ਰਣ ਸਿੰਘ..ਹੈਂ ਤਾਂ ਗੜਵਾਲ ਤੋਂ ਸੀ ਪਰ ਨੈਣ ਨਕਸ਼ ਅਤੇ ਪੰਜਾਬੀ ਬੋਲਣ ਦੇ ਲਹਿਜੇ ਤੋਂ ਪੂਰਾ ਮਝੈਲਾਂ ਵਰਗਾ ਲੱਗਦਾ..ਨਿੱਕੇ ਹੁੰਦਿਆਂ ਤੋਂ ਹੀ ਸ਼ਾਇਦ ਏਧਰ ਆ ਗਿਆ ਸੀ..!
ਢਾਬੇ ਤੇ ਜਦੋਂ ਵੀ ਰੋਟੀ ਖਾਣ ਜਾਂਦੇ ਤਾਂ ਵਧੀਆ ਬੰਦੋਬਸਤ ਵਾਲੇ ਪੂਰੇ ਵੱਟ ਕੱਢ ਦਿਆ ਕਰਦਾ..ਕਿੰਨੀਆਂ ਗੱਲਾਂ ਦੱਸਦਾ..ਕਿੰਨੀਆਂ ਪੁੱਛਦਾ ਵੀ..ਕਈਆਂ ਦੇ ਜੁਆਬ ਨਹੀਂ ਸਨ ਆਉਂਦੇ ਤੇ ਕਈ ਮੈਂ ਜਾਣ ਬੁੱਝ ਕੇ ਦੇਣਾ ਹੀ ਨਹੀਂ ਸਾਂ ਚਾਹੁੰਦਾ..ਉਹ ਵੀ ਮੌਕੇ ਦੀ ਨਜਾਕਤ ਸਮਝ ਓਸੇ ਵੇਲੇ ਗੱਲ ਦੂਜੇ ਪਾਸੇ ਪਾ ਲਿਆ ਕਰਦਾ..!
ਫੇਰ ਮੇਰੇ ਰਿਸ਼ਤੇ ਦੀ ਗੱਲ ਚੱਲੀ..ਸਾਨੂੰ ਦੋਹਾਂ ਨੂੰ ਬਾਹਰ ਮਿਲਣ ਦੀ ਇਜਾਜਤ ਮਿਲ ਗਈ..ਅਸੀਂ ਓਸੇ ਢਾਬੇ ਤੇ ਹੀ ਮਿਲੇ..ਸਰਸਰੀ ਗੱਲਾਂ ਹੋਈਆਂ..ਰਣ ਸਿੰਘ ਕਾਫੀ ਦੂਰ ਖਲੋਤਾ ਰਹਿੰਦਾ..ਇਸ਼ਾਰਾ ਮਿਲਦਿਆਂ ਹੀ ਕੋਲ ਆ ਜਾਂਦਾ ਤੇ ਆਖੀ ਹੋਈ ਸ਼ੈ ਪਰੋਸ ਓਸੇ ਵੇਲੇ ਪਰਾਂ ਹਟਵਾਂ ਜਾ ਖਲੋਂਦਾ..!
ਦੋ ਤਿੰਨ ਮੁਲਾਕਾਤਾਂ ਮਗਰੋਂ ਵੀ ਰਣ ਸਿੰਘ ਨੇ ਮੇਰੇ ਨਾਲ ਬੈਠੀ ਬਾਰੇ ਕੁਝ ਵੀ ਨਾ ਪੁੱਛਿਆ..ਬੱਸ ਸੁਣਦਾ ਹੀ ਰਿਹਾ..ਅਖੀਰ ਮੈਂ ਇਸ਼ਾਰੇ ਇਸ਼ਾਰੇ ਵਿਚ ਦੱਸ ਹੀ ਦਿੱਤਾ ਕੇ ਮੇਰੇ ਰਿਸ਼ਤੇ ਦੀ ਗੱਲ ਚੱਲ ਰਹੀ ਏ..!
ਫੇਰ ਇੱਕ ਦਿਨ ਸਾਡੀ ਮੁਲਾਕਤ ਖਾਸੀ ਲੰਮੀ ਚੱਲੀ..ਉਹ ਸਾਮਣੇ ਬੈਠੀ ਰਹੀ..ਕਿੰਨਾ ਕੁਝ ਆਖਦੀ..ਸੁਣਦੀ ਤੇ ਅੰਦਾਜੇ ਲਾਉਂਦੀ ਉਹ ਕਦੀ ਹੱਸ ਪਿਆ ਕਰਦੀ ਤੇ ਕਦੇ ਨਜਰਾਂ ਨੀਵੀਆਂ ਕਰਦੀ ਦਾ ਰੰਗ ਹੋਰ ਲਾਲ ਸੁਰਖ ਹੋ ਜਾਂਦਾ..ਦੋ ਘੰਟੇ ਪਤਾ ਹੀ ਨਹੀਂ ਲੱਗਾ ਕਦੋਂ ਲੰਘ ਗਏ..!
ਰਣ ਸਿੰਘ ਦੂਰ ਹਟਵਾਂ ਖਲੋਤਾ ਰਿਹਾ..ਫੇਰ ਮਿਲਣੀ ਅੰਜਾਮ ਤੀਕਰ ਅੱਪੜੀ ਤਾਂ ਉਹ ਲੂਣਾ ਤੇ ਚੜ ਜਿਥੇ ਪੜਾਉਂਦੀ ਸੀ ਓਧਰ ਨੂੰ ਹੋ ਤੁਰੀ..ਤੇ ਮੈਂ ਕੱਲਾ ਰਹਿ ਗਿਆ..ਓਸੇ ਟੇਬਲ ਤੇ ਹੀ..ਹੋਈਆਂ ਕੀਤੀਆਂ ਗੱਲਾਂ ਦਾ ਵਿਸ਼ਲੇਸ਼ਣ ਕਰਦਾ ਹੋਇਆ ਮੈਂ ਕਦੀ ਕੱਲਾ ਹੀ ਹੱਸ ਪਿਆ ਕਰਦਾ ਤੇ ਕਦੀ ਗੰਭੀਰ ਹੋ ਜਾਂਦਾ!
ਦੂਰ ਖਲੋਤਾ ਰਣ ਸਿੰਘ ਕੋਲ ਆ ਗਿਆ..ਭਾਂਡੇ ਗਲਾਸ ਚੁੱਕੇ..ਟੇਬਲ ਤੇ ਕੱਪੜਾ ਮਾਰਿਆ ਤੇ ਏਧਰ ਓਧਰ ਵੇਖ ਸਾਮਣੇ ਪਈ ਕੁਰਸੀ ਤੇ ਬੈਠ ਗਿਆ..ਫੇਰ ਆਖਣ ਲੱਗਾ ਸਾਬ ਜੀ ਜੇ ਇਜਾਜਤ ਦੇਵੋ ਤਾਂ ਇੱਕ ਗੱਲ ਆਖਾਂ..ਤੁਸੀਂ ਬੱਸ ਹਾਂ ਕਰ ਦਿਓ ਕਿਓੰਕੇ ਖੜੀ ਨਜਰ ਵਾਲੀਆਂ ਜਿਹੜੀਆਂ ਕੁੜੀਆਂ ਜਦੋਂ ਟੇਢਾ ਜਿਹਾ ਝਾਕ ਓਸੇ ਵੇਲੇ ਨੀਵੀਂ ਪਾ ਲੈਣ..ਦਿਲ ਦੀਆਂ ਬੜੀਆਂ ਸਾਫ ਹੁੰਦੀਆਂ..ਆਪਣੀ ਨਾਲਦੀ ਨੂੰ ਵੀ ਮੈਂ ਇਸੇ ਕਸੌਟੀ ਤੇ ਪਰਖ ਕੇ ਹੀ ਹਾਂ ਕੀਤੀ ਸੀ..ਏਨੇ ਵਰੇ ਹੋ ਗਏ ਕਦੇ ਕਦੇ ਦੋ ਭਾਂਡੇ ਖੜਕ ਜਰੂਰ ਪੈਂਦੇ ਪਰ ਫੇਰ ਛੇਤੀ ਹੀ ਸੁਲਹ ਵੀ ਕਰ ਲੈਂਦੀ ਏ..!
ਅੱਜ ਏਨੇ ਵਰੇ ਹੋ ਗਏ ਮੇਰੇ ਵਿਆਹ ਨੂੰ ਪਰ ਅੱਜ ਤੀਕਰ ਇਹ ਪਤਾ ਨਹੀਂ ਲੱਗਾ ਕੇ ਇਹ “ਖੜੀ ਨਜਰ” ਆਖਿਰ ਹੁੰਦੀ ਕੀ ਹੈ ਪਰ ਉਸ ਦਿਨ ਮੈਨੂੰ ਰਣ ਸਿੰਘ ਦੀ ਆਖੀ ਗੱਲ ਦਾ ਅੰਦਾਜ ਹੀ ਏਨਾ ਪਿਆਰਾ ਲੱਗਾ ਕੇ ਮੈਥੋਂ ਨਾਂਹ ਹੋ ਹੀ ਨਾ ਸਕੀ..ਫੇਰ ਜੋ ਕੁਝ ਵੀ ਹੋਇਆ ਉਸਨੇ ਜੋੜੀਆਂ ਜੱਗ ਥੋੜੀਆਂ ਬਾਕੀ ਨਰੜ ਬਥੇਰੇ ਵਾਲੀ ਪੂਰਾਣੀ ਅਖੌਤ ਤੇ ਸਹੀ ਪਾ ਦਿੱਤੀ!
ਹਰਪ੍ਰੀਤ ਸਿੰਘ ਜਵੰਦਾ