ਜਦੋਂ ਦਾ ਡੈਡੀ ਗਾਇਬ ਕਰ ਦਿੱਤਾ ਗਿਆ..ਦਾਦਾ ਜੀ ਮੇਰਾ ਬਿਲਕੁਲ ਵੀ ਵਸਾਹ ਨਾ ਖਾਇਆ ਕਰਦਾ..!
ਸਕੂਲ ਖੇਤ ਬੰਬੀ ਸ਼ਹਿਰ ਵਿਆਹ ਮੰਗਣੇ ਤੇ ਮੈਨੂੰ ਕਦੇ ਵੀ ਕੱਲਾ ਨਾ ਜਾਣ ਦਿੰਦਾ..ਧੱਕੇ ਨਾਲ ਹੀ ਸਾਈਕਲ ਮਗਰ ਬੈਠ ਜਾਇਆ ਕਰਦਾ..!
ਕੇਰਾਂ ਮੀਂਹ ਕਾਰਨ ਪਛੇਤੀ ਪੈ ਗਈ ਕਣਕ ਦੀ ਵਾਢੀ ਪੈਣੀ ਸੀ..ਦਸ ਬਾਰਾਂ ਮਾਂਗੀ ਵੀ ਸੱਦੇ ਹੋਏ ਸਨ..ਮੈਂ ਤੜਕੇ ਮੂੰਹ ਹਨੇਰੇ ਉੱਠ ਕੱਲੇ ਨੇ ਹੀ ਵਾਢੀ ਸ਼ੁਰੂ ਕਰ ਦਿੱਤੀ..ਬਾਪੂ ਜੀ ਉਸ ਦਿਨ ਵਾਹਵਾ ਢਿੱਲਾ ਸੀ..ਤਾਂ ਵੀ ਤਪਦੇ ਸਰੀਰ ਨਾਲ ਹੀ ਮੇਰੇ ਮਗਰੇ ਅੱਪੜ ਗਿਆ..ਬਥੇਰਾ ਆਖਿਆ ਵਾਪਿਸ ਪਰਤ ਜਾਓ..ਪਰ ਨਾ ਮੰਨਿਆ..ਜਦੋਂ ਪੇਸ਼ ਨਾ ਗਈ ਤਾਂ ਕੋਲ ਕਣਕ ਦੇ ਵੱਢ ਤੇ ਹੀ ਲੰਮਾ ਪੈ ਗਿਆ..ਅੱਠ ਕੂ ਵਜੇ ਮਾਂਗੀ ਆਏ ਤਾਂ ਮੇਰੇ ਦਵਾਲੇ ਹੋ ਗਏ..ਅਖ਼ੇ ਬਾਬੇ ਨੂੰ ਛਾਵੇਂ ਪਾ ਆਈਏ ਨਹੀਂ ਤੇ ਇਸ ਇਥੇ ਹੀ ਮੁੱਕ ਜਾਣਾ..ਅਸੀਂ ਆਸਰਾ ਦੇ ਕੇ ਕੋਲ ਟਿਊਬਵੈੱਲ ਤੇ ਸ਼ਤੂਤ ਦੀ ਛਾਵੇਂ ਪਾ ਆਏ..ਫੇਰ ਪਿੰਡੋਂ ਆਏ ਕਾਹੜੇ ਨੇ ਅਸਰ ਕੀਤਾ..ਦੋ ਤਿੰਨ ਘੰਟਿਆਂ ਵਿਚ ਹੀ ਪੈਰਾਂ ਸਿਰ ਹੋ ਗਿਆ ਤੇ ਸਾਵੇਂ ਹੋ ਕੇ ਬਰੋਬਰ ਕਣਕ ਵੱਢਣੀ ਸ਼ੁਰੂ ਕਰ ਦਿੱਤੀ..!
ਮੂਲਧਨ ਦੇ ਫਾਰਮੂਲੇ ਕਈਆਂ ਨੂੰ ਸਾਰੀ ਉਮਰ ਸਮਝ ਨਹੀਂ ਆਉਂਦੇ ਪਰ ਮੈਂ ਇਹ ਸਭ ਖੇਡਾਂ ਨਿੱਕੇ ਹੁੰਦਿਆਂ ਤੋਂ ਹੀ ਸਮਝ ਗਿਆ ਸਾਂ ਕਿਓੰਕੇ ਦਾਦਾ ਜੀ ਅਕਸਰ ਹੀ ਆਖਿਆ ਕਰਦਾ ਕੇ ਲੋਕਾਂ ਦਾ ਮੂਲਧਨ ਵਕਤੀ ਤੌਰ ਤੇ ਮਾਰਿਆ ਜਾਂਵੇ ਤਾਂ ਕਈ ਕਈ ਰਾਤਾਂ ਨੀਂਦਰ ਨਹੀਂ ਆਉਂਦੀ ਪਰ ਮੇਰੀ ਤਾਂ ਬਾਕੀ ਰਹਿੰਦੀ ਸਾਰੀ ਟੇਕ ਹੀ ਇਸ ਨਿਰੇ ਪੂਰੇ ਵਿਆਜ ਤੇ ਹੀ ਹੈ..ਮੇਰਾ ਮੂਲਧਨ ਤੇ ਵਕਤੀ ਹਨੇਰੀਆਂ ਕਦੇ ਦਾ ਉਡਾ ਕੇ ਨਾਲ ਲੈ ਗਈਆਂ..!
ਦੋਸਤੋ ਓਹਨਾ ਵੇਲਿਆਂ ਦੀ ਗੱਲ ਏ ਜਦੋਂ ਕਈ ਬਦ-ਕਿਸਮਤਿਆਂ ਵਿਆਜ ਗਵਾ ਦਿੱਤਾ ਤੇ ਕਈ ਮੂਲ ਵਿਹੂਣੇ ਹੋ ਗਏ ਪਰ ਜੱਗੋਂ ਤੇਹਰਵੀਂ ਤੇ ਓਹਨਾ ਨਾਲ ਹੋਈ ਜਿਹਨਾਂ ਦੇ ਮੂਲ ਵੀ ਜਾਂਦੇ ਰਹੇ ਤੇ ਵਿਆਜ ਵੀ..ਮਗਰੇ ਰਹਿ ਗਏ ਸਿਰਫ ਉਹ ਦੁਨਿਆਵੀ ਵਹੀ ਖਾਤੇ..ਜੋ ਸਿਵਾਏ ਓਹਨਾ ਦੇ ਘਰਦਿਆਂ ਤੋਂ ਹੋਰ ਕਿਸੇ ਦੀ ਸਮਝ ਵਿਚ ਨਹੀਂ ਪਏ!
ਹਰਪ੍ਰੀਤ ਸਿੰਘ ਜਵੰਦਾ