ਮੈੰ ਲਗਭਗ ਅਠਾਰਾਂ ਦਿਨ ਘਰ ਤੋੰ ਬਾਹਰ ਰਹਿਣਾ ਸੀ।ਘਰ ਤੋੰ ਬਾਹਰ ਜਾਣ ਸਮੇੰ ਚਿੰਤਾ ਇਸ ਗੱਲ ਦੀ ਸੀ ਕਿ ਪਤਾ ਨਹੀਂ ਬੂਟਿਆਂ ਨੂੰ ਪਾਣੀ ਮਿਲ਼ਣਾ ਕਿ ਨਹੀੰ।ਮੈਨੂੰ ਯਕੀਨ ਸੀ ਕਿ ਇਹਨਾਂ ਦੀ ਦੇਖਭਾਲ਼ ਮੇਰੇ ਤੋੰ ਵਧ ਕੇ ਕੋਈ ਨਹੀੰ ਕਰ ਸਕਦਾ।ਮੈਂ ਕਦੇ ਪੌਦਿਆਂ ਨੂੰ ਪਿਆਸਾ ਨਹੀਂ ਰੱਖਿਆ।ਇਹਨਾਂ ਦੀ ਖਾਦ ਵੀ ਸਮੇਂ ਸਿਰ ਮਿਲ਼ ਜਾਵੇ,ਇਸਦਾ ਵੀ ਪੂਰਾ ਧਿਆਨ ਰੱਖਿਆ।ਅਠਾਰਾਂ ਦਿਨਾਂ ਬਾਅਦ ਵਾਪਸੀ ਵੇਲ਼ੇ ਏਹੀ ਤੌਖਲ਼ਾ ਸੀ ਕਿ ਅੱਧੇ ਤੋਂ ਵੱਧ ਬੂਟੇ ਮੁਰਝਾ ਗਏ ਹੋਣੇ ਨੇ।ਮੇਰੀ ਸਾਰੀ ਮਿਹਨਤ ਤੇ ਪਾਣੀ ਫਿਰ ਗਿਆ ਹੋਣਾ।ਏਹੀ ਸੋਚਾਂ ਸੋਚਦੀ ਨੇ ਘਰ ਵਿੱਚ ਪੈਰ ਪਾਇਆ।ਪਹਿਲੀ ਨਜ਼ਰ ਆਪਣੇ ਪਿਆਰੇ ਬੂਟਿਆਂ ਵੱਲ ਗਈ।
“ਹੈੰ…ਇਹ ਕੀ?”
ਅੱਖਾਂ ਹੀ ਟੱਡੀਆਂ ਰਹਿ ਗਈਆਂ।ਸਮਾਨ ਓਥੇ ਹੀ ਛੱਡ ਕੇ ਪੌਦਿਆਂ ਵੱਲ ਦੌੜੀ।ਅਜਬ ਨਜ਼ਾਰਾ ਸੀ ਓਥੇ!
ਚਿੱਟੇ ਜੈਸਮੀਨ ਦੇ ਫੁੱਲਾਂ ਨਾਲ਼ ਬੂਟਾ ਭਰਿਆ ਪਿਆ ਸੀ।ਨਵੇਂ ਬੂਟੇ ਨੇ ਵੀ ਫੁੱਲ ਕੱਢ ਲਏ ਸਨ।
ਕੜੀ ਪੱਤੇ ਦਾ ਇੱਕ ਬੂਟਾ ,ਜਿਸਦੇ ਚੱਲਣ ਦੀ ਉਮੀਦ ਹੀ ਨਹੀੰ ਸੀ,ਨਵੇਂ ਪੱਤੇ ਕੱਢੀ ਮੁਸਕਰਾ ਰਿਹਾ ਸੀ।
ਕੁਝ ਨਵੀਂਆਂ ਕਲਮਾਂ ਪੱਤੇ ਕੱਢੀ ਹੱਸ ਰਹੀਆਂ ਸਨ।
ਮਨੀ ਪਲਾਂਟ ,ਜਿਹੜਾ ਸੁੱਕਿਆ ਹੋਇਆ ਸੀ,ਨਵੇਂ ਪੱਤਿਆਂ ਨਾਲ਼ ਭਰ ਗਿਆ ਸੀ।
ਫੇਰ ਮੈੰ ਸੋਚਿਆ ,”ਪੀਸ ਲਿਲੀ ਤਾਂ ਪੱਕਾ ਨੀੰ ਬਚਿਆ ਹੋਣਾ।”
ਪਰ ਹੈਰਾਨੀ ਦੀ ਹੱਦ ਨਾ ਰਹੀ ਜਦੋੰ ਦੇਖਿਆ ਕਿ ਇਹ ਤਾਂ ਫੁੱਲ ਵੀ ਕੱਢੀ ਬੈਠਾ।
ਕਮਾਲ ਹੀ ਆ…ਮੇਰੇ ਦੂਰ ਜਾਣ ਨਾਲ਼ ਇਹਨਾਂ ‘ਚ ਰੌਣਕ ਪਰਤ ਆਈ।
“ਕੁਝ ਸਮਝੇ ਜਨਾਬ?”
ਜਾਪਿਆ ਜਿਵੇਂ ਸਾਰੇ ਫੁੱਲ-ਬੂਟੇ ਪੁੱਛ ਰਹੇ ਹੋਣ।
“ਸਮਝ ਗਈ…ਮੇਰਾ ਹੱਦੋੰ ਵੱਧ ਪਿਆਰ ਤੁਹਾਡੇ ਲਈ ਬੇੜੀਆਂ ਬਣ ਗਿਆ ਸੀ।ਕਿਤੇ ਪਿਆਸੇ ਨਾ ਰਹਿ ਜਾਓ,ਤੁਹਾਨੂੰ ਵੱਧ ਖਾਦ -ਪਾਣੀ ਦੇ ਕੇ ਤੁਹਾਡਾ ਵਾਧਾ ਰੋਕਿਆ ਸੀ।ਤੁਸੀੰ ਆਪਣੇ ਆਪ ਕੁਝ ਕਰਨ ਜੋਗੇ ਨਹੀੰ ਰਹੇ।ਮੇਰੀ ਲੋੜ ਤੋੰ ਵੱਧ ਦੇਖਭਾਲ ਨੇ ਹੀ ਤੁਹਾਨੂੰ ਨਿਕੰਮੇ ਕਰ ਦਿੱਤਾ।ਮਾਫ਼ ਕਰਿਓ!”
ਹੁਣ ਮੈਂ ਥੋੜ੍ਹਾ ਸੁਧਰਨ ਦੀ ਕੋਸ਼ਿਸ਼ ਕਰਨੀ ਪਰ ਕਾਮਯਾਬ ਹੋਣਾ ਕਿ ਨਹੀੰ,ਰੱਬ ਜਾਣੇ!
ਦੀਪ ਵਿਰਕ
ਮਈ 11,2023