ਕਈ ਵਰ੍ਹੇ ਪਹਿਲਾਂ ਦੀ ਗੱਲ ਏ..ਖੇਤੋਂ ਆਉਂਦੇ ਨੂੰ ਕਿਸੇ ਨੇਂ ਹੱਥ ਦੇ ਕੇ ਰੋਕ ਲਿਆ..ਕਹਿੰਦਾ-“ਓਏ ਤਰਖਾਣਾ ਸਾਡੇ ਟਰੈਕਟਰ ਦਾ ਕੰਮ ਕਰਦੇ”
ਮਖਿਆ ਬਾਈ ਕੱਲ ਨੂੰ ਕਰ ਦੇਵਾਂਗਾ..ਅਗਲੇ ਦਿਨ ਆਪਾਂ ਸੰਦ ਸੰਦੇੜੇ ਚੱਕ ਕੇ ਅੱਪੜ ਗਏ..ਅੱਗੋਂ ਕਹਿੰਦਾ-“ਓ ਯਰ ਰਾਤ ਪੀਤੀ ਚ ਤੈਨੂੰ ਹੀ ਆਖ ਬੈਠਾ..ਦਰਅਸਲ ਅਸੀਂ ਹੋਰ ਮਿਸਤਰੀ ਸੱਦਣਾ ਸੀ”
ਮਖਿਆ-“ਚੱਲ ਕੋਈ ਨਾਂ ਬਾਈ..ਕੰਮ ਮੇਰੇ ਤੋਂ ਕਰਵਾ ਲਓ ਤੇ ਪੈਹੇ ਓਹਨੂੰ ਦੇ ਦਿਓ”
ਅੱਗੋਂ ਹੱਸ ਕੇ ਕਹਿੰਦਾ-“ਯਰ ਰਾਤ ਤੈਨੂੰ ਤਰਖਾਣ ਕਿਹਾ ਸੀ..ਗੁੱਸਾ ਨਾਂ ਮੰਨੀ”
ਮਖਿਆ -“ਭਾਈ ਤਰਖਾਣ ਨੂੰ ਤਰਖਾਣ ਹੀ ਕਿਹਾ ਜਾਂਦਾ ਏ..ਸਾਨੂੰ ਆਹ ਨਿੱਕੀ ਮੋਟੀ ਗੱਲ ਸੁਣਨ ਨਾਲ ਫਰਕ ਨਹੀਂ ਪੈਂਦਾ.. ”
ਵਿਹੜੇ ਚ ਬੈਠਾ ਬਜ਼ੁਰਗ ਅੱਖਾਂ ਭਰ ਆਇਆ..
ਦੋਹੇਂ ਬਾਹਾਂ ਚੌੜੀਆਂ ਕਰ ਕੇ ਕਹਿੰਦਾ-“ਆ ਮੇਰਾ ਸ਼ੇਰ..ਇੱਕ ਜੱਫੀ ਪਾਉਣੀ ਏ”
ਮਖਿਆ-“ਜੱਫੀਆਂ ਭਾਵੇਂ ਦੋ ਪਾ ਲੈ ਬਾਪੂ..ਪਰ ਰੋਂਦਾ ਕਿਉਂ ਐਂ? ”
ਕਹਿੰਦਾ-“ਜਦ ਅਸੀਂ ਨਿੱਕੇ ਹੁੰਦੇ ਸਾਂ ਤਦ ਤਰਖਾਣ ਹੀ ਵੱਜਦੇ ਸਾਂ.. ਦਾਦੇ ਨੂੰ ਲੋਹਾ ਕੁੱਟਦਾ ਦੇਖਿਆ..ਕਹੀਆਂ ਅਤੇ ਦਾਤਰੀਆਂ ਮਸ਼ਹੂਰ ਸੀ ਸਾਡੀਆਂ..ਪਰ 47 ਦੀ ਵੰਡ ਮਗਰੋਂ ਪਤਾ ਈ ਨਈਂ ਲੱਗਿਆ ਅਸੀਂ ਕਦੋੰ ਜੱਟ ਬਣਗੇ”
ਮਖਿਆ -“ਯਰ ਬਾਪੂ ਜਾਣ ਦੇ ਹੁਣ..ਉਹ ਵੇਲੇ ਮੁੜ ਨਹੀਓਂ ਆਉਣੇ”
ਅੱਗੋਂ ਬਜ਼ੁਰਗ ਕਹਿੰਦਾ-“ਹਾਂ ਸ਼ੇਰਾ..ਉਹ ਵੇਲੇ ਨਹੀਂ ਆਉਣੇ..ਦੀਨਾ, ਸ਼ਮੀਰਾ, ਰੱਜਤਾ, ਮੁਹੰਮੂ ਮੇਰੇ ਆੜੀ ਸਨ..ਜਿਓੰਦੇ ਹੋਏ ਤਾਂ ਨਾਰੰਗ Mandi ਚ ਜਰੂਰ ਸੁਨੇਹਾਂ ਭੇਜ ਦੇਵੀਂ ਕਿ ਥੋਡਾ ਆੜੀ ਗੱਜਣ ਸਿਹੁੰ ਹਲੇ ਜਿਓੰਦਾ ਬੈਠਾ ਆ..!
✍️:ਗੈਰੀ ਢਿੱਲੋਂ