ਸਮਾਂ ਦੌੜਦਾ ਹੀ ਜਾ ਰਿਹਾ । ਪਿੱਛੇ ਮੁੜ ਕੇ ਵੇਖੋ ਤਾਂ ਪਤਾ ਲਗਦਾ ਅਸੀਂ ਕਿੰਨੀ ਦੂਰ ਆ ਚੁੱਕੇ ਹਾਂ। ਉਂਜ ਲਗਦਾ ਕਿ ਜਿਵੇਂ ਕਲ ਦੀ ਹੀ ਗੱਲ ਹੋਵੇ । ਦਸਵੀਂ ਜਮਾਤ ਦੇ ਪੇਪਰ ਦਿੱਤੇ ਹੀ ਸਨ ਕਿ ਪਿਤਾ ਜੀ (ਜੋ ਫੌਜ ਵਿੱਚ ਸੇਵਾ ਨਿਭਾ ਰਹੇ ਸਨ) ਦੀ ਬਦਲੀ ਬੰਗਾਲ ਦੇ ਸਿਲੀਗਗੁੜੀ ਇਲਾਕੇ ਕੋਲ ਪੈਂਦੇ ਬਿੰਨਾਗੁੜੀ ਸ਼ਾਉਣੀ ਵਿੱਚ ਹੋ ਗਈ। ਨੰਨੀ੍ ਜਾਨ ਨੇ ਵੱਡੇ ਵੱਡੇ ਸੁਪਨੇ ਵੇਖੇ ਹੋਏ ਸਨ। ਫੌਜੀ ਮੈਡੀਕਲ ਅਫ਼ਸਰ ਬਣਨਾ ਚਾਹੁੰਦੀ ਸਾਂ।ਮਗਰ ਕਿਸਮਤ ਨੂੰ ਕੁਝ ਹੋਰ ਹੀ ਮੰਨਜੂਰ ਸੀ। ਦਸਵੀਂ ਦਾ ਨਤੀਜਾ ਆਇਆ, ਬਾਕੀ ਸਭ ਵਿਸ਼ਿਆਂ ਵਿੱਚ 80 ਤੋਂ ਉੱਪਰ ਅੰਕ ਆਏ ਤੇ ਗਣਿਤ ਵਿੱਚ 49 ਅਤੇ ਸਾਇੰਸ ਵਿੱਚ 52 । ਪਿਤਾ ਜੀ ਕਹਿੰਦੇ ਸਭ ਮੇਰੇ ਨਾਲ ਬੰਗਾਲ ਜਾਣਗੇ ਓਥੇ ਹੀ ਪੜਨਗੇ ਹੁਣ। ਅੰਕ ਘੱਟ ਆਉਣ ਦਾ ਦੁੱਖ ਤਾਂ ਸੀ ਪਰ ਟ੍ਰੇਨ ਵਿੱਚ ਬੈਠਣ ,ਝੂਟੇ ਲੈਣ ਅਤੇ ਇਕ ਨਵੀਂ ਜਗ੍ਹਾ ਜਾਣ ਦਾ ਚਾਅ ਵੀ ਸੀ। ਖ਼ੁਸ਼ੀ ਖ਼ੁਸ਼ੀ ਉੱਥੇ ਪਹੁੰਚੇ , ਬਹੁਤ ਹੀ ਸੋਹਣੀ ਜਗ੍ਹਾ ਸੀ, ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਸੀ। ਇੰਜ ਲਗਿਆ ਜਿਵੇਂ ਜੰਨਤ ਵਿੱਚ ਆ ਗਏ ਹੋਈਏ। ਕੁੱਝ ਦਿਨਾਂ ਬਾਅਦ ਇਹ ਜੰਨਤ ਵੀ ਜੰਨਤ ਨਾ ਰਹੀ, ਕਿਉਂਕਿ ਪਿਤਾ ਜੀ ਗਿਆਰਵੀਂ ਜਮਾਤ ਵਿਚ ਦਾਖਲੇ ਲਈ ਬਿੰਨਾਗੁੜੀ ਛਾਉਣੀ ਦੇ ਸਭ ਤੋਂ ਵਦੀਆ ਸਕੂਲ ਆਰਮੀ ਪਬਲਿਕ ਸਕੂਲ ਬਿੰਨਾਗੂੜ੍ਹੀ ਕੈਂਟ ਲੈਕੇ ਗਏ । ਇੰਨਾ ਵੱਡਾ ਸਕੂਲ ਆਪਣੀ ਜਿੰਦਗੀ ਚ ਪਹਿਲੀ ਬਾਰ ਦੇਖਿਆ ਸੀ, ਓਥੇ ਉਸ ਸਮੇਂ ਪ੍ਰਿੰਸੀਪਲ ਸ੍ਰੀਮਤੀ ਚੰਦਾ ਦਾਸ ਸਨ। ਮੈਂ ਮੈਡੀਕਲ ਅਫ਼ਸਰ ਬਣਨਾ ਸੀ ਉਸ ਲਈ ਗਿਆਰਵੀਂ ਜਮਾਤ ਵਿੱਚ ਮੈਡੀਕਲ ਦੀ ਪੜ੍ਹਾਈ ਕਰਨੀ ਸੀ, ਪਰ ਮੇਰੇ ਦਸਵੀਂ ਚੋ ਗਣਿਤ ਅਤੇ ਸਾਇੰਸ ਦੇ ਨੰਬਰ ਘੱਟ ਦੇਖ ਕੇ ਓਹ ਕਹਿੰਦੇ ਮੈਡੀਕਲ ਚ ਦਾਖਲਾ ਨੀ ਮਿਲ ਸਕਦਾ , ਘਟੋ ਘੱਟ 80% ਅੰਕ ਹੋਣੇ ਚਾਹੀਦੇ ਦੋਨਾਂ ਵਿਸ਼ਿਆਂ ਦੇ, ਮੇਰੇ ਪਿਤਾ ਜੀ ਤੇ ਮੈਂ ਨਿਰਾਸ਼ ਹੋ ਕੇ ਘਰ ਆਗਏ। ਪਿੱਛੇ ਪਿੰਡ ਮੇਰੇ ਮਾਮਾ ਜੀ ਜੋ ਖ਼ੁਦ ਇੱਕ ਅਧਿਆਪਕ ਸਨ ਉਨ੍ਹਾਂ ਨਾਲ ਸਲਾਹ ਕੀਤੀ ਕਿ ਕੀ ਕੀਤਾ ਜਾਵੇ। ਮਾਮਾ ਜੀ ਕਹਿੰਦੇ ਵਾਪਿਸ ਭੇਜ ਦਿਓ ਪੰਜਾਬ ਚ ਦਾਖਲਾ ਕਰਵਾ ਦਿੰਦੇ ਆ। ਪਰ ਪਿਤਾ ਜੀ ਦੇ ਜਮੀਰ ਤੇ ਗੱਲ ਲੱਗੀ ਸੀ,ਉਪਰੋ ਕੁੜੀ ਨੂੰ ਇਕੱਲੀ ਵਾਪਿਸ ਵੀ ਭੇਜਣਾ ਠੀਕ ਨਹੀਂ ਸਮਝਿਆ ਉਨ੍ਹਾਂ ਨੇ । ਆਪਣੇ ਅਫ਼ਸਰਾਂ ਨਾਲ ਗੱਲਬਾਤ ਕੀਤੀ ਕਿ ਕਿਸੀ ਤਰਾ ਦਾਖਲਾ ਮਿਲ ਜਾਵੇ ਆਪੇ ਮੇਹਨਤ ਕਰਕੇ ਵਦੀਆ ਨੰਬਰ ਲੇ ਅਉਗੀ। ਫਿਰ ਦੁਬਾਰਾ ਸਕੂਲ ਗਏ। ਪ੍ਰਿੰਸੀਪਲ ਮੈਡਮ ਜੀ ਨੇ ਦੁਬਾਰਾ ਮੇਰਾ ਰਿਪੋਰਟ ਕਾਰਡ ਦੇਖਿਆ , ਫਿਰ ਬੜੇ ਪਿਆਰ ਨਾਲ ਬੋਲੇ ਕਿ ਭਾਈ ਸਾਹਿਬ ਤੁਸੀਂ ਇਸਨੂੰ ਸਾਇੰਸ ਹੀ ਕਿਉਂ ਕਰਵਾਉਣਾ ਚਾਉਂਦੇ ਹੋ। ਉਦੋਂ ਪਿਤਾ ਜੀ ਨਹੀਂ ਜਾਣਦੇ ਸਨ ਕਿ ਮੈਂ ਕਿ ਬਣਨਾ ਚਾਹੁੰਦੀ ਹਾਂ, ਉਨ੍ਹਾਂ ਦੀ ਆਪਣੀ ਸੋਚ ਸੀ ਹਰ ਪਿਤਾ ਵਾਂਗੂੰ ਕਿ ਸਾਇੰਸ ਵਾਲੇ ਬੱਚੇ ਹੁਸ਼ਿਆਰ ਹੁੰਦੇ ਹਨ ਤੇ ਵੱਡੇ ਅਹੁਦੇ ਤੇ ਲਗਦੇ ਹਨ। ਮੈਡਮ ਜੀ ਉਨ੍ਹਾਂ ਦੀ ਗੱਲ ਸੁਣ ਕੇ ਬੋਲੇ ਕਿ ਵੱਡੇ ਅਹੁਦੇ ਤੇ ਤਾਂ ਆਰਟਸ (humanities) Wale ਵੀ ਲਗਦੇ ਹਨ। ਤੁਸੀਂ ਮੇਰੇ ਕਹਿਣ ਤੇ ਬੱਚੀ ਨੂੰ ਆਰਟਸ ਵਿੱਚ ਦਾਖਲਾ ਕਰਵਾ ਦਿਓ, ਨਾਲ ਉਨ੍ਹਾਂ ਦੇ ਸ਼ਬਦ ਸਨ “sky is the limit” ਜੋ ਮੈਂ ਅੱਜ ਤੱਕ ਨਹੀਂ ਭੁੱਲੀ । ਉਸ ਸਮੇਂ ਤੋਂ ਹੀ ਅਸਮਾਨ ਤੱਕ ਦਾ ਸਫ਼ਰ ਸ਼ੁਰੂ ਹੋ ਗਿਆ ਕਿਉਂਕਿ ਹੁਣ ਨਹੀਂ ਪਤਾ ਸੀ ਆਰਟਸ ਕਰਕੇ ਮੈਂ ਕੀ ਕਰਾਂਗੀ। ਹਜੇ ਮੰਨ ਵਿੱਚ ਸੋਚ ਹੀ ਰਹੀ ਸੀ ਕਿ ਮੈਡਮ ਕਹਿੰਦੇ ਇਹ ਬਹੁਤ ਅੱਗੇ ਤੱਕ ਜਾਏਗੀ , ਕੱਲ ਤੋਂ ਬੇਟਾ ਸਕੂਲ ਆਉਣਾ ਹੈ। ਪਿਤਾ ਜੀ ਖੁਸ਼ ਤਾਂ ਨਹੀਂ ਸਨ ਪਰ ਮਜਬੂਰੀ ਵਿੱਚ ਮੰਨ ਗਏ। ਦੋ ਸਾਲ ਕਿਵੇਂ ਬੀਤੇ ਪਤਾ ਹੀ ਨਹੀਂ ਲਗਿਆ। ਕਦੇ ਕਦੇ ਉਸ ਜਗ੍ਹਾ ਨੂੰ ਇੰਨਾ ਕੋਸਿਆ ਕਿ ਕਿਉਂ ਪਿਤਾ ਜੀ ਦੀ ਬਦਲੀ ਹੋਈ, ਕਿਉਂ ਅਸੀਂ ਇੱਥੇ ਆਏ। ਨਵੀਂ ਜਗ੍ਹਾ ਦੀ ਨਵੀਂ ਭਾਸ਼ਾ ਅਤੇ ਨਵਾਂ ਮਾਹੌਲ,ਸਭ ਕੁੱਝ ਨਵਾਂ ਸੀ, ਪਹਿਲਾਂ ਪਹਿਲਾਂ ਬਹੁਤ ਔਖਾ ਲੱਗਿਆ ਫਿਰ ਹੌਲੀ ਹੌਲੀ ਮੰਨ ਮਾਰ ਕੇ ਦਿਲ ਲਗਾ ਕੇ ਪੜ੍ਹਾਈ ਕੀਤੀ ,ਦੋ ਸਾਲ ਬੀਤ ਗਏ।ਜੰਨਤ ਇਕ ਵਾਰ ਫਿਰ ਜੰਨਤ ਲੱਗਣ ਲੱਗ ਗਈ। ਬਾਹਰਵੀਂ ਜਮਾਤ ਦੇ ਇਮਤਿਹਾਨ ਵੀ ਆ ਗਏ। ਬਹੁਤ ਮਿਹਨਤ ਕੀਤੀ । ਜਦੋਂ ਨਤੀਜਾ ਆਇਆ ਪ੍ਰਿੰਸੀਪਲ ਮੈਡਮ ਨੇ ਫਿਰ ਪਿਤਾ ਜੀ ਨੂੰ ਸਕੂਲ ਬੁਲਾਇਆ ਤੇ ਕਿਹਾ ਕਿ ਜੇਕਰ ਤੁਸੀਂ ਉਸ ਦਿਨ ਇਸਦਾ ਦਾਖਲਾ ਮੈਡੀਕਲ ਵਿੱਚ ਕਰਵਾ ਦਿੰਦੇ ਤਾਂ ਅੱਜ ਜੋ ਇਸਨੇ ਕਰ ਦਿਖਾਇਆ ਹੈ ਉਹ ਕਦੇ ਨਾ ਹੁੰਦਾ , ਤੁਹਾਡੀ ਬੇਟੀ ਨੇ ਸਿਰਫ ਪੂਰੇ ਸਕੂਲ ਜਾਂ ਛਾਉਣੀ ਚੋ ਹੀ ਨਹੀਂ ਪੂਰੇ ਬੰਗਾਲ ਚੋ ਟੋਪ (ਅੱਵਲ) ਕੀਤਾ ਹੈ । ਉਸ ਦਿਨ ਪਿਤਾ ਜੀ ਦੀਆਂ ਅੱਖਾਂ ਚ ਆਪਣੇ ਲਈ ਪਿਆਰ ਅਤੇ ਨਮੀ ਦੋਨੋ ਵੇਖੀਆਂ। ਉਸ ਦਿਨ ਇੱਕ ਬਾਰ ਫਿਰ ਮੈਡਮ ਜੀ ਨੇ ਗਲ ਨਾਲ ਲਾਉਂਦੇ ਹੋਏ ਕਿਹਾ “go my child, sky is the limit ,fly high, don’t let anything stop you “god bless you” । ……………….
ਅੱਗੇ ਜਾਰੀ ਹੈ…………
ਪਹਿਲੀ ਵਾਰ ਨਿੱਕੀ ਜਹੀ ਕੋਸ਼ਿਸ਼ ਹੈ।
ਬਹੁਤ ਗਲਤੀਆਂ ਵੀ ਹੋਣਗੀਆ ਨਿਮਾਣੀ ਪਹਿਲਾਂ ਹੀ ਮਾਫੀ ਮੰਗਦੀ ਹੈ ।
ਲਿਖਤ – ਵੰਦਨਾ ਹੀਰ