ਜਦ ਵੀ ਜਾਗ ਆਓਦੀ ਤਾਂ ਉਹ ਕੋਲ ਬੈਠੀ ਪਾਠ ਕਰ ਰਹੀ ਹੁੰਦੀ, ਉਹਨੂੰ ਆਸ ਸੀ ਕਿ ਮੈਂ ਠੀਕ ਹੋ ਜਾਵਾਗਾਂ ….ਉਸ ਅਨਭੋਲ ਨੂੰ ਨਹੀ ਪਤਾ ਕਿ ਕਰਮਾਂ ਦੇ ਨਬੇੜੇ ਇਸੇ ਜਨਮ ਈ ਹੁੰਦੇ ਨੇ। ਉਹਨੂੰ ਦੇਖ ਕੇ ਮੇਰਾ ਵਜੂਦ ਝੰਜੋੜਿਆਂ ਜਾਦਾ ਤੇ ਕਦੇ-ਕਦੇ ਤਾਂ ਅੱਖਾਂ ਚੋ ਹੰਝੂ ਵਗ ਤੁਰਦੇ….ਅੱਖਾਂ ਅੱਗੇ ਸਾਡਾ ਅਤੀਤ ਅਕਸਰ ਹੀ ਵਾ-ਵਰੋਲੇ ਤਰ੍ਹਾਂ ਘੁੰਮਣ ਲੱਗ ਜਾਦਾ, ਕਿੰਨੇ ਹੀ ਦਰਦ, ਤਕਲੀਫਾਂ ਤੇ ਮਿਹਣੇ ਜੋ ਉਹਨੇ ਮੇਰੇ ਕਰਕੇ ਆਪਣੇ ਪਿੰਡੇ ਤੇ ਹੰਢਾਏ ਸਨ ਪਰ ਕਦੇ ਮੁੜਵਾਂ ਜੁਆਬ ਨਾ ਦਿੱਤਾ, ਮੈਨੂੰ ਜਿੰਦਗੀ ਦੇ ਆਖੀਰਲੇ ਵਰ੍ਹੇ ਤੇ ਆ ਕੇ ਇਹ ਅਹਿਸਾਸ ਹੋਇਆ ਕਿ ਉਸ ਭੋਲੀ-ਭਾਲੀ ਦਰਵੇਸ਼ ਦਾ ਤਾਂ ਕੋਈ ਕਸੂਰ ਹੀ ਨਹੀ ਸੀ ਜੇ ਦੋਸ਼ ਸੀ ਵੀ ਤਾ ਸਿਰਫ਼ ਮੇਰਾ ਜਿਸਨੇ ਆਪਣੀਆਂ ਇਛਾਵਾਂ ਪੂਰੀਆਂ ਨਾ ਹੋਣ ਤੇ ਇੱਕ ਸਧਾਰਨ ਜਿਹੀ ਕੁੜੀ ਦੀ ਜਿੰਦਗੀ ਬਦ ਤੋਂ ਬਦਤਰ ਕਰ ਦਿੱਤੀ।
ਚਾਲੀ ਵਰ੍ਹੇ ਪਹਿਲਾ ਕਾਲਜ ਪੜਦਿਆਂ ਇੱਕ ਕੁੜੀ ਮੈਨੂੰ ਬਹੁਤ ਪਸੰਦ ਸੀ, ਮੈਂ ਘਰ ਉਹਦੇ ਬਾਰੇ ਗੱਲ ਵੀ ਕੀਤੀ ਪਰ ਸ਼ਾਇਦ ਉਹਦੇ ਪੈਰ ਮੇਰੇ ਘਰ ਵਿੱਚ ਪੈਣੇ ਲਿਖੇ ਈ ਨਹੀ ਸਨ ਤੇ ਉਹ ਕਿਸੇ ਹੋਰ ਨਾਲ ਵਿਆਹੀ ਗਈ ਤੇ ਦੁਬਾਰਾ ਕਦੇ ਅੱਖਾਂ ਸਾਮਹਣੇ ਨਾ ਆਈ ਤੇ ਘਰਦਿਆਂ ਨੇ ਪਿੰਡ ਦੀ ਸਧਾਰਨ ਜਿਹੀ ਨਸੀਬ ਕੌਰ ਨਾਲ ਮੇਰੇ ਆਨੰਦ ਕਾਰਜ ਕਰਵਾ ਦਿੱਤੇ….ਓਦੋ ਇਓ ਲੱਗਦਾ ਸੀ ਕਿ ਮੇਰੇ ਜਿੰਨਾ ਪੜਿਆ-ਲਿਖਿਆ ਸਰਕਾਰੀ ਨੌਕਰੀ ਆਲਾ ਬੰਦਾ ਕਿਸੇ ਘੱਟ ਪੜੀ-ਲਿਖੀ ਨਾਲ ਜਿੰਦਗੀ ਕਿਦਾ ਜਿਓ ਸਕਦਾ ਏ, ਮੈਨੂੰ ਹੰਕਾਰ ਸੀ ਖੁਦ ਦੇ ਰੁਤਬੇ ਤੇ ਸ਼ਖਸ਼ੀਅਤ ਤੇ…ਮੈਂ ਕਿਧਰੇ ਵੀ ਵਿਆਹ ਮਗਰੋ ਜਾਣਾ ਤਾਂ ਓਸ ਚੰਦਰੀ ਨੂੰ ਕਦੇ ਨਾਲ ਨਾ ਲੈ ਕੇ ਜਾਣਾ, ਮੈਨੂੰ ਲੱਗਦਾ ਨਾਲਦੇ ਕੀ ਕਹਿਣਗੇ ਕਿ ਕੀ ਵੇਖ ਕੇ ਵਿਆਹ ਕਰਵਾਇਆ …ਮੈਂ ਅਕਸਰ ਹੀ ਕੋਈ ਨਾ ਕੋਈ ਬਹਾਨਾ ਬਣਾ ਦਿੰਦਾ, ਮੈ ਉਸਨੂੰ ਕਦੇ ਪਤਨੀ ਸਮਝਿਆ ਈ ਨਹੀ ਸੀ, ਉਹ ਚੁੱਪ ਸੀ ਖੌਰੇ ਕਿਓ?? ਸ਼ਾਇਦ ਬੇਬੇ-ਬਾਪੂ ਨਾਲ ਅੰਤਾਂ ਦਾ ਮੋਹ ਸੀ ਉਹਨੂੰ ਤਾ ਹੀ ਤਾ ਉਹਨਾ ਆਸਰੇ ਉਹਨੇ ਇੱਡੀ ਵੱਡੀ ਜਿੰਦਗੀ ਜਿਊਣ ਦਾ ਜ਼ੇਰਾ ਕੀਤਾ ਜਾ ਫਿਰ ੳਹਨਾ ਵੇਲਿਆਂ ‘ਚ ਨੂੰਹਾਂ-ਧੀਆਂ ਆਪਣੇ ਹੱਕਾ ਖਾਤਿਰ ਬਗਾਵਤ ਨਹੀ ਕਰਦੀਆ ਸਨ, ਉਹ ਹਰ ਵਖਤ ਘਰ ਦੇ ਕੰਮਾ ‘ਚ ਲੱਗੀ ਰਹਿੰਦੀ, ਬੇਬੇ -ਬਾਪੂ ਦੇ ਮਨਪਸੰਦੀਦਾ ਚੀਜਾ ਬਣਾਓਦੀ, ਓਹ ਤਿੰਨਾ ਨੇ ਇਕ ਅਲੱਗ ਦੁਨੀਆ ਬਣਾ ਲਈ ਸੀ….ਓਹਨੂੰ ਕਦੇ ਅਫ਼ਸੋਸ ਨਾ ਹੁੰਦਾ ਕਿ ਮੈ ਓਸ ਨਾਲ ਚੰਗਾ ਵਿਵਹਾਰ ਨਾ ਕਰਦਾ …ਜਿੰਦਗੀ ਦੇ ਅੰਤਲੇ ਵਰ੍ਹਿਆਂ ‘ਚ ਨਾਮੁਰਾਦ ਬਿਮਾਰੀ ਦਾ ਝੰਬਿਆਂ ਹੋਇਆ ਮੈਂ ਸਿਰਫ਼ ਆਪਣੇ ਕੀਤੇ ਕਰਮਾਂ ਤੇ ਪਛਤਾ ਰਿਹਾ ਸੀ।
ਕਮਲ ਕੌਰ