ਹਾਲ ਖਚਾਖਚ ਭਰਿਆ ਹੋਇਆ ਸੀ ਅਤੇ ਮਜਦੂਰਾਂ ਦੀ ਆਵਾਜ਼ ਬਣਿਆ ਇੱਕ ਬਹੁਤ ਹੀ ਮੋਟਾ ਜਿਹਾ ਕਵੀ ਸਭਾ ਨੂੰ ਸੰਬੋਧਨ ਕਰ ਰਿਹਾ ਸੀ। ਓਹ ਖ਼ੁਸ਼ ਸੀ ਕਿ ਓਹਨੂੰ ਮਜ਼ਦੂਰ ਦਿਵਸ ਤੇ ਇਕ ਮਸ਼ਹੂਰ ਸੋਸਾਇਟੀ ਨੇ ਐਵਾਰਡ ਦਿੱਤਾ ਹੈ। ਮਜਦੂਰਾਂ ਲਈ ਓਸ ਦੀ ਕਵਿਤਾ ਅਤੇ ਸ਼ਬਦਾਂ ਵਿੱਚ ਦਰਦ ਸਾਫ ਝਲਕ ਰਿਹਾ ਸੀ। ਕੁਝ ਦਿਹਾੜੀਦਾਰ ਕਾਮਿਆਂ ਨੂੰ ਇਕ ਉਮੀਦ ਬੱਝ ਗਈ ਕਿ ਓਹਨਾ ਨੂੰ ਕੁਝ ਨਾ ਕੁਝ ਉਪਹਾਰ ਅੱਜ ਜਰੂਰ ਮਿਲੇਗਾ। ਓਹ ਬੜੇ ਉਤਸ਼ਾਹ ਨਾਲ ਭੀੜ ਚ ਬੈਠੇ ਹਰ ਇਕ ਬੰਦੇ ਨੂੰ ਚਾਹ ਸਮੋਸੇ ਵੰਡਣ ਲੱਗੇ। ਕੁਝ ਦੇਰ ਬਾਅਦ ਸਮਾਗਮ ਵਿਚ ਕੁਝ ਹੋਰ ਪਤਵੰਤੇ ਸੱਜਣ ਵੀ ਆਏ ਅਤੇ ਮਜਦੂਰਾਂ ਦੀਆਂ ਸਮੱਸਿਆਵਾਂ ਤੇ ਗਹਿਨ ਚਰਚਾ ਕੀਤੀ। ਕੁਝ ਘੰਟੇ ਦੇ ਸ਼ੋਰ ਗੁੱਲ ਤੋਂ ਬਾਅਦ ਸਮਾਗਮ ਸਮਾਪਤੀ ਵੱਲ ਤੁਰਿਆ। ਚਾਹ ਵਰਤਾ ਰਹੇ ਕਾਮਿਆਂ ਦੀ ਹੁਣ ਉਮੀਦ ਹੋਰ ਵੀ ਜ਼ਿਆਦਾ ਹੋ ਗਈ ਸੀ ਕਿ ਓਹਨਾ ਨੂ ਓਹਨਾਂ ਦੇ ਦਿਵਸ ਤੇ ਇਹ ਮਹਾਨ ਲੋਕ ਕੁਝ ਨਾ ਕੁਝ ਤਾਂ ਜਰੂਰ ਦੇ ਕੇ ਜਾਣਗੇ। ਇਕ ਸੋਹਣੀ ਐਂਕਰ ਨੇ ਮੰਚ ਤੇ ਆ ਕੇ ਪ੍ਰੋਗਰਾਮ ਸਮਾਪਤੀ ਦੀ ਘੋਸ਼ਣਾ ਕੀਤੀ ਅਤੇ ਨਾਲ ਹੀ ਕਿਹਾ ਕਿ ਸਾਰੇ ਸੱਜਣ ਜੋ ਸੱਦੇ ਤੇ ਸਾਡੀ ਸਭਾ ਵੱਲੋਂ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਦੂਰ ਦੁਰਾਡੇ ਤੋਂ ਆਏ ਨੇ ਓਹਨਾਂ ਲਈ ਲੰਚ ਇਕ ਬਹੁਤ ਹੀ ਵਧੀਆ ਹੋਟਲ ਵਿੱਚ ਰੱਖਿਆ ਗਿਆ ਹੈ ਸੋ ਸਾਰੇ ਕਿਰਪਾ ਕਰਕੇ ਭੋਜਨ ਲਈ ਆਉਣ ਦੀ ਕ੍ਰਿਪਾਲਤਾ ਕਰਨ। ਭੀੜ ਇਕ ਦਮ ਖਿੰਡ ਗਈ। ਸਾਰੇ ਆਪਣੀਆਂ ਆਪਣੀਆਂ ਕਾਰਾਂ ਕੋਲ ਝੱਟ ਹੀ ਆ ਗਏ। ਮੋਟੇ ਕਵੀ ਜਿਸ ਨੂੰ ਐਵਾਰਡ ਮਿਲਿਆ ਸੀ ਕੁਝ ਕਾਮੇ ਓਸ ਨੂੰ ਰੋਕ ਕੇ ਖੜ੍ਹ ਗਏ ਅਤੇ ਬਖਸ਼ਿਸ਼ ਮੰਗਣ ਲੱਗੇ। ਓਹਨੇ ਜੇਬਾਂ ਫਰੋਲ ਕੇ ਇਕ ਪੰਜਾਹ ਰੁਪਏ ਦਾ ਨੋਟ ਕੱਢਿਆ ਅਤੇ ਕਿਹਾ ਤੁਸੀ ਪੰਜੇ ਬੰਦੇ ਆਪਸ ਵਿੱਚ ਵੰਡ ਲਵੋ। ਓਹਨਾਂ ਵਿੱਚੋ ਇੱਕ ਕਾਮਾ ਨੋਟ ਦੇਖ ਕੇ ਬੋਲਿਆ “ਨੋਟ ਬਹੁਤ ਵੱਡਾ ਸਾਹਿਬ ਇਹਨੂੰ ਤਾਂ ਵੰਡਣ ਵਿੱਚ ਵੀ ਸਮਾਂ ਲੱਗ ਜਾਣਾ , ਸਾਨੂੰ ਸਾਡਾ ਦਿਹਾੜੀ ਦੱਪਾ ਮੁਬਾਰਕ ਅਤੇ ਤੁਹਾਨੂੰ ਤੁਹਾਡਾ ਮਜ਼ਦੂਰ ਦਿਵਸ। ਉਸ ਮੋਟੇ ਕਵੀ ਕੋਲ਼ੋਂ ਡਰਾਈਵਰ ਨੇ ਲੋਈ ਅਤੇ ਸਨਮਾਨ ਫੜ ਕੇ ਗੱਡੀ ਵਿੱਚ ਰੱਖਦਿਆਂ ਕਿਹਾ “ਸਰਦਾਰ ਸਾਬ ਆਪਾਂ ਅਗਲੇ ਪ੍ਰੋਗਰਾਮ ਵਿੱਚ ਵੀ ਜਾਣਾ ਛੇਤੀ ਕਰੋ। ” ਕਾਰ ਧੂੜਾਂ ਉਡਾਉਂਦੀ ਅਗਲੇ ਪ੍ਰੋਗਰਾਮ ਵੱਲ ਰਵਾਨਾ ਹੋ ਗਈ ਅਤੇ ਓਹ ਕਾਮੇ ਖਿਲਰਿਆ ਹੋਇਆ ਕੂੜਾ ਕਬਾੜਾ ਸਾਂਭਦੇ ਫੇਰ ਆਪਣੀ ਕਿਰਤ ਵਿੱਚ ਵਿਅਸਤ ਹੋ ਗਏ।
ਸੁਖਵਿੰਦਰ ਸਿੰਘ ਅਨਹਦ