ਸਟੋਰ ਵਿਚ ਸੀਜਨ ਦੇ ਪਹਿਲੇ “ਹਦੁਆਣੇ (ਮਤੀਰੇ)” ਆਏ..ਸਾਢੇ ਪੰਦਰਾਂ ਡਾਲਰ ਦਾ ਇੱਕ..ਮੈਨੇਜਰ ਕੋਲ ਹੀ ਫਰਸ਼ ਸਾਫ ਕਰ ਰਹੀ ਸੀ..ਮੈਂ ਪੁੱਛ ਲਿਆ ਕੇ ਏਡੇ ਮਹਿੰਗੇ ਕਿਓਂ ਲਾਏ..ਵੇਚਣੇ ਮੁਸ਼ਕਿਲ ਹੋ ਜਾਣੇ..ਹੱਸ ਪਈ ਅਖ਼ੇ ਕੈਲੀਫੋਰਨੀਆਂ ਤੋਂ ਮਿਲੇ ਹੀ ਮਹਿੰਗੇ..!
ਦੋ ਦਿਨਾਂ ਮਗਰੋਂ ਫੇਰ ਗਿਆ ਤਾਂ ਛੋਟੇ ਛੋਟੇ ਪੀਸ ਕੱਟ ਮੋਮੀ ਲਫਾਫਿਆਂ ਨਾਲ ਢੱਕ ਦੋ ਦੋ ਡਾਲਰਾਂ ਦੇ ਵੇਚਣੇ ਲਾਏ ਹੋਏ ਸਨ..ਕਿੰਨੇ ਲੋਕ ਖਰੀਦ ਵੀ ਰਹੇ ਸਨ..ਮੈਨੇਜਰ ਦੱਸਣ ਲੱਗੀ ਕੇ ਲੋਕ ਲੈਣਾ ਤੇ ਚਾਹੁੰਦੇ ਸਨ ਪਰ ਕੀਮਤ ਵੇਖ ਝਿਜਕ ਜਾਂਦੇ ਸਨ..ਫੇਰ ਆਹ ਨਿੱਕੇ ਪੀਸਾਂ ਵਾਲਾ ਫੋਰਮੁੱਲਾ ਵਰਤਣਾ ਪਿਆ ਨਹੀਂ ਤੇ ਛੇਤੀ ਹੀ ਖਰਾਬ ਹੋਣੇ ਸ਼ੁਰੂ ਹੋ ਜਾਣੇ ਸਨ..!
ਰਿਸ਼ਤੇਦਾਰੀ ਵਿਚੋਂ ਇੱਕ ਰਿਟਾਇਰਡ ਫੌਜੀ ਬੰਤਾ ਸਿੰਘ..ਜਵਾਨ ਧੀਆਂ ਪੁੱਤ ਅਕਸਰ ਹੀ ਲਾਈਨ ਅੱਪ ਕਰਵਾ ਲਿਆ ਕਰਦਾ..ਫੇਰ ਘੰਟਾ ਘੰਟਾ ਲੈਕਚਰ ਹੀ ਦਿੰਦਾ ਰਹਿੰਦਾ..ਡਿਸਿਪਲਿਨ..ਪੋਲੂਸ਼ਨ..ਗੰਦਗੀ..ਜੀਵਨ ਕਦਰਾਂ ਕੀਮਤਾਂ..ਪੜਾਈ..ਇਮਾਨਦਾਰੀ ਅਤੇ ਹੋਰ ਵੀ ਕਿੰਨੇ ਕੁਝ ਤੇ ਲਗਾਤਾਰ ਬੋਲਦੇ ਰਹਿਣਾ..ਸਭ ਬਹੁਤ ਔਖੇ..ਪਤਾ ਨੀ ਕਦੋਂ ਖਲਾਸੀ ਕਰੂ..!
ਇੱਕ ਦਿਨ ਚਾਚੀ ਆਖਣ ਲੱਗੀ ਵੇ ਬੰਤਾ ਸਿਹਾਂ ਗੱਲ ਆਖਣੀ ਗੁੱਸਾ ਨਾ ਕਰੀਂ..ਜਵਾਨ ਔਲਾਦ ਏ ਥੋੜਾ ਸਹਿੰਦਾ ਸਹਿੰਦਾ ਜਿਹਾ ਆਖਿਆ ਕਰ..ਤੇ ਆਖਿਆ ਵੀ ਪਿਆਰ ਜਿਹੇ ਨਾਲ ਕਰ..ਜੇ ਇੰਝ ਘੰਟਿਆਂ ਬੱਧੀ ਬੋਲਣੋਂ ਨਾ ਹਟਿਆ ਤਾਂ ਇੱਕ ਦਿਨ ਇਹਨਾਂ ਸੁਣਨੋਂ ਹਟ ਜਾਣਾ..ਬਹੁਤੀ ਲੱਭਦਾ ਫੇਰ ਥੋੜੀ ਤੋਂ ਵੀ ਜਾਂਦਾ ਰਹੇਂਗਾ..ਫੇਰ ਇਹ ਸਭ ਕੁਝ ਤੇਰੇ ਅੰਦਰ ਹੀ ਪਿਆ ਪਿਆ ਸੜ ਜਾਣਾ..!
ਬੰਤਾਂ ਸਿੰਘ ਨੂੰ ਸਮਝ ਆ ਗਈ ਤੇ ਅੱਗੋਂ ਵਾਸਤੇ ਨਿੱਕੀ ਨਿੱਕੀ ਗੱਲ ਹਲਕੇ ਫੁਲਕੇ ਮਜਾਹੀਆਂ ਅੰਦਾਜ ਵਿਚ ਸਮਝਾਉਣ ਦਾ ਵਲ ਵੀ ਸਿੱਖ ਲਿਆ..ਅੱਜ ਸਭ ਨਿਆਣੇ ਆਪੋ ਆਪਣੀ ਥਾਂ ਚੰਗੀ ਤਰਾਂ ਸੈੱਟ ਨੇ!
ਸੋ ਦੋਸਤੋ ਕਈ ਵੇਰ ਜਦੋਂ “ਥੋਕ” ਵਿਚ ਗੱਲ ਨਾ ਬਣੇ ਤਾਂ ਪ੍ਰਚੂਨ ਵਾਲਾ ਫੋਰਮੁੱਲਾ ਅਪਨਾਉਣ ਵਿਚ ਕੋਈ ਸੰਗ ਸ਼ਰਮ ਨਹੀਂ ਕਰਨੀ ਚਾਹੀਦੀ..ਮਸਲਾ ਭਾਵੇਂ ਅਕਲ ਵੰਡਣ ਦਾ ਹੋਵੇ ਤੇ ਭਾਵੇਂ ਮਤੀਰੇ ਵੇਚਣ ਦਾ..!