ਯੂਨੀਵਰਸਿਟੀਆਂ, ਕਾਲਜਾਂ, ਆਈ ਟੀ ਆਈ ਸੰਸਥਾਵਾਂ ਤੋਂ ਹੁੰਦਾ ਹੋਇਆ ਹੁਣ ਚਿੱਟੇ ਦੇ ਨਸ਼ੇ ਅਤੇ ਗੈਂਸਗਟਰ ਕਲਚਰ ਨੇ ਸਕੂਲੀ ਵਿਦਿਆਰਥੀਆਂ ਤੱਕ ਆਪਣੀ ਪਹੁੰਚ ਬਣਾ ਲਈ ਹੈ। ਸਕੂਲ ਦੇ ਦਾਖ਼ਲੇ ਲਈ ਪ੍ਰਾਈਵੇਟ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਦੇ ਪਿਤਾ ਨੇ ਦੱਸਿਆ ਕਿ ਪਿਛਲੇ ਸੈਸ਼ਨ ਵਿੱਚ ਇਲਾਕੇ ਦੀ ਇੱਕ ਸੰਸਥਾ ਵਿੱਚ ਇੱਕ ਵਿਦਿਆਰਥੀ ਆਪਣੇ ਬਾਪ ਦੀ ਲਸੰਸੀ ਪਿਸਟਲ ਲ਼ੈ ਲਾਇਆ। ਕੁਝ ਸ਼ਹਿਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀਆਂ ਪਾਣੀ ਆਲੀਆਂ ਬੋਤਲਾਂ ਵਿੱਚ ਅਲਕੋਹਲ ਹੋਣ ਦਾ ਵੀ ਪਤਾ ਲੱਗਿਆ। ਕੁਝ ਇੱਕ ਵਿੱਚੋਂ ਇਹ ਖ਼ਬਰ ਵੀ ਨਿਕਲ ਕੇ ਸਾਹਮਣੇ ਆਈ ਐ ਕਿ ਮੁੰਡਿਆਂ ਦੇ ਨਾਲ਼ ਨਾਲ਼ ਕੁੜੀਆਂ ਵੀ ਚੈਨੀ ਖੈਣੀ (ਦੇਸੀ ਨਾਂ -ਸਰਾਣਾ) ਦੀਆਂ ਆਦੀ ਹੋ ਚੁੱਕੀਆਂ ਹਨ। ਵਿਦਿਆਰਥੀਆਂ ਦੁਆਰਾ ਸਿਗਰਟਨੋਸ਼ੀ ਅਤੇ ਤੰਬਾਕੂਨੋਸ਼ੀ ਅਕਸਰ ਕੀਤੀ ਜਾਂਦੀ ਹੈ। ਅਸਲ ਵਿੱਚ ਇਸ ਸਭ ਲਈ ਦੋ ਕਾਰਕ ਜ਼ਿੰਮੇਵਾਰ ਹਨ ਉਹ ਹਨ :-
ਸੋਸ਼ਲ ਮੀਡੀਆ, ਨਸ਼ਿਆਂ ਅਤੇ ਗੈਂਗਸਟਰ ਕਲਚਰ ਨੂੰ ਪ੍ਰਮੋਟ ਕਰਨ ਵਾਲਿਆਂ ਗਾਇਕਾਂ, ਨਸ਼ਾ ਤਸਕਰਾਂ ਵੱਲੋਂ ਨਵੇਂ ਗ੍ਰਾਹਕਾਂ ਦੀ ਭਾਲ, ਮਾਪਿਆਂ ਅਤੇ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨੂੰ ਸਮੱਸਿਆਵਾਂ ਦੱਸਣ ਦਾ ਸਮਾਂ ਨਾ ਦੇਣਾ, ਪਰਿਵਾਰਕ ਰਿਸ਼ਤਿਆਂ ਵਿੱਚ ਆਪਸੀ ਦੂਰੀਆਂ ਦਾ ਪ੍ਰਭਾਵ, ਬੁਰੀ ਸੰਗਤ, ਮਾਪਿਆਂ ਦੇ ਅਨੈਤਿਕ ਰਿਸ਼ਤੇ, ਮਾਪਿਆਂ ਵੱਲੋਂ ਬੱਚਿਆਂ ਦੀ ਹੱਦੋਂ ਵੱਧ ਮਾਰ ਕੁਟਾਈ, ਵਿਦਿਆਰਥੀਆਂ ਵਿੱਚ ਬੇਰੁਜ਼ਗਾਰਾਂ ਨੂੰ ਵੇਖ ਨਿਰਾਸ਼ਤਾ, ਅਧਿਆਪਕਾਂ ਵਿੱਚ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਪਹੁੰਚ ਦੀ ਘਾਟ ਹੋਣਾ, ਮਾਪਿਆਂ ਦਾ ਵਿਦਿਆਰਥੀਆਂ ਦਾ ਸਾਰਾ ਬੋਝ ਸਕੂਲ ਅਧਿਆਪਕਾਂ ‘ਤੇ ਸੁੱਟਣਾ, ਸਮੇਂ ਸਮੇਂ ਤੇ ਮਾਪੇ ਅਧਿਆਪਕ ਮਿਲਣੀਆਂ ਵਿੱਚ ਹਿੱਸਾ ਨਾ ਲੈਣਾ, ਮਾਪਿਆਂ ਨੂੰ ਵਿਦਿਆਰਥੀਆਂ ਦੇ ਸਰੀਰਕ, ਮਾਨਸਿਕ ਪੱਧਰ ਤੇ ਕਿਸ਼ੋਰ ਅਵਸਥਾ ਵਿੱਚ ਆਉਣ ਵਾਲੀਆਂ ਤਬਦੀਲੀਆਂ ਤੋਂ ਅਗਿਆਨਤਾ, ਵਿਦਿਆਰਥੀਆਂ ਨੂੰ ਜਾਣਕਾਰੀ ਦੀ ਘਾਟ ਅਤੇ ਰੁਚੀਆਂ ਅਨੁਸਾਰ ਸਿੱਖਿਆ ਵਿਸ਼ਿਆਂ ਦੀ ਘਾਟ।
ਸੁਰਜੀਤ ਪਾਤਰ ਹੋਰਾਂ ਦੀ ਗ਼ਜ਼ਲ ਦਾ ਸ਼ੇਅਰ ਸਾਨੂੰ ਸੁਚੇਤ ਕਰਦਾ ਹੈ:-
ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ,
ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ।
ਇਹ ਵਰਤਾਰਾ ਸਾਡੇ ਵਿੱਚੋਂ ਕਿਸੇ ਦੇ ਵੀ ਬੱਚਿਆਂ ਨਾਲ਼ ਘਟ (ਵਾਪਰ) ਸਕਦਾ ਹੈ।
ਸਾਨੂੰ ਸਾਡੇ ਬੱਚਿਆਂ ਦੇ ਮਾਪੇ ਹੋਣ ਦਾ ਫ਼ਰਜ ਵੀ ਤਨਦੇਹੀ ਨਾਲ਼ ਨਿਭਾਉਂਣਾ ਪਵੇਗਾ, ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਭਾਵਨਾਤਮਕ ਤੌਰ ‘ਤੇ ਮਜ਼ਬੂਤ ਕਰਨਾ ਪਵੇਗਾ, ਵਿਦਿਆਰਥੀਆਂ ਦੇ ਮਾਪਿਆਂ ਨੂੰ ਜਾਗਰੂਕ ਕਰਨਾ ਪਵੇਗਾ, ਵਾਤਾਵਰਨ ਭਾਵ ਸਮਾਜ ਵਿਚਲੇ ਗ਼ਲਤ ਅਨਸਰਾਂ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲਿਆਂ ਵਿਰੁੱਧ ਅਵਾਜ਼ ਉਠਾਉਣੀ ਪਵੇਗੀ, ਵਿਦਿਆਰਥੀਆਂ ਦੇ “ਰੋਲ ਮਾਡਲ” ਬਣਨਾ ਪਵੇਗਾ, ਨਸ਼ਿਆਂ ਨੂੰ ਠੱਲ ਪਵਾਉਣ ਲਈ ਸਰਕਾਰ ਅਤੇ ਪ੍ਰਸ਼ਾਸਨ ‘ਤੇ ਦਬਾਅ ਬਣਾਉਣਾ ਪਵੇਗਾ।
ਜੇਕਰ ਅਸੀਂ ਹੁਣ ਵੀ ਆਪਣੇ ਫ਼ਰਜ਼ਾਂ ਵਿੱਚ ਕੁਤਾਹੀ ਕਰਦੇ ਰਹੇ ਤਾਂ ਆਉਣ ਵਾਲੀਆਂ ਨਸਲਾਂ ਨੇ ਸਾਨੂੰ ਮੁਆਫ਼ ਨਹੀਂ ਕਰਨਾ। ਆਓ ਆਪਣੇ ਫ਼ਰਜ਼ ਪਛਾਣੀਏ ਅਤੇ ਘਰ, ਸਕੂਲ ਅਤੇ ਆਂਢ ਗੁਆਂਢ ਵਿੱਚ ਬੱਚਿਆਂ ਨੂੰ ਇਸ ਅਲਾਮਤ ਤੋਂ ਦੂਰ ਰੱਖਣ ਲਈ ਪਹਿਰੇਦਾਰ ਬਣੀਏ।
ਧੰਨਵਾਦ ਸਹਿਤ
ਕਟਾਰੀਆ ਕੁਲਵਿੰਦਰ