ਪ੍ਰਾਈਵੇਟ ਨੌਕਰੀ ਤੋਂ ਜੁਆਬ ਮਿਲ ਗਿਆ..ਦਾਲ ਫੁਲਕੇ ਦਾ ਮਸਲਾ ਉੱਠ ਖਲੋਤਾ..ਅਖੀਰ ਇੱਕ ਦਿਨ ਲੇਬਰ ਚੋਂਕ ਠੇਕੇਦਾਰ ਨਾਲ ਲੈ ਤੁਰਿਆ..ਬਾਹਰਵਾਰ ਕੋਠੀ ਦੇ ਕਮਰੇ ਪੈ ਰਹੇ ਸਨ..ਕਹੀ ਨਾਲ ਨੀਹਾਂ ਪੁੱਟਣੀਆਂ ਸਨ..ਜਮੀਨ ਪਥਰੀਲੀ ਸੀ..ਜ਼ੋਰ ਵਾਲਾ ਕੰਮ ਪਹਿਲੋਂ ਕਦੀ ਨਹੀਂ ਸੀ ਕੀਤਾ..ਸਿਰਫ ਪੜਾਇਆ ਹੀ ਸੀ..ਦੋ ਘੰਟਿਆਂ ਵਿਚ ਹੀ ਛਾਲੇ ਪੈ ਗਏ..ਮੈਂ ਸਿਰੋਂ ਪਰਨਾ ਲਾਹਿਆ..ਪਾਸੇ ਤੋਂ ਪਾੜਿਆ ਤੇ ਹੱਥ ਦਵਾਲੇ ਲਪੇਟ ਲਿਆ..!
ਦੁਪਹਿਰੇ ਇੱਕ ਨਿੱਕੀ ਜਿਹੀ ਕੁੜੀ ਚਾਹ ਫੜਾਉਣ ਆਈ..ਖਹਿੜੇ ਪੈ ਗਈ ਅਖ਼ੇ ਹੱਥ ਵਿਖਾਓ ਪੱਟੀ ਕਿਓਂ ਬੰਨੀ ਏ..ਬਥੇਰਾ ਟਾਲਿਆ ਪਰ ਨਾ ਮੁੜੀ..ਫੇਰ ਮਨ ਵਿਚ ਪਤਾ ਨੀ ਕੀ ਆਈ..ਵਲੇਟਿਆ ਕੱਪੜਾ ਖੋਲ ਹੱਥ ਵਿਖਾ ਦਿੱਤਾ..ਕੰਬ ਗਈ..ਮੈਂ ਸੋਚਿਆ ਹੁਣ ਨਹੀਂ ਆਉਂਦੀ!
ਪਰ ਘੜੀ ਕੂ ਮਗਰੋਂ ਜਦੋਂ ਗਲਾਸ ਚੁੱਕਣ ਆਈ ਤਾਂ ਰੱਬ ਦੁਨੀਆਦਾਰੀ ਨਾਲ ਖੜੇ ਹੋ ਗਏ ਕਿੰਨੇ ਸਾਰੇ ਗਿਲੇ ਸ਼ਿਕਵੇ ਜਾਂਦੇ ਰਹੇ..ਨਿੱਕੇ ਨਿੱਕੇ ਹੱਥਾਂ ਵਿਚ ਬੋਰੋਲੀਨ ਸੀ..ਲਿਆਈ ਤਾਂ ਬਾਹਰੀ ਜਖਮਾਂ ਲਈ ਸੀ ਪਰ ਠੀਕ ਅੰਦਰਲੇ ਹੋ ਗਏ!
ਹਰਪ੍ਰੀਤ ਸਿੰਘ ਜਵੰਦਾ