ਜੇ ਕੋਈ ਲਹੌਰੀਆ ਵੀਰ ਮਿਲੇ ਤਾਂ ਉਲਾਂਹਮਾਂ ਜਰੂਰ ਦਿਓ..ਤੁਸੀਂ ਤਾਂ ਦਮਗਜੇ ਮਾਰਦੇ ਹੁੰਦੇ ਸੋ ਕੇ ਦੋਸਤੀ ਮਹਿਮਾਂਨਵਾਜੀ ਵੇਖਣੀ ਤਾਂ ਲਾਹੌਰ ਆਓ..ਜਾਨ ਦਾ ਸਦਕਾ ਇੱਜਤ ਪਿਆਰ ਮੁਹੱਬਤ ਸਭ ਕੁਝ ਮਿਲੂ ਪਰ ਤੁਹਾਥੋਂ ਆਰਜੀ ਤੌਰ ਰਹਿ ਰਿਹਾ ਸਾਡਾ ਇੱਕ ਜਰਨੈਲ ਵੀ ਨਹੀਂ ਸਾਂਭਿਆ ਗਿਆ..ਖੈਰ ਤੁਹਾਡੇ ਨਾਲ ਕਾਹਦਾ ਗਿਲਾ..ਨਿਥਾਵਿਆਂ ਨਾਲ ਚਿਰਾਂ ਤੋਂ ਇੰਝ ਹੀ ਹੁੰਦੀ ਆਈ..ਕਾਰਾ ਕਰਨ ਵਾਲ਼ੇ ਵੀ ਜਾਣਦੇ..ਏਨਾ ਦਾ ਆਪਣਾ ਨਾ ਘਰ ਨਾ ਘਾਟ..ਮਗਰ ਕਿਸੇ ਪੈਰਵਾਈ ਵੀ ਨਹੀਂ ਕਰਨੀ..ਜਦੋਂ ਜੀ ਕਰਦਾ ਗਿੱਚੀ ਮਰੋੜ ਲਵਾਂਗੇ..ਕੋਈ ਆਖੂ ਤਾਂ ਕਹਾਂਗੇ ਲੋੜੀਂਦਾ ਸੀ..ਉੱਜੜ ਗਿਆਂ ਦਾ ਦੇਸ਼ ਨਾ ਕੋਈ..ਮਰਿਆਂ ਦੀ ਨਾ ਥਾਂ..ਨਾਂ ਵੇ ਰੱਬਾ ਨਾ..ਨਾ ਵੇ ਰੱਬਾ ਨਾ!
ਪਿੱਛੇ ਜਿਹੇ ਅਰਜੋਈ ਕੀਤੀ ਸੀ..ਮੁਲਤਾਨ ਕਿਲੇ ਦੀ ਮੋਟੀ ਫਸੀਲ ਦੇ ਹਿਕ ਵਿਚ ਕਿਸੇ ਵੇਲੇ ਮਘੋਰਾ ਕਰਨ ਵਾਲੀ ਅਬਦਾਲੀ ਕੋਲੋਂ ਖੋਹੀ ਜਮਜਮਾਂ ਤੋਪ ਲਾਹੌਰ ਖੁੱਲੇ ਅੰਬਰ ਹੇਠ ਪਈ ਏ..ਆਖ ਵੇਖ ਕਿਸੇ ਛੱਤ ਛੱਪਰ ਹੇਠ ਹੀ ਖਲਿਆਰ ਦੇਵੋ..ਦਿਨੇ ਰਾਤ ਕਬੂਤਰ ਕਾਂ ਵਿੱਠਾਂ ਕਰਦੇ ਰਹਿੰਦੇ..ਇੱਕ ਦਿਨ ਜੰਗਾਲ ਨੇ ਖਾ ਲੈਣੀ..ਕੌਂਮੀ ਇਤਿਹਾਸ ਅਤੇ ਫਲਸਫੇ ਨੂੰ ਤੇ ਕਦੇ ਦਾ ਲੱਗਾ ਹੀ ਪਿਆ..ਪਰ ਕਿਸੇ ਨਹੀਂ ਸੁਣੀ!
ਕਬੂਤਰਾਂ ਤੋਂ ਯਾਦ ਆਇਆ..ਘਰੇ ਸਿੰਘ ਜਲ ਪਾਣੀ ਛਕਣ ਆਇਆ ਕਰਦੇ ਸਨ..ਨਿੱਕੇ ਵੀਰ ਦਾ ਉਲਾਰ ਹੋ ਗਿਆ..ਇੱਕ ਦਿਨ ਮਗਰ ਚਲਾ ਗਿਆ..ਓਹਨਾ ਸੁਨੇਹਾ ਘੱਲਿਆ ਅਜੇ ਛੋਟਾ ਏ ਮੋੜ ਕੇ ਲੈ ਜਾਓ..ਬਾਪੂ ਹੂਰੀ ਓਸੇ ਵੇਲੇ ਗਏ..ਅੱਗੇ ਤਾਜੀ ਗੋਲੀ ਚੱਲ ਕੇ ਹਟੀ ਸੀ..ਮੋੜ ਤੇ ਬਾਣੀਆਂ ਦੱਸਣ ਲੱਗਾ ਪੂਰੀਆਂ ਪੰਜ ਲੋਥਾਂ ਟਰੱਕ ਵਿਚ ਪਾ ਕੇ ਲੈ ਕੇ ਗਏ..ਏਨਾ ਸੁਣ ਬਾਪੂ ਜੀ ਅੱਧਾ ਮੁੱਕ ਗਿਆ..ਜਰੂਰ ਉਹ ਵੀ ਵਿਚੇ ਹੀ ਹੋਵੇਗਾ..ਪਰ ਇਕ ਘਰੋਂ ਮਿਲ ਗਿਆ..ਸਹੀ ਸਲਾਮਤ..ਅੱਜ ਸੁਵੇਰੇ ਹੀ ਛੱਡ ਗਏ ਸਨ ਅਖ਼ੇ ਇਸਦੇ ਵਾਰਿਸ ਆਉਣਗੇ ਤਾਂ ਹਵਾਲੇ ਕਰ ਦਿਓ..ਸਾਡਾ ਕੋਈ ਪਤਾ ਨਹੀਂ!
ਬਾਪੂ ਹੂਰੀ ਘਰੇ ਮੋੜ ਲਿਆਏ..ਮੈਂ ਅੱਗੋਂ ਵਾਂਡੀ ਨੱਸੀ ਗਈ..ਉਹ ਗਵਾਚਿਆ ਹੋਇਆ ਤੁਰਿਆ ਆਵੇ..ਫੇਰ ਧਿਆਨ ਦੂਜੇ ਪਾਸੇ ਪਾਉਣ ਲਈ ਖਬਰ ਸੁਣਾ ਦਿੱਤੀ ਵੀਰੇ ਰਾਤੀ ਕਬੂਤਰਾਂ ਵਾਲਾ ਆਲਾ ਖੁੱਲ੍ਹਾ ਰਹਿ ਗਿਆ ਸੀ..ਬਿੱਲੀ ਤੇਰੇ ਪੰਜ ਕਬੂਤਰ ਖਾ ਗਈ..!
ਜਾਨਵਰਾਂ ਨੂੰ ਜਾਨੋਂ ਵੱਧ ਪਿਆਰ ਕਰਨ ਵਾਲਾ ਅੱਜ ਬੱਸ ਏਹੀ ਆਖੀ ਜਾ ਰਿਹਾ ਸੀ..ਬਿੱਲੀ ਨਹੀਂ ਭੈਣੇ ਦਿੱਲੀ ਖਾ ਗਈ ਮੇਰੇ ਪੰਜ ਕਬੂਤਰ..!
ਪਿੱਛੇ ਜਿਹੇ ਇੱਕ ਫਿਲਿਪੀਨੋ ਦੀ ਕਾਰ..ਸਟੇਰਿੰਗ ਸਾਮਣੇ ਖਿਡੌਣਾ ਕਬੂਤਰ ਟੰਗਿਆ..ਹਮੇਸ਼ਾਂ ਹਿੱਲਦਾ ਹੀ ਰਹਿੰਦਾ..ਪੁੱਛਿਆ ਕਿਓਂ ਟੰਗਿਆ..ਆਖਣ ਲੱਗਾ ਇਹ ਸੌਣ ਨਹੀਂ ਦਿੰਦਾ..ਮੈਨੂੰ ਹਮੇਸ਼ਾਂ ਜਗਾਈ ਰੱਖਦਾ..ਮਨ ਵਿੱਚ ਸੋਚਿਆ ਕਾਸ਼ ਸਾਡੀ ਮਾਨਸਿਕਤਾ ਅੰਦਰ ਵੀ ਐਸੇ ਕਬੂਤਰ ਵਾਸ ਕਰ ਜਾਵਣ..ਜੋ ਹਮੇਸ਼ਾਂ ਹਰਕਤ ਕਰਦੇ..ਹਮੇਸ਼ਾਂ ਜਗਾਈ ਰੱਖਣ..ਪੈਰ-ਪੈਰ ਤੇ ਗੂੜੀ ਨੀਂਦਰ ਸੌਂ ਜਾਂਦੇ ਸਾਨੂੰ ਅਵੇਸਲਿਆਂ ਨੂੰ..!
ਅਖੀਰ ਵਿਚ..ਵਤਨਾਂ ਦਾ ਕੀ ਮਾਣ ਕਰਨਗੇ..ਬੇਵਤਨੇ ਜੋ ਹੋਏ..ਕੀ ਇਨਸਾਫ ਮੰਗਣਗੇ ਮਾਪੇ..ਪੁੱਤ ਜਿੰਨਾ ਦੇ ਮੋਏ!
ਹਰਪ੍ਰੀਤ ਸਿੰਘ ਜਵੰਦਾ