ਅਗਿਆਤ ਲੇਖਕ ਲਿਖਦਾ ਏ ਕੇ ਸੰਤ ਰਾਮ ਉਦਾਸੀ ਨੂੰ ਖੇਤੀ ਯੂਨੀਵਰਸਿਟੀ ਵਿੱਚ ਬਾਵਾ ਬਲਵੰਤ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਸੀ..!
ਹਾਲ ਵਿੱਚ ਤਿਲ਼ ਸੁੱਟਣ ਨੂੰ ਵੀ ਥਾਂ ਨਹੀਂ ਸੀ..ਵਿਦਵਾਨਾਂ ਨੇ ਉਦਾਸੀ ਦੇ ਗੀਤਾਂ ਅਤੇ ਉਸਦੇ ਸੰਗ੍ਰਾਮੀ ਜੀਵਨ ਦੀ ਰੱਜ ਕੇ ਪ੍ਰਸ਼ੰਸਾਂ ਕੀਤੀ..ਉਦਾਸੀ ਏਸ ਪ੍ਰਸ਼ੰਸਾਂ ਤੋਂ ਨਿਰਲੇਪ ਸਟੇਜ ‘ਤੇ ਚੁੱਪ ਚਾਪ ਬੈਠਾ ਹੋਇਆ ਸੀ..ਉਹਦੇ ਹੱਥ ਵਿੱਚ ਬੈਗ ਸੀ..ਸਿਰਫ਼ ਮੈਂਨੂੰ ਹੀ ਪਤਾ ਸੀ ਕਿ ਬੈਗ ਵੀ ਵਿੱਚ ਕੀ ਹੈ..ਇਕ ਦਾਤੀ ਤੇ ਇਕ ਪੱਲੀ ਹੈ..ਉਹਨੇ ਵਾਪਸੀ ਤੇ ਪਿੰਡ ਨੇੜਿਓਂ ਮੱਝ ਵਾਸਤੇ ਘਾਹ ਖੋਤਕੇ ਜੂ ਲਿਜਾਣਾ ਸੀ !
ਐਵਾਰਡ ਵਿੱਚ ਇੱਕੀ ਸੌ ਰੁਪਏ..ਸ਼ਾਲ.ਮਮੈਂਟੋ ਮਿਲੇ..ਉਦਾਸੀ ਨੇ ਬਿਨਾਂ ਗਿਣੇ ਪੈਸਿਆਂ ਵਾਲ਼ਾ ਲਿਫ਼ਾਫ਼ਾ ਬੋਝੇ ਵਿੱਚ ਪਾ ਲਿਆ..ਮੁੜਨ ਵੇਲੇ ਲਿਫ਼ਾਫ਼ੇ ‘ਚੋਂ ਸੌ ਦਾ ਨੋਟ ਕੱਢ ਕੇ ਮੈਂਨੂੰ ਫੜਾ ਦਿੱਤਾ ਅਖ਼ੇ “ਟੁੱਟੇ ਬੂਟ ਪਾਈਂ ਫਿਰਦੈਂ..ਆਹ ਫੜ੍ਹ ਨਵੇਂ ਲੈ ਲਵੀਂ”!
ਇੰਝ ਹੀ ਸ਼ਿਵ ਨੂੰ ਮੁਸ਼ਾਇਰੇ ਦੇ ਜਿੰਨੇ ਵੀ ਮਿਲਦੇ ਯਾਰਾਂ ਦੋਸਤਾਂ ਤੇ ਖਰਚ ਕਰ ਛੱਡਦਾ..ਅਕਸਰ ਖੁਦ ਨੂੰ ਲਟ ਲਟ ਬਲਦਾ ਵੇਖਣਾ ਚਾਹੁੰਦਾ ਸੀ..ਹੌਲੀ ਹੌਲੀ ਧੁਖਦੇ ਰਹਿਣ ਤੋਂ ਸਖਤ ਨਫਰਤ ਸੀ..ਇੰਗਲੈਂਡ ਚੱਲਿਆਂ ਤਾਂ ਯਾਰਾਂ ਮਖੌਲ ਕੀਤੇ..ਪੌਂਡਾਂ ਦੀ ਪੰਡ ਬੰਨ ਕੇ ਲਿਆਉ..ਓਥੇ ਚੱਤੇ ਪਹਿਰ ਸ਼ਰਾਬ ਪਿਆਈ ਗਏ..ਫੇਰ ਗੀਤ ਸੁਣੀ ਜਾਂਦੇ..ਸੁਣਦੇ ਫੇਰ ਖੁਸ਼ ਹੋ ਕੇ ਹੋਰ ਜਿਆਦਾ ਪਿਆਉਂਦੇ..ਅੰਦਰ ਸੜਦਾ ਗਿਆ..ਵਾਪਿਸ ਪਰਤਿਆ ਤਾਂ ਹੱਡੀਆਂ ਦੀ ਮੁੱਠ..ਚੰਡੀਗੜ ਹਸਪਤਾਲ ਭਰਤੀ ਕਰਵਾ ਦਿੱਤਾ..ਸੁੱਝ ਗਈ ਹੁਣ ਬਹੁਤੇ ਦਿਨ ਨਹੀਂ ਸਨ ਬਚੇ..ਨਾਲਦੀ ਅਰੁਣਾ ਨੂੰ ਆਖਣ ਲੱਗਾ ਮੈਨੂੰ ਪਿੰਡ ਲੈ ਚੱਲ..ਬਟਾਲੇ ਆ ਗਏ..ਪੁੱਤ ਮੇਹਰਬਾਨ ਨਿੱਕੇ ਸਕੂਲ ਭਰਤੀ ਕਰਵਾ ਦਿੱਤਾ..ਆਪ ਕੋਠੇ ਤੇ ਪਿਆ ਰਹਿੰਦਾ..ਕੋਠੇ ਤੋਂ ਸਕੂਲ ਦਿਸਦਾ ਸੀ..ਓਥੇ ਵੱਲ ਵੇਖ ਹੱਥ ਹਿਲਾਉਂਦਾ ਰਹਿੰਦਾ..ਬਟਾਲੇ ਦਾ ਕੋਈ ਲਾਲਾ ਵੀ ਪਤਾ ਕਰਨ ਨਾ ਬਹੁੜਿਆ..ਪਿਆਲੀ ਦੇ ਯਾਰ ਵੀ ਖੁੱਡਾਂ ਵਿਚ ਵੜ ਗਏ..ਕਿਧਰੇ ਮਰਿਆ ਸੱਪ ਗੱਲ ਹੀ ਨਾ ਪੈ ਜਾਵੇ..ਫੇਰ ਦੀਨਾ ਨਗਰ ਕੋਲ ਜੱਦੀ ਪੁਰਖੀ ਪਿੰਡ ਆ ਗਏ..ਨਾਲਦੀ ਕੋਲ ਸਿਰਫ ਚਾਲੀ ਰੁਪਈਏ..ਜਿਸ ਦਿਨ ਜਾਨ ਨਿੱਕਲਨੀ ਸੀ ਆਖਣ ਲੱਗਾ ਕਿਸੇ ਹਕੀਮ ਦੀ ਕੋਈ ਪੁੜੀ ਬਚੀ ਹੈ ਤਾਂ ਲੈ ਆ..ਖਾਂਦਾ ਜਾਵਾਂ ਨਹੀਂ ਤਾਂ ਆਖੂ ਮੇਰੀ ਨਹੀਂ ਸੀ ਖਾਦੀ ਤਾਂ ਹੀ ਮਰ ਗਿਆ..ਫੇਰ ਤੜਕੇ ਵਾਕਿਆ ਹੀ ਮੁੱਕ ਗਿਆ..ਸਦੀਵੀਂ ਈਰਖਾ ਕਰਦੇ ਕਿੰਨੇ ਸਾਰੇ ਸਮਕਾਲੀਨ ਖੁਸ਼ ਹੋ ਗਏ..ਚੰਗਾ ਹੋਇਆ ਵਾਲੇ ਸਿਰ ਨਿੱਬੜ ਗਿਆ..!
ਅਸਾਂ ਤਾਂ ਜੋਬਨ ਰੁੱਤੇ ਮਰਨਾ..ਤੁਰ ਜਾਣਾ ਏ ਭਰੇ ਭਰਾਏ..!
ਜੋਬਨ ਰੁੱਤੇ ਜੋ ਵੀ ਮਰਦਾ..ਫੁੱਲ ਬਣੇ ਜਾ ਤਾਰਾ..ਜੋਬਨ ਰੁੱਤੇ ਆਸ਼ਕ ਮਰਦੇ..ਜਾਂ ਕੋਈ ਕਰਮਾਂ ਵਾਲਾ..!
ਇਹ ਦੁਨੀਆ ਮੈਨੂੰ ਫੇਰ ਸਮਝੇਗੀ..ਮੇਰਾ ਸੂਰਜ ਡੁੱਬਦਾ ਹੋਊ ਤੇ ਇਹ ਸਵੇਰ ਸਮਝੇਗੀ..ਵਾਕਿਆ ਹੀ ਪਦਾਰਥਵਾਦੀ ਖਲਕਤ ਦੇ ਵੱਸ ਨਹੀਂ ਕੇ ਏਦਾਂ ਦੇ ਲੋਕਾਂ ਦੇ ਡੁੱਬਦੇ ਸੂਰਜ ਵਾਲਾ ਅਜੀਬੋਗਰੀਬ ਮਨੋਵਿਗਿਆਨ ਥੋੜੀ ਕੀਤਿਆਂ ਸਮਝ ਵਿਚ ਆ ਸਕੇ!
ਹਰਪ੍ਰੀਤ ਸਿੰਘ ਜਵੰਦਾ