ਸਾਡੇ ਘਰਾਂ ਦੇ ਕੋਲ ਇੱਕ ਜਿਮੀਂਦਾਰ ਟਿਊਬਵੈੱਲ ਲਾ ਰਿਹਾ ਸੀ। ਮਜਦੂਰ ਕੰਮ ਕਰ ਰਹੇ ਸਨ। ਅਜੇ ਸ਼ੁਰੂਆਤ ਹੀ ਸੀ ਕਿ ਮੈਂ ਵੀ ਓਧਰ ਚਲਿਆ ਗਿਆ। ਮਿਸਤਰੀ ਓਥੇ ਨਹੀ ਸੀ। ਉਹ ਮਜ਼ਦੂਰਾਂ ਨੂੰ ਸਮਾਨ ਫਿੱਟ ਕਰਨ ਲਾ ਕੇ ਚੱਲਿਆ ਗਿਆ ਸੀ।
ਮੈਂ ਵੇਖਿਆ ਉਹਨਾ ਨੇ ਗਿਆਰਾਂ ਹਜ਼ਾਰ ਵੋਲਟੇਜ ਵਾਲੀ ਹਾਈ ਵੋਲਟੇਜ਼ ਤਾਰ ਤੇ ਕੁੰਡੀ ਲਾਈ ਹੋਈ ਸੀ। ਜਿਸ ਨਾਲ ਹੇਠਾਂ ਟੇਪਰਿਕਾਰਡ ਫਿੱਟ ਕੀਤੀ ਹੋਈ ਸੀ। ਕੁਦਰਤੀ ਬਿਜਲੀ ਨਹੀ ਸੀ ਆਈ। ਉਹ ਟੇਪਰਿਕਾਰਡ ਫਿੱਟ ਕਰਕੇ ਆਪਣੇ ਕੰਮ ਲੱਗੇ ਹੋਏ ਸਨ। ਕਿ ਜਦੋਂ ਲਾਈਟ ਆਈ ਚੱਲ ਪਏਗੀ।
ਮੈਂ ਉਹਨਾ ਨੂੰ ਆਖਿਆ ਕਿ ਇਹ ਕੀ ਕੀਤਾ ਹੋਇਆ ਹੈ। ਏਨੀ ਵੱਡੀ ਗਲਤੀ? ਹਾਈ ਵੋਲਟੇਜ ਲਾਈਨ ਹੈ। ਸਭ ਕੁਝ ਉਡਾ ਦੇਵੇਗੀ। ਸ਼ੁਕਰ ਕਰੋ ਲਾਈਟ ਮੌਕੇ ਤੇ ਨਹੀ ਸੀ। ਨਹੀ ਤੇ ਬੰਦੇ ਦਾ ਨੁਕਸਾਨ ਹੋ ਸਕਦਾ ਸੀ।
ਪਰ ਉਹ ਬੋਲੇ ਕਿ ਅਸੀਂ ਰੋਜ ਲਾਉਂਦੇ ਹਾਂ, ਕੁਝ ਨਹੀ ਹੁੰਦਾ। ਮੈਂ ਬਹੁਤ ਸਮਝਾਇਆ ਪਰ ਉਹ ਨਾ ਮੰਨੇ। ਮੈਂ ਇਹ ਕਹਿ ਕੇ ਆ ਗਿਆ ਕਿ ਇਸ ਦੇ ਨੇੜੇ ਨਾ ਜਾਇਓ ਹੁਣ। ਲਾਈਟ ਆਉਣ ਤੇ ਨੁਕਸਾਨ ਹੋਵੇਗਾ। ਪਤਾ ਨਹੀ ਲਾਈਟ ਕਦੋਂ ਆ ਜਾਵੇ। ਪਰ ਉਹਨਾ ਨੇ ਗੱਲ ਹੱਸ ਕੇ ਮਖੌਲ ਵਿੱਚ ਉਡਾ ਦਿੱਤੀ।
ਕੁਝ ਦੇਰ ਬਾਅਦ ਮੈਂ ਫੇਰ ਉਧਰ ਗਿਆ ਤਾਂ ਉਹ ਮੈਨੂੰ ਵੇਖ ਕੇ ਹੱਸ ਰਹੇ ਸਨ। ਮੈਂ ਕਿਹਾ ਕਿ ਕੀ ਹੋਇਆ? ਤਾਂ ਕਹਿਣ ਲੱਗੇ,ਕਿ ਟੇਪਰਿਕਾਰਡ ਦੇ ਪਰਖੱਚੇ ਉੱਡ ਗਏ। ਅਸਲ ਗੱਲ ਤੋਂ ਉਹ ਅਜੇ ਵੀ ਅਨਜਾਣ ਸਨ।
ਮੈਂ ਕਿਹਾ ਤੁਸੀਂ ਹੱਸ ਰਹੇ ਓ ,ਤੁਹਾਨੂੰ ਪਤੈ ਇਹ ਕਿੰਨਾ ਖਤਰਨਾਕ ਹੋ ਸਕਦਾ ਸੀ। ਜੇਕਰ ਪਹਿਲਾਂ ਲਾਈਟ ਹੁੰਦੀ ਤਾਂ ਫਿੱਟ ਕਰਨ ਵਾਲਿਆਂ ਦਾ ਵੀ ਟੇਪਰਿਕਾਰਡ ਵਾਲਾ ਹਾਲ ਹੋਣਾ ਸੀ।
ਹੁਣ ਉਹਨਾ ਨੂੰ ਆਪਣੀ ਮੂਰਖਤਾ ਦੀ ਸਮਝ ਆਈ ਤਾਂ ਉਹ ਕੰਨਾਂ ਨੂੰ ਹੱਥ ਲਾਉਣ ਲੱਗੇ। ਉਹ ਪਹਿਲਾਂ ਕਿਸੇ ਛੋਟੀ ਲਾਈਨ ਤੇ ਕੁੰਡੀ ਲਾਉਂਦੇ ਰਹੇ ਸਨ। ਪਰ ਇਹ ਗਿਆਨ ਹੀ ਨਹੀ ਸੀ ਕਿ ਹਾਈ ਵੋਲਟੇਜ ਕਿੰਨੀ ਖਤਰਨਾਕ ਹੁੰਦੀ ਹੈ।
ਭਾਵੇਂ ਇੱਕ ਵੱਡਾ ਹਾਦਸਾ ਟਲ ਗਿਆ ਸੀ। ਪਰ ਅਸਲੀਅਤ ਜਾਣ ਕੇ ਉਹਨਾ ਦੇ ਚਿਹਰਿਆਂ ਦਾ ਰੰਗ ਉੱਡ ਗਿਆ ਸੀ।
ਲਖਵਿੰਦਰ ਸਿੰਘ ਬਾਜਵਾ