ ਹੀ ਵਾਪਰ ਜਾਇਆ ਕਰਦੀ ਏ..ਜਦੋਂ ਸੱਚੇ ਦਿਲੋਂ ਵੈਰਾਗ ਬਣ ਨਿੱਕਲ ਤੁਰੀ ਇੱਕ ਅਰਦਾਸ ਰੋਂਦੇ ਹੋਏ ਦਿੱਲ ਦੀਆਂ ਡੂੰਘੀਆਂ ਤੈਹਾਂ ਨੂੰ ਚੀਰਦੀ ਹੋਈ ਕਿਧਰੇ ਦੂਰ ਬੰਦ ਪਏ ਇੱਕ ਦਰਵਾਜੇ ਤੇ ਜਾ ਦਸਤਕ ਦਿੰਦੀ ਏ..!
ਹਰਪ੍ਰੀਤ ਸਿੰਘ ਜਵੰਦਾ