ਪਿਆਰ ਵਿੱਚ ਪਿਆਰ ਨਾਲ ਦਿੱਤੇ ਕੁੱਝ ਪਲ਼, ਜ਼ਬਰਦਸਤੀ ਦਿੱਤੇ ਪਿਆਰ ਦੇ ਕਈ ਸਾਲਾਂ ਨਾਲੋਂ ਜ਼ਿਆਦਾ ਮਖ਼ਮਲੀ ਅਹਿਸਾਸ ਰੱਖਦੇ ਨੇ।
ਕਈ ਵਾਰ ਜ਼ਿੰਦਗੀ ਵਿੱਚ ਕੁੱਝ ਅਜਿਹੇ ਪਲ਼ ਆਉਂਦੇ ਹਨ ਕਿ ਅਸੀਂ ਜਿੰਨਾ ਪਿਆਰ ਕਿਸੇ ਨੂੰ ਕਰਦੇ ਹਾਂ, ਓਨਾ ਪਿਆਰ ਸਾਨੂੰ ਵਾਪਿਸ ਨਹੀਂ ਮਿਲਦਾ। ਇਹ ਪਿਆਰ ਕਿਸੇ ਵੀ ਆਪਣੇ ਦਾ ਹੋ ਸਕਦਾ ਹੈ। ਮਾਂ, ਬਾਪ, ਸੱਸ – ਸਹੁਰੇ, ਭੈਣ- ਭਰਾ ਅਤੇ ਜੀਵਨਸਾਥੀ ਦਾ। ਅਸੀਂ ਆਪਣੀ ਪੂਰੀ ਜ਼ਿੰਦਗੀ ਕਿਸੇ ਦੀ ਸੇਵਾ ਵਿੱਚ ਲਗਾ ਦਿੰਦੇ ਹਾਂ ਪਰ ਉਸ ਤੋਂ ਜਦੋਂ ਮਿਲਦੀ ਹੈ ਸਾਨੂੰ ਜ਼ਿੱਲਤ ਹੀ ਮਿਲਦੀ ਹੈ। ਦੂਸਰਾ ਇਨਸਾਨ ਜੋ ਵੀ ਥੋੜ੍ਹਾ ਬਹੁਤ ਤੁਹਾਡੇ ਨਾਲ ਪਿਆਰ ਦਿਖਾਉਂਦਾ ਹੈ ਉਹ ਬੱਸ ਦੁਨੀਆਦਾਰੀ ਨੂੰ, ਜਾਂ ਇਹ ਕਹਿ ਲਵੋ ਉਹ ਸੋਚਦਾ ਹੈ ਕਿ ਚਲੋ ਇੰਨੇ ਪਿਆਰ ਤੇ ਇਸ ਦਾ ਹੱਕ ਬਣਦਾ ਹੈ ਜਾਂ ਉਸਦਾ ਫ਼ਰਜ਼ ਹੁੰਦਾ ਹੈ ਜਾਂ ਜੇ ਥੋੜੇ ਬਹੁਤ ਅਹਿਸਾਸ ਉਸ ਅੰਦਰ ਹੋਣ ਤਾਂ ਰਿਸ਼ਤਿਆਂ ਨੂੰ ਬਚਾਉਣ ਲਈ।
ਪਰ ਕੀ ਇਹ ਪਿਆਰ ਸਾਹਮਣੇ ਵਾਲੇ ਲਈ ਕਾਫ਼ੀ ਹੁੰਦਾ ਹੈ? ਕੀ ਉਸਨੂੰ ਉਸਦੇ ਝੂਠੇ ਤੇ ਜ਼ਬਰਦਸਤੀ ਪਿਆਰ ਕਰਨ ਦਾ ਅਹਿਸਾਸ ਨਹੀਂ ਹੁੰਦਾ? ਕੀ ਉਹ ਸਾਹਮਣੇ ਵਾਲਾ ਇੰਨਾ ਨਾਦਾਨ ਹੈ ਕਿ ਉਸਦੇ ਨਾਮ ਦੇ ਇਸ ਦਾਨ ਵਿੱਚ ਦਿੱਤੇ ਪਿਆਰ ਨੂੰ ਸਮਝ ਨਹੀਂ ਸਕਦਾ? ਨਹੀਂ, ਹਰ ਇਨਸਾਨ ਆਪਣੀ ਜਗ੍ਹਾ ਇੰਨਾ ਸਮਝਦਾਰ ਹੁੰਦਾ ਹੈ। ਬੱਸ ਕਹਿ ਲਵੋ ਉਹ ਵੀ ਫ਼ਿਰ ਆਪਣੇ ਪਿਆਰ ਨੂੰ ਜਤਾਉਂਦੇ ਜਤਾਉਂਦੇ ਥੱਕ ਜਾਂਦਾ ਹੈ ਤੇ ਹਾਰ ਮੰਨ ਕੇ ਡੰਗ ਟਪਾਉਣ ਦੀ ਗੱਲ ਕਰਦਾ ਹੈ ਜਾਂ ਫ਼ਿਰ ਓਹੀ ਫ਼ਰਜ਼, ਓਹੀ ਕਰਜ਼ ਤੇ ਓਹੀ ਰਿਸ਼ਤਿਆਂ ਦਾ ਮੋਹ ਉਸਨੂੰ ਉਹ ਸਭ ਬਰਦਾਸ਼ਤ ਕਰਨ ਲਈ ਮਜਬੂਰ ਕਰਦਾ ਹੈ ਜਾਂ ਕਹਿ ਲਵੋ ਉਸ ਦਾ ਆਪਣਾ ਉਸ ਰਿਸ਼ਤੇ ਨਾਲ ਪਿਆਰ ਉਸ ਨੂੰ ਸਭ ਸਹਿਣ ਦੀ ਤਾਕਤ ਦਿੰਦਾ ਹੈ, ਸਬਰ ਦਿੰਦਾ ਹੈ। ਪਰ ਕੀ ਇਹ ਸਬਰ, ਇਹ ਪਿਆਰ ਅੰਤ ਤੱਕ ਬਣਿਆ ਰਹਿੰਦਾ ਹੈ ਜਾਂ ਫਿਰ ਉਹ ਵੀ ਥੱਕ ਕੇ ਨਕਾਰਤਮਕਤਾ ਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਇਸ ਜ਼ਬਰਦਸਤੀ ਦੇ ਰਿਸ਼ਤਿਆਂ ਤੋਂ ਪਿੱਛੇ ਹਟ ਜਾਂਦਾ ਹੈ? ਕੀ ਇਨਸਾਨ ਇੰਨਾ ਸਵਾਰਥੀ ਹੁੰਦਾ ਹੈ ਕਿ ਉਸਨੂੰ ਆਪਣੇ ਨਾਲ ਬੇਪਨਾਹ ਮੁਹੱਬਤ ਕਰਨ ਵਾਲੇ ਇਨਸਾਨ ਦੀ ਮੁਹੱਬਤ ਮਹਿਸੂਸ ਨਹੀਂ ਹੁੰਦੀ? ਉਹ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਅਪਣਿਆਂ ਨੂੰ ਛੱਡ ਦਿੰਦਾ ਹੈ ਜਾਂ ਓਹਨਾ ਤੋਂ ਦੂਰੀ ਬਣਾ ਲੈਂਦਾ ਹੈ ਜਾਂ ਫ਼ਿਰ ਜ਼ਿੱਲਤ ਦੇ ਉਸ ਦਲ ਦਲ ਵਿੱਚ ਸੁੱਟ ਦਿੰਦਾ ਹੈ ਕਿ ਉਹ ਉਸ ਦਲ ਦਲ ਵਿੱਚੋਂ ਕੋਸ਼ਿਸ਼ ਕਰ ਕੇ ਵੀ ਨਿਕਲ ਨਹੀਂ ਪਾਉਂਦਾ ਤੇ ਇੱਕ ਦਿਨ ਇਸ ਨਫ਼ਰਤ ਦੀ ਲੜਾਈ ਵਿੱਚ ਉਹ ਸਬਰ ਕਰਦਾ, ਲੜਦਾ, ਲੱਤਾਂ ਬਾਹਾਂ ਮਾਰਦਾ, ਅਖ਼ੀਰ ਦਮ ਤੋੜ ਦਿੰਦਾ ਹੈ। ਪਿੱਛੇ ਬਚਦਾ ਹੈ ਇੱਕ ਉਹ ਸੰਨਾਟਾ ਜਿਸ ਨੂੰ ਸ਼ਾਇਦ ਚਾਹ ਕੇ ਵੀ ਫ਼ਿਰ ਤਾਅ ਉਮਰ ਖ਼ੁਸ਼ੀ ਵਿੱਚ ਤਬਦੀਲ ਨਹੀਂ ਕੀਤਾ ਜਾ ਸਕਦਾ। ਅਜਿਹਾ ਕਿਉਂ ਹੁੰਦਾ ਹੈ?
ਅਸੀਂ ਛੋਟੇ ਹੁੰਦੇ ਤੋਂ ਹੀ ਇੱਕ ਗੱਲ ਹਮੇਸ਼ਾਂ ਆਪਣੇ ਵੱਡਿਆਂ ਤੋਂ ਸੁਣੀ ਕਿ ਤੁਸੀਂ ਜਿਸ ਤਰ੍ਹਾਂ ਦਾ ਵਿਹਾਰ ਕਿਸੇ ਨਾਲ ਕਰਦੇ ਹੋ ਤੁਹਾਨੂੰ ਉਸੇ ਤਰ੍ਹਾਂ ਦਾ ਵਿਹਾਰ ਵਾਪਿਸ ਮਿਲਦਾ ਹੈ। ਪਰ ਸ਼ਾਇਦ ਇਹ ਸਭ ਗੱਲਾਂ ਕਿਤਾਬੀ ਹਨ। ਅਜਿਹਾ ਕੁੱਝ ਨਹੀਂ ਹੁੰਦਾ। ਕਈ ਵਾਰ ਤੁਸੀਂ ਕਿਸੇ ਇਨਸਾਨ ਨੂੰ ਇੰਨੀ ਇੱਜ਼ਤ, ਪਿਆਰ, ਆਪਣਾਪਨ ਦਿੰਦੇ ਹੋ ਪਰ ਫਿਰ ਵੀ ਉਹ ਇਨਸਾਨ ਕਿਸੇ ਦੀ ਚੁੱਕ ਵਿੱਚ ਆ ਕੇ ਤੁਹਾਨੂੰ ਗੌਲਦਾ ਹੀ ਨਹੀਂ। ਇਹ ਸਭ ਕੁੱਝ ਬਹੁਤ ਦੁੱਖ ਦਿੰਦਾ ਹੈ, ਅੰਦਰ ਤੱਕ ਤੁਹਾਨੂੰ ਖ਼ਤਮ ਕਰ ਦਿੰਦਾ ਹੈ ਤੇ ਸਭ ਤੋਂ ਵੱਧ ਤੁਹਾਡਾ ਵਿਸ਼ਵਾਸ ਇਹਨਾਂ ਕਿਤਾਬੀ ਗੱਲਾਂ ਤੋਂ ਉੱਠ ਜਾਂਦਾ ਹੈ, ਬਚਦਾ ਹੈ ਤਾਂ ਉਹ ਸੋਚ, ਜਿਸ ਤੋਂ ਹਮੇਸ਼ਾਂ ਸਾਨੂੰ ਸਾਡੇ ਘਰ ਵਾਲਿਆਂ ਨੇ ਬਚਾ ਕੇ ਰੱਖਿਆ। ਪਰ ਹੁਣ ਕੋਈ ਹੋਰ ਰਸਤਾ ਨਹੀਂ ਹੁੰਦਾ। ਬੱਸ ਅਸੀਂ ਇਹ ਸੋਚਦੇ ਹਾਂ ਕਿ ਦੁਨੀਆ ਵਿੱਚ ਦਿੱਤੇ ਸਭ ਚੰਗੇ ਵਿਚਾਰ ਬੱਸ ਕਿਤਾਬੀ ਹਨ। ਅਸਲੀਅਤ ਨਾਲ ਇਹਨਾਂ ਦਾ ਦੂਰ ਦੂਰ ਤੱਕ ਕੋਈ ਵਾਸਤਾ ਨਹੀਂ ਤੇ ਬੱਸ ਪਿਆਰ ਦੇ ਉਹ ਸੱਚੇ ਦੋ ਪਲ ਦੇ ਮਖ਼ਮਲੀ ਅਹਿਸਾਸ ਨੂੰ ਉਡੀਕਦੇ ਉਡੀਕਦੇ ਅਸੀਂ ਆਪਣਾ ਦਮ ਤੋੜ ਜਾਂਦੇ ਹਾਂ। ਇੱਕ ਹੋਰ ਜਾਨ ਆਪਣੇ ਮਨ ਨੂੰ ਫ਼ਰੋਲੇ ਬਿਨਾਂ ਉਸ ਰੱਬ ਦੇ ਹਵਾਲੇ ਹੋ ਜਾਂਦੀ ਹੈ ਜਿਸ ਤੇ ਭਰੋਸਾ ਕਰ ਕੇ ਉਸ ਨੇ ਸਾਰੀ ਉਮਰ ਚੰਗੇ ਕਰਮ ਕੀਤੇ ਹੁੰਦੇ ਹਨ। ਪਰ ਹੁਣ ਇਹ ਭਰੋਸਾ ਵੀ ਟੁੱਟ ਚੁੱਕਾ ਹੁੰਦਾ ਹੈ ਤੇ ਦਿਲ ਨੂੰ ਬਹਿਲਾਉਣ ਵਾਲੀਆਂ ਸਭ ਗੱਲਾਂ ਮਜ਼ਾਕ ਲੱਗਦੀਆਂ ਨੇ।
ਲਿਖਤ : ਮੁਨੱਜ਼ਾ ਇਰਸ਼ਾਦ