ਅੱਜ ਮੇਰਾ ਦਿਲ ਕਰਦਾ ਮਾਂ ਮੈਂ ਕੇਵਲ ਤੇਰੀ ਗੱਲ ਕਰਾਂ।
ਮੇਰਾ ਬੇਟਾ ਸਵਾ ਕੂ ਮਹੀਨਾ ਦਾ ਸੀ। ਮੇਰਾ ਬੁਖਾਰ ਵਿਗਾੜ ਗਿਆ ।ਪ੍ਰਦੇਸ ਵਿੱਚ ਸਾਂ ।ਦੂਰ ਹੋਣ ਕਾਰਣ ਅਜੇ ਕੋਈ ਪੰਜਾਬੋਂ ਪਹੁੰਚਿਆ ਨਹੀਂ ਸੀ। ਐਕਸਰੇ ਤੇ ਡਾਕਟਰ ਦੀ ਰਿਪੋਰਟ ਮੁਤਾਬਿਕ ਟੀ ਬੀ ਹੋ ਗਈ ਸੀ। ਜਦ ਪਤਾ ਲਗਿਆ ਮੈਂ ਸੁਨੇਹਾ ਲਾ ਦਿੱਤਾ ਜਿਵੇਂ ਮਰਜ਼ੀ ਮੈਨੂੰ ਵੀਰ ਆਪਣੇ ਕੋਲ ਲਈ ਜਾਉ।ਉਹ ਵੀ ਸੁਲਖਣਾ ਵੀਰ ਉਸੇ ਦਿਨ ਗੱਡੀ ਬੈਠਾ ਤੇ ਤੀਜੇ ਦਿਨ ਦਸ ਵਜੇ ਘਰ ਆ ਗਿਆ। ਮੇਰੀ ਹਾਲਤ ਬੁਖਾਰ ਨੇ ਵਿਗਾੜ ਦਿੱਤੀ ਸੀ ਕੇ ਤੁਰ ਵੀ ਮੁਸ਼ਕਿਲ ਹੁੰਦਾ ਸੀ। ਊਥੂ ਲਗਦਾ ਤੇ ਤੇ ਰੁਕਦਾ ਨਾ । ਸੁੱਕ ਕੇ ਵੰਝਲੀ ਵਰਗੀ ਤੇ ਰੰਗ ਵੀ ਸੁਆਹ ਵਰਗਾ ।ਮੇਰੀ ਹਾਲਤ ਵੇਖ ਦੋ ਦਿਨਾ ਵਿਚ ਏਜੰਟ ਤੋਂ ਬਲੈਕ ਟਿਕਟਾਂ ਬੁੱਕ ਕਰਾ ਕੇ ਵੀਰ ਮੈਨੂੰ ਪੰਜਾਬ ਨੁੰ ਤੁਰ ਪਿਆ। ਬੜਾ ਰੋਕਿਆ ਸਭ ਨੇ ਕੇ ਸਾਡੇ ਇਥੇ ਇਲਾਜ਼ ਵਧੀਆ ਡਾਕਟਰ ਵੀ ਸਿਆਣੇ ਨੇ ਪਰ ਮੇਰੀ ਹਾਲਤ ਵੇਖ ਜ਼ਿੱਦ ਕਰ ਬੈਠਾ। ਨਾ ਕਿਸੇ ਦੀ ਸੁਣੀ ਨਾ ਮੰਨੀ।
ਹੁਣ ਮਾਂ ਘਰ ਜਾਣ ਦੀ ਖੁਸ਼ੀ ਵੀ ਸੀ ਤੇ ਡਰ ਵੀ ਕੇ ਤੂੰ ਪਹਿਲਾਂ ਕਿਉਂ ਨਹੀਂ ਦਸਿਆ। ਘਰ ਗਈ ਮਾਂ ਨੇ ਦੋਹਤਾ ਪਿਆਰਿਆ ਮੈਨੂੰ ਗਲ ਲਾਇਆ ਤੇ ਅਗਲੇ ਦਿਨ ਅੰਬਰਸਰ ਦੇ ਵੱਡੇ ਡਾਕਟਰ ਕੋਲ ਖੜ ਦਵਾਈ ਸ਼ੁਰੂ ਕੀਤੀ। ਸਭ ਤੋਂ ਘਟ ਸਮਾਂ ਤੇ ਮਹਿੰਗੀ ਦਵਾਈ ਨਾਲ ਮੈਂ ਦੋ ਮਹੀਨੇ ਵਿੱਚ ਕਵਰ ਕਰ ਲਿਆ। ਬੀਬੀ ਚੌਂਕੇ ਵਿੱਚ ਰੋਟੀਆਂ ਪਕਾਉਂਦੀ ,ਗੋਡੇ ਹੇਠ ਪਾਥੀ ਦੀ ਢੋ ਲਾ ਕੇ ਗੋਡੇ ਦੀ ਪੀੜ ਨਾਲ ਜੂਝਦੀ, ਵੀਰ ਦੇ ਤਿੰਨ ਮਾਂ ਮਿੱਟਰ ਸਕੂਲ ਤੋਰਦੀ, ਘਰ ਦਾ ਅੰਨ ਪਾਣੀ ਕਰਦੀ, ਦੋਹਤਾ ਤੇ ਬਿਮਾਰ ਧੀ ਨੂੰ ਵੀ ਸਾਂਭਦੀ। ਰਾਤ ਨੂੰ ਸੁੱਤੀ ਪਈ ਨੂੰ ਜਗ੍ਹਾ ਕੇ ਦੁੱਧ ਦੀ ਗੜਵੀ ਸਿਰਾਹਣੇ ਰੱਖ ਉਠਾਂਦੀ । ਡਾਕਟਰ ਦੀ ਹਿਦਾਇਤ ਮੁਤਾਬਿਕ ਖੁਰਾਕ ਦਾ ਖ਼ਾਸ ਧਿਆਨ ਰੱਖਦੀ ।ਰਾਤ ਨੂੰ ਦੋਹਤੇ ਨੂੰ ਚੁੱਕ ਵਰਾਉਂਦੀ। ਅੱਜ ਸੋਚਦੀ ਹਾਂ ਮੇਰੀ ਮਾਂ ਸਾਰੇ ਦਿਨ ਤੇਰੇ ਹਨ।ਕੋਈ ਇੱਕ ਦਿਨ ਕਦੀ ਵੀ ਖਾਸ ਨਹੀ ਹੁੰਦਾ ਇਹਨਾਂ ਅਨਮੋਲ ਰਿਸ਼ਤਿਆਂ ਲਈ । ਹੁਣ ਤਾਂ ਮਾਂ ਤੂੰ ਚੇਤਿਆਂ ਵਿੱਚ ਏਂ ਤੇ ਸਾਰੇ ਦਿਨ ਤੇਰੇ ਹਨ।। ਤੂੰ ਸੀ ਤਾਂ ਮੈਂ ਹਾਂ, ਮੈ ਹਾਂ ਤੇ ,ਮੇਰੀ ਧੀ( ਸਾਵੀ) ਹੈ।