ਕੁਝ ਮਹੀਨੇ ਪਹਿਲਾਂ ਸਾਡੀ ਕਾਲੋਨੀ ਵਿਚ ਰੋਡ ਬ੍ਰੇਕਰ ਬਣਾਏ ਗਏ। ਕਾਰ ਮੋਟਰਸਾਈਕਲ ਬਹੁਤ ਤੇਜ ਰਫਤਾਰ ਨਾਲ ਲੰਘਣ ਕਰਕੇ ਹਰ ਵੇਲੇ ਬੱਚਿਆਂ ਦੇ ਮਾਪਿਆਂ ਚ ਡਰ ਬਣਿਆ ਰਹਿੰਦਾ ਸੀ ਕਿ ਕੋਈ ਦੁਰਘਟਨਾ ਨਾ ਹੋ ਜਾਵੇ। ਦਫਤਰ ਵਾਲਿਆਂ ਕੋਲ ਬੇਨਤੀ ਕੀਤੀ ਕਿ ਰੋਡ ਬ੍ਰੇਕਰ ਬਣਾਏ ਜਾਣ।ਚਲੋ ਜੀ ਰੋਡ ਬ੍ਰੇਕਰ ਬਣ ਗਏ ਪਰ ਕਾਹਦੇ ਬਣੇ ਕਈਆਂ ਲਈ ਜੀ ਦਾ ਜੰਜਾਲ ਬਣ ਗਏ। ਬਲਾਕ ਵਾਲੀਆ ਸੜਕਾਂ ਹੋਣ ਕਾਰਣ ਬ੍ਰੇਕਰ ਵੀ ਬਲਾਕ ਵਾਲੇ ਹੀ ਬਣੇ ਜੋ ਉੱਚੇ ਬਣੇ ਹੋਏ ਕਰਕੇ ਮੋਟਰਸਾਈਕਲ ,ਸਕੂਟਰ ਹੋਲੀ ਹੋਣ ਦੇ ਬਾਵਜੂਦ ਵੀ ਉਛਲ ਕੇ ਝਟਕਾ ਲੱਗਦਾ ਸੀ। ਮੈਂਨੂੰ ਤਾਂ ਹਰ ਵੇਲੇ ਜਦੋ ਵੀ ਜਾਣਾ ਗੁੱਸਾ ਚੜਦਾ ਕੀ ਐਨੇ ਨੇੜੇ ਤੇ ਉਚੇ ਬਣਾਏ ਜੀਹਦੇ ਨਹੀ ਵੀ ਪਿੱਠ ਦਰਦ ਸੀ ਉਹਦੇ ਵੀ ਹੋ ਜਾਂਦਾ। ਇੱਕ ਦਿਨ ਮੋਟਰਸਾਈਕਲ ਤੇ ਜਾਂਦਿਆਂ ਉਹੀ ਹੋਇਆ ਜਿਹਦਾ ਡਰ ਸੀ ਪਿੱਠ ਨੂੰ ਜ਼ੋਰ ਦੀ ਝਟਕਾ ਲੱਗਿਆ ਤੇ ਦਰਦ ਹੋਣ ਲੱਗ ਪਿਆ ਸਵੇਰ ਨੂੰ ਪਿੱਠ ਆਕੜ ਗਈ..ਉਠਣਾ ਬੈਠਣਾ ਵੀ ਔਖਾ ਹੋ ਗਿਆ ਫਿਰ ਸਿਲਸਿਲਾ ਹੋਇਆ ਸ਼ੁਰੂ ਪਤਿਆ ਤੇ ਸਲਾਹਾਂ ਦਾ …ਪੱਟੇ ਲਵਾਓ ਕੋਈ ਕਹੇ ਮਾਲਿਸ਼ ਕਰੋ ਕੋਈ ਕਹੇ ਐਕਸਰੇ ਕਰਾਓ ਬਸ ਸਲਾਹਾਂ ਤੇ ਸਲਾਹਾਂ ਪਰ ਇਹਦੇ ਨਾਲ ਸਾਰੇ ਇਕ ਗੱਲ ਵਾਰ ਵਾਰ ਕਹਿੰਦੇ ਸੀ ਕਿ ਝੁਕ ਕੇ ਨਾ ਕੋਈ ਕੰਮ ਕਰੇਓ।ਸਾਡੇ ਗੁਆਂਢ ਚੋਂ ਬੇਬੇ ਆਈ ਕਹੇ ਪੁੱਤ ਝੁਕੀ ਨਾ ਜੇਹੜਾ ਆਵੇ ਪ੍ਰੀਤ ਝੁਕੀ ਨਾ ਨਹੀ ਦਰਦ ਜਿਆਦਾ ਹੋਜੂ ਪਤੀ ਦੇਵ ਵੀ ਕਹਿਣ ਬਸ ਝੁਕੀ ਨਾ ਬਿਲਕੁੱਲ ਵੀ.. ਮਾਂ ਆਈ ਉਹ ਵੀ ਕਹੇ ਪੁੱਤ ਅੱਗੇ ਝੁਕੀ ਨਾ ਏਹ ਝੁਕੀ ਨਾ ਝੁਕੀ ਨਾ ਸੁਣ ਸੁਣ ਕੰਨ ਪੱਕ ਗਏ ਕਿਉਕਿ ਅੱਜ ਤੱਕ ਤਾਂ ਕੰਨਾਂ ਨੂੰ ਇਹੋ ਗੱਲ ਸੁਣਨ ਦੀ ਆਦਤ ਸੀ ਕਿ ਪੁੱਤ ਸੁਹਰੇ ਘਰ ਝੁਕ ਕੇ ਰਹੀਦਾ.. ਦਰਾਣੇ ਜਠਾਣੇ ਨਾਲ ਝੁਕ ਕੇ ਹੀ ਟਾਈਮ ਪਾਸ ਕਰ ਲਈਏ ਤਾਂ ਚੰਗਾ..ਘਰਵਾਲੇ ਅੱਗੇ ਬੋਲੋ ਨਾ ਇਕ ਚੁੱਪ ਸੌ ਸੁੱਖ ਬਸ ਝੁਕ ਕੇ ਰਹੋ ਪਿੱਛੇ ਮੁੜਕੇ ਨਾ ਦੇਖਿਓ ਪੁੱਤ ਤੇਰੇ ਪਿਉ ਚ ਐਨੀ ਹਿੰਮਤ ਨੀ ਸੁਹਰੇ ਘਰ ਝੁਕਕੇ ਹੀ ਵਸੇਬਾ ਹੁੰਦਾ ਧੀਆਂ ਦਾ..ਬਸ ਇਹ ਝੁਕ ਸ਼ਬਦ ਤੋ ਨਫਰਤ ਜਿਹੀ ਸੀ ਤੇ ਅੱਜ ਸਾਰਿਆਂ ਦੇ ਮੂੰਹੋ ਝੁਕੀ ਨਾ ਝੁਕੀ ਨਾ ਝੁਕੀ ਨਾ ਸੁਣ ਸੁਣ ਬੇਹੱਦ ਗੁੱਸਾ ਆ ਰਿਹਾ ਸੀ ।ਮਾਂ ਨੇ ਜਾਣ ਲੱਗੇ ਜਦੋ ਫਿਰ ਉਹੀ ਸ਼ਬਦ___ ਦੁਹਰਾਏ ਤਾਂ ਸਬਰ ਦਾ ਬੰਨ੍ਹ ਟੁੱਟ ਗਿਆ ਤੇ ਮੈਂ ਗੁੱਸੇ ਵਿੱਚ ਕਹਿ ਦਿੱਤਾ ਮਾਂ ਝੁਕ ਝੁਕ ਕੇ ਤਾਂ ਮੇਰੀ ਪਿੱਠ ਆਦੀ ਹੋ ਚੁੱਕੀ ਆ ਸਾਰੀ ਜ਼ਿੰਦਗੀ ਤਾਂ ਕਹਿੰਦੇ ਰਹੇ ਪੁੱਤ ਝੁਕ ਕੇ ਰਹੀਦਾ ਤੇ ਹੁਣ ਤੁਸੀਂ ਕਹਿੰਦੇ ਓ ਝੁਕੀ ਨਾ …ਤੇ ਮੇਰੀਆਂ ਅੱਖਾਂ ਚੋਂ ਪਰਲ-ਪਰਲ ਹੰਝੂ ਵਗ ਰਹੇ ਸੀ ਮਾਨਸਿਕ ਤੇ ਪਿੱਠ ਦਰਦ ਨਾਲ ਤੇ ਮੇਰੀ ਮਾਂ ਮੇਰੇ ਵੱਲ ਪਥਰਾਈਆਂ ਅੱਖਾਂ ਨਾਲ ਦੇਖ ਰਹੀ ਸੀ ਸ਼ਾਇਦ ਸਮਝ ਗਈ ਸੀ ਸਭ ਕੁੱਝ ਤੇ ਮੇਰੇ ਗਲ ਲਗ ਬੋਲੀ ਕੋਈ ਨਾ ਪੁੱਤ ਜਿੰਦਗੀ ਆ ਜੇ ਦੁੱਖ ਦਿੰਦੀ ਆ ਤਾਂ ਸੁੱਖ ਵੀ ਦੇਉ ਤੇ ਅਸੀ ਦੋਵੇ ਚੁੱਪ ਹੋ ਗਈਆਂ ਪਰ ਮੇਰੇ ਸਿਰ ਤੇ ਅੱਖਾਂ ਵਿੱਚੋਂ ਅੱਗ ਵਾਂਗ ਸੇਕ ਨਿਕਲ ਰਿਹਾ ਸੀ ਇਸ ਦੋਗਲੇ ਦਰਦ ਕਰਕੇ।
✍️✍️✍️ਪ੍ਰੀਤ ਲੋਟੇ