ਗੱਲ ਪਿਛਲੇ ਸਾਲ ਮਤਲਬ 2022 ਦੀ ਹੈ । ਮੈਂ ਮਨੀਲਾ ਤੋਂ ਭਾਰਤ ਗਿਆ ਹੋਇਆ ਸੀ , ਇੱਕ ਸ਼ਾਮ ਮੈਂ ਘਰ ਸੋਫੇ ਤੇ ਬੈਠਿਆ ਹੋਇਆ ਟੀਵੀ ਦੇਖ ਰਿਹਾ ਸੀ , ਮੇਰੀ ਆਦਤ ਹੁੰਦੀ ਸੀ ਕਿ ਸ਼ਾਮ ਨੂੰ ਟੀਵੀ ਤੇ ਗੁਰਬਾਣੀ ਚਲਾ ਲੈਣੀ। ਮੈਂ ਹੇਮਕੁੰਟ ਸਾਹਿਬ ਜੀ ਤੋਂ ਲਾਈਵ ਗੁਰਬਾਣੀ ਲਗਾ ਲਈ। ਵੈਸੇ ਤਾਂ ਮੈਂ ਅੱਗੇ ਵੀ ਬਹੁਤ ਵਾਰ ਹੇਮਕੁੰਟ ਸਾਹਿਬ ਜੀ ਤੋਂ ਲਾਈਵ ਗੁਰਬਾਣੀ ਸੁਣੀ ਸੀ , ਪਰ ਉਸ ਦਿਨ ਅਚਾਨਕ ਮੇਰੇ ਮਨ ਚ ਆਇਆ ਕਿ “ਪਤਾ ਨਹੀਂ ਕਿ ਜ਼ਿੰਦਗੀ ਵਿੱਚ ਕਦੇ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ ਕਿ ਨਹੀਂ”, ਮੈਂ ਹਜੇ ਸੋਫੇ ਤੇ ਹੀ ਬੈਠਿਆ ਸੀ ਕਿ ਅੱਧੇ ਕ ਘੰਟੇ ਮੇਰੇ ਤਾਏ ਦੇ ਲੜਕੇ ਦਾ ਫੋਨ ਆਇਆ। ਕਹਿੰਦਾ “ਨਿੰਦਰ ਚੱਲ ਗੁਰਦੁਆਰੇ ਦਰਸ਼ਨ ਕਰ ਕੇ ਆਈਏ” . ਮੈਂ ਸੋਚਿਆ ਸ਼ਾਇਦ “ਸ਼੍ਰੀ ਦਰਬਾਰ ਸਾਹਿਬ ਅਮ੍ਰਿਤਸਰ” ਜਾਣ ਦੀ ਗੱਲ ਕਰ ਰਿਹਾ ਹੈ। ਫਿਰ ਵੀ ਮੈਂ ਪੁੱਛ ਲਿਆ ਕਿੱਥੇ ਜਾਣਾ ?
ਕਹਿੰਦਾ “ਹੇਮਕੁੰਟ ਸਾਹਿਬ” , ਮਤਲਬ 5 ਕ ਸੈਕੰਡ ਲਈ ਮੈਂ ਸੁੰਨ ਜਿਹਾ ਹੋ ਗਿਆ ਹਾਲੇ ਹੁਣੀ ਤਾਂ ਮੈਂ ਸੋਚ ਕੇ ਹਟਿਆ ਸੀ ਕਿ ਪਤਾ ਨਹੀਂ ਮੈਂ ਕਦੇ ਜ਼ਿੰਦਗੀ ਚ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਾਂਗਾ ਜਾਂ ਨਹੀਂ। ਤੇ ਹੁਣ ਹੀ ਤਾਏ ਦੇ ਲੜਕੇ ਦਾ ਫੋਨ ਆ ਗਿਆ। ਮੈਂ ਬਿਨਾਂ ਕੁਝ ਸੋਚਿਆ ਹਾਂ ਕਰ ਦਿੱਤੀ। ਫਿਰ ਮੈਂ ਕਿਹਾ ਕਦੋ ਜਾਣਾ ? ਕਹਿੰਦਾ ਕੱਲ ਸਵੇਰੇ ਨਿਕਲਣਾ। ਮੈਂ ਆਪਣੀ ਮੰਮੀ ਤੇ ਪਤਨੀ ਨੂੰ ਦੱਸਿਆ। ਉਹ ਕਹਿੰਦੇ ਜਾ ਆ। ਫਿਰ ਮੈਨੂੰ ਚਿੰਤਾ ਹੋਣ ਲੱਗੀ ਕਿ ਓਥੇ ਤੁਰਨਾ ਬਹੁਤ ਪੈਂਦਾ ਤੇ ਮਨੀਲਾ ਚ ਕੰਮ ਇਹੋ ਜੇਹਾ ਕਿ ਕਦੇ ਕੋਈ ਭਾਰਾ ਕੰਮ ਕੀਤਾ ਹੀ ਨਹੀਂ। ਮਤਲਬ ਸਕੂਟੀ ਤੇ ਜਾਣਾ ਤੇ 3-4 ਘੰਟੇ ਬਾਅਦ ਘਰ ਆ ਜਾਣਾ। ਸਕੂਟੀ ਤੇ ਹੀ ਉਗਰਾਹੀ ਕਰਨੀ , ਜਿਹੜੇ ਮਨੀਲੇ ਰਹਿੰਦੇ ਨੇ ਜਾਂ ਜਿਹਨਾਂ ਦੇ ਰਿਸ਼ਤੇਦਾਰ ਰਹਿੰਦੇ ਨੇ ਉਹਨਾਂ ਨੂੰ ਪਤਾ ਹੋਵੇਗਾ ਕਿ ਇਥੇ ਸਰੀਰਕ ਕੰਮ ਨਹੀਂ ਆ। ਤੇ ਅਸੀਂ ਕੁੱਲ ਪੰਜ ਜਣੇ ਸੀ ਜਾਣ ਵਾਲੇ , ਤੇ ਉਹ ਚਾਰੇ ਭਾਰਾ ਕੰਮ ਕਰਨ ਵਾਲੇ। ਫਿਰ ਵੀ ਹੋਂਸਲਾ ਕਰਕੇ ਚੱਲ ਪਏ , ਪਹਿਲੀ ਰਾਤ ਅਸੀਂ ਗੁਰਦਵਾਰਾ ਰਿਸ਼ੀਕੇਸ਼ ਸਾਹਿਬ ਰੁਕੇ। ਫਿਰ ਸਵੇਰੇ ਚਲ ਪਏ ਅਤੇ ਗੋਵਿੰਦ ਘਾਟ ਰੁਕੇ ਇਥੋਂ 14 ਕਿਲੋ ਮੀਟਰ ਪੈਦਲ ਚੱਲ ਕੇ ਜਾਣਾ ਸੀ। ਫਿਰ ਅਸੀਂ ਸਵੇਰੇ ਚੱਲ ਕੇ ਸ਼ਾਮ ਨੂੰ ਗੋਵਿੰਦ ਧਾਮ ਪਹੁੰਚੇ। ਪਰ ਰਸਤੇ ਵਿੱਚ ਕਿਤੇ ਨਹੀਂ ਲੱਗਿਆ ਕਿ ਮੇਰੇ ਕੋਲੋਂ ਨਹੀਂ ਤੁਰਿਆ ਜਾਣਾ। ਅਗਲੀ ਸਵੇਰ 4 ਬਜੇ ਅਸੀਂ ਚੱਲ ਪਏ ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਨ। ਇਹ 6 ਕਿਲੋਮੀਟਰ ਦੀ ਚੜ੍ਹਾਈ ਹੈ ਪਰ ਪਿਛਲੀ 14 ਕਿਲੋਮੀਟਰ ਨਾਲੋਂ ਥੋੜੀ ਮੁਸ਼ਕਿਲ ਸੀ , ਫਿਰ ਵੀ ਹੋਲੀ ਹੋਲੀ ਮੈਂ 4 ਕਿਲੋਮੀਟਰ ਪੈਦਲ ਤਹਿ ਕੀਤਾ। ਮੇਰੇ ਪੈਰ ਉੱਚੀ ਨੀਵੀਂ ਜਗ੍ਹਾ ਤੇ ਰੱਖ ਹੋ ਜਾਣ ਕਾਰਨ ਸ਼ਾਇਦ ਧਰਨ ਪੈ ਗਈ ਸੀ ਤੇ ਹੁਣ ਮੇਰੇ ਕੋਲੋਂ ਤੁਰਨਾ ਵੀ ਬਹੁਤ ਮੁਸ਼ਕਿਲ ਲੱਗ ਰਿਹਾ ਸੀ , ਫਿਰ ਅਖੀਰ ਰਹਿੰਦੇ 2 ਕਿਲੋਮੀਟਰ ਮੈਂ ਖੱਚਰ ਤੇ ਬੈਠ ਕੇ ਤਹਿ ਕੀਤੇ।
ਓਥੇ ਪਹੁੰਚ ਕਿ ਜੋ ਸਕੂਨ ਮਿਲਿਆ ਉਹ ਬਿਆਨ ਨਹੀਂ ਕੀਤਾ ਜਾ ਸਕਦਾ , ਬਰਫ ਵਾਲੇ ਠੰਡੇ ਜਲ ਚ ਇਸ਼ਨਾਨ ਕਰਨ ਤੋਂ ਬਾਅਦ ਮੱਥਾ ਟੇਕਿਆ। ਫਿਰ ਅਰਦਾਸ ਹੋਣ ਤੋਂ ਬਾਅਦ ਅਸੀਂ ਲੰਗਰ ਛਕਿਆ ਤੇ ਵਾਪਿਸ ਚਾਲੇ ਪਾ ਲਏ ਕਿਉਂਕਿ ਉੱਪਰ ਰਾਤ ਨਹੀਂ ਰੁਕ ਸਕਦੇ। ਆਉਂਦੇ ਹੋਏ ਮੇਰੀ ਸਾਰੀ ਥਕਾਨ ਉਤਰੀ ਹੋਈ ਸੀ ਤੇ ਮੈਂ ਭੱਜ ਭੱਜ ਕੇ ਨੀਚੇ ਆ ਗਏ। ਉਸਤੋਂ ਅਗਲੇ ਦਿਨ 14 ਕਿਲੋਮੀਟਰ ਦਾ ਸਫ਼ਰ ਪੈਦਲ ਤਹਿ ਕੀਤਾ ਅਤੇ ਫਿਰ ਵਾਪਿਸ ਘਰ ਨੂੰ ਚਾਲੇ ਪਾ ਦਿੱਤੇ।