ਬਿੰਦਰੀ ਇੱਕ ਸਧਾਰਨ ਘਰ ‘ਚ ਪੈਦਾ ਹੋਈ, ਸੀਮਿਤ ਸਾਧਨਾਂ ਬਾਵਜੂਦ ਵੀ ਬਾਰਾਂ ਕਰ ਗਈ। ਪੜਾਈ ਵਿੱਚ ਧਿਆਨ ਸੀ, ਰੁਚੀ ਸੀ। ਮਾਪਿਆਂ ਨੇ ਅੱਗੇ ਕਾਲਜ ਪਾ ਦਿੱਤਾ। ਬਿੰਦਰੀ ਨੇ ਬੀ.ਏ. ਪਾਸ ਕਰ ਲਈ।
ਸਮਾਂ ਪਾ ਕੇ ਉਸ ਨੂੰ ਕਿਸੇ ਦੂਸਰੇ ਪਿੰਡ ਦੇ ਮੁੰਡੇ-ਸ਼ਿੰਦੇ ਨਾਲ ਪਿਆਰ ਹੋ ਗਿਆ। ਪਿਆਰ ਸੱਭ ਜਾਤਾਂ ਪਾਤਾਂ ਪਰ ਕਰ ਵਿਆਹ ਦੇ ਬੰਧਨ ਵਿੱਚ ਬੱਝ ਗਿਆ।ਮਾਪਿਆਂ ਦੀ ਨਰਾਜ਼ਗੀ ਕਾਰਨ ਦੋਵੇਂ ਦੂਰ-ਦੁਰਾਡੇ ਇਕੱਠ ਰਹਿਣ ਲੱਗ ਪਏ ਅਤੇ ਔਖੇ-ਸੌਖੇ ਡੰਗ ਟਪਾਉਂਦੇ ਆਪਣੇ ਦਿਨ ਬਸਰ ਕਰਨ ਲੱਗ ਪਏ। ਦੋਵੇਂ ਖੁੱਸ਼ ਤਾਂ ਅੰਤਾਂ ਦੇ ਸੀ ਪਰ ਕਿਤੇ ਨਾਂ ਕਿਤੇ ਆਪਣੇ ਮਾਪਿਆਂ ਦੀ ਗੈਰਹਾਜ਼ਰੀ ‘ਤੇ ਨਾਂ-ਖ਼ੁਸ਼ੀ ਦੋਹਵਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਸੀ। ਅਕਸਰ ਉਨ੍ਹਾਂ ਨੂੰ ਇਹ ਘਾਟ ਮਹਿਸੂਸ ਹੋ ਰਹੀ ਸੀ। ਇਹ ਘਾਟ ਹੁਣ ਵੱਡੀ ਦਿਮਾਗੀ-ਪਰੇਸ਼ਾਨੀ ‘ਚ ਬਦਲ ਚੁੱਕੀ ਸੀ ਕਿਉਂਕਿ ਮਾਂ-ਪਿਓ ਪ੍ਰਤੀ ਮੋਹ ਉਹਨਾਂ ਦੇ ਆਪਸੀ ਇਸ਼ਕ ਤੋਂ ਕਿਤੇ ਭਾਰੂ ਹੋ ਚੁੱਕਿਆ ਸੀ।
ਬਿੰਦਰੀ ਦੀ ਭੈਣ-ਅਦਬ ਦੇ ਚਾਰਾਜੋਈ ਨਾਲ ਹੌਲੀ-੨ ਮੰਮੀ-ਡੈਡੀ ਨੂੰ ਮਨਾ ਲਿਆ ਕਿ ਜੋ ਹੋ ਗਿਆ ਸੋ ਹੋ ਗਿਆ। ਜੇ ਕਰ ਬਿੰਦਰੀ ਆਪਣੇ ਇਸ ਗਲਤੀ ਦਾ ਜਾਨੀ ਕਿ ਬਿਨਾਂ ਗੱਲ-ਬਾਤ ਕੀਤਿਆਂ ਇਹ ਕਦਮ ਚੁੱਕ ਲੈਣ ਦੀ ਮਾਫੀ ਮੰਗ ਲਵੇ ਤਾਂ ਉਹ ਉਸ ਨੂੰ ਵਾਪਸ ਆਪਣੇ ਗਲਾਵੇ ‘ਚ ਲੈ ਲੈਣਗੇ। ਦੂਸਰੇ ਪਾਸੇ ਗੁਨੀਤ ਜੋ ਸ਼ਿੰਦੇ ਦਾ ਵੱਡਾ ਭਾਈ ਸੀ, ਨੇ ਆਪਣੇ ਮੰਮੀ ਪਾਪਾ ਨਾਲ ਗੱਲ ਕਰ ਕੇ ਦੋਹਵਾਂ ਨੂੰ ਘਰ ਵਿੱਚ ਆਉਣ ਦੀ ਇਜਾਜ਼ਤ ਹਾਸਲ ਕਰ ਲਈ। ਮਸਲਾ ਹੱਲ ਹੋ ਗਿਆ।
ਦੋਹਵੇਂ ਖੁਸ਼ੀ-੨ ਰਹਿਣ ਲੱਗ ਪਏ, ਸਮਾਂ ਪਾ ਕੇ ਦੋ ਬੱਚਿਆਂ ਦੀ ਦਾਤ ਗੁਰੂ ਨੇ ਬਖਸ਼ ਦਿੱਤੀ। ਬਿੰਦਰੀ ਲਾਗਲੇ ਸ਼ਹਿਰ ਵਿਚ ਇੱਕ ਸਕੂਲ ਵਿੱਚ ਥੋੜੇ ਜਿਹੇ ਪੈਸਿਆਂ ਤੇ ਅਧਿਆਪਕ ਦੀ ਨੌਕਰੀ ਕਰਨ ਲੱਗ ਪਈ। ਬਿੰਦਰੀ ਨੂੰ ਘਰ ਦਾ ਕੰਮ-ਕਾਰ ਔਖਾ ਜਿਹਾ ਲੱਗਣ ਲੱਗ ਪਿਆ ਜਿਸ ਕਰਕੇ ਘਰ ਦੇ ਸਾਰੇ ਕੰਮ ਦਾ ਬੋਝ ਬਿੰਦਰੀ ਦੀ ਸੱਸ ਅਤੇ ਜਿਠਾਣੀ ਤੇ ਪੈ ਗਿਆ। ਬੱਸ, ਫਿਰ ਸ਼ੁਰੂ ਹੋ ਗਈ-ਤੂੰ ਤੂੰ ਮੈਂ ਮੈਂ। ਇੱਕ ਦਿਨ ਬਿੰਦਰੀ ਗੁੱਸੇ ਹੋ ਕੇ ਆਪਣੇ ਪੇਕੇ ਘਰ ਚਲੀ ਗਈ ਤੇ ਉਹ ਵੀ ਬਿਨਾਂ ਪੁੱਛੇ। ਬਿੰਦਰੀ ਦੀ ਮੰਮੀ ਕੁੜੀ ਨੂੰ ਦੇਖ ਕੇ ਅੱਗ ਬਬੂਲਾ ਹੋ ਗਈ। ਸਮਝਾਉਣ ਬੁਝਾਉਣ ਦੀ ਬਜਾਏ ਉੱਲਟਾ ਪੁੱਠੀ ਪੱਟੀ ਪੜ੍ਹਾਉਣ ਲੱਗ ਪਈ ‘ਤੇ ਇਸ ਨਾਲ ਬਿੰਦਰੀ ਹੋਰ ਮੱਛਰ ਗਈ। ਦੋਵਾਂ ਪਰਵਾਰਾਂ ‘ਚ ਪਾੜ ਪੈਣਾ ਸ਼ੁਰੂ ਹੋ ਗਿਆ। ਗੱਲ ਪੰਚਾਇਤਾਂ, ਥਾਣਿਆਂ ‘ਤੇ ਫਿਰ ਅਦਾਲਤਾਂ ਤੱਕ ਚਲੀ ਗਈ। ਇਉਂ ਲੱਗਦਾ ਸੀ ਕਿ ਕਿਤੇ ਹੋਰ ਹੀ ਜਾਹ ਜਾਵੇ ਕਿਤੇ। ਇਸੇ ਰੱਫੜ ਵਿੱਚ ਪੂਰਾ ਸਾਲ ਟੱਪ ਗਿਆ।
ਸ਼ਿੰਦੇ ਦਾ ਤਾਈ-ਤਾਇਆ ਪਿੰਡ ਪਰਵਾਰ ਨੂੰ ਮਿਲਣ ਆਏ ਸੀ। ਸਾਰੀ ਕਹਾਣੀ ਦਾ ਪਤਾ ਲੱਗਾ ਤਾਂ ਤਾਏ ਨੇ ਬਿੰਦਰੀ ਦੇ ਮੰਮੀ-ਡੈਡੀ ਨਾਲ ਸੰਪਰਕ ਸਾਧਿਆ। ਬਿੰਦਰੀ ਨਾਲ ਹਰ ਪੱਖ ਤੋਂ ਸਾਰੀ ਗੱਲ ਕੀਤੀ। ਹੁਣ ਬਿੰਦਰੀ ਦੇ ਸਮਝ ‘ਚ ਗੱਲ ਆ ਗਈ ਸੀ ਕਿ ਕਿਵੇਂ ਉਸ ਦਾ ਸਹੁਰੇ ਘਰ ਵੱਸਦੇ ਰਹਿਣਾ, ਆਪਣੀ ਵੱਧੀਆ ਪੜਾਈ-ਲਿਖਾਈ ਅਤੇ ਸਿਆਣਪ ਵਰਤ ਪਰਵਾਰ ਵਿੱਚ ਸਹੀ ਪਰਿਵਰਤਨ ਲਿਆਉਣ ਦਾ ਸਿਹਰਾ ਆਪਣੇ ਸਿਰ ਲੈਣਾ। ਹੁਣ ਬਿੰਦਰੀ ਖੁਸ਼ੀ-੨ ਸਾਰਿਆਂ ਨਾਲ ਮਿਲ ਵਰਤ ਰਹੀ ਹੈ ‘ਤੇ ਵਾਹ-੨ ਖੱਟ ਰਹੀ ਹੈ। ਇੱਕ ਦਿਨ ਤਾਏ-ਸਹੁਰੇ ਦਾ ਟੈਲੀਫੂਨ ਆਇਆ ‘ਤੇ ਬਿੰਦਰੀ ਨੂੰ ਮੁਖਾਤਿਬ ਹੁੰਦਿਆਂ ਕਿਹਾ, “ਇੰਦਰੀ-ਸਦਕੇ ਤੇਰੇ ਅਤੇ ਤੇਰੀ ਇਸ ਸਮਝਦਾਰੀ ਦੇ ਜਿਸ ਕਰਕੇ ਅੱਜ ਦੋਵਾਂ ਘਰਾਂ ‘ਚ ਸੁੱਖ-ਸ਼ਾਂਤੀ ਵਰਤ ਰਹੀ ਹੈ।”