ਜੀਵਨ | jeevan

ਅੱਜ 12ਵੀਂ ਜਮਾਤ ਦਾ ਨਤੀਜਾ ਆ ਗਿਆ। ਹਰ ਬੱਚੇ ਵੀ ਆਪਣੀ-ਆਪਣੀ ਸਮਰੱਥਾ ਦੇ ਅਨੁਸਾਰ ਨੰਬਰ ਲਏ ਨੇ। 10ਵੀਂ ਦਾ ਰਿਜ਼ਲਟ ਵੀ ਆਉਣ ਵਾਲਾ ਹੈ।
ਅੱਜ ਮੇਰੇ ਬੇਟੇ ਦਾ ਵੀ 12ਵੀਂ ਦਾ ਰਿਜ਼ਲਟ ਆਇਆ ਹੈ, ਵਧੀਆ ਨੰਬਰ ਲਏ ਨੇ। ਮੈਂ ਅੱਜ ਤੱਕ ਵੀ ਉਸਨੂੰ ਨਹੀਂ ਕਿਹਾ ਕਿ ਨੰਬਰ 90 ਪ੍ਰਤੀਸ਼ਤ ਹੋਣੇ ਚਾਹੀਦੇ ਨੇ।
ਉਹ ਆਪਣੀ ਮਰਜ਼ੀ ਨਾਲ ਪੜਿਆ ਹੈ ਤੇ ਵਧੀਆ ਨੰਬਰ ਲਏ ਨੇ। ਉਸਨੇ ਕੋਚਿੰਗ ਲਈ ਹੈ ਫਿਜ਼ਿਕਸ ਵਾਲਾ ਤੋਂ ਔਨਲਾਈਨ ਜਿਸ ਦੀ ਸਲਾਨਾ ਫੀਸ 4200 ਰੁਪਿਆ ਹੈ। ਹੁਣ ਜਿਨ੍ਹਾਂ ਨੇ ਲੱਖਾਂ ਰੁਪਏ ਖਰਚ ਕੇ ਬਾਕੀ ਹੋਰ ਕੋਚਿੰਗ ਸੈਂਟਰਾਂ ਤੋਂ ਪੜ੍ਹਾਈ ਕੀਤੀ, ਉਹਨਾਂ ਦੇ ਉੰਨੇ ਹੀ ਨੰਬਰ ਆਏ ਨੇ। ਮੇਰਾ ਇਹ ਮੰਨਣਾ ਹੈ ਕਿ ਅਸੀਂ ਆਪਣੀ ਮੇਹਨਤ ਨਾਲ ਕਮਾਇਆ ਲੱਖਾਂ ਰੁਪਿਆ ਇਹਨਾਂ ਲੁਟੇਰਿਆਂ ਨੂੰ ਨਾ ਦਈਏ, ਬਲਕਿ ਬੱਚੇ ਦੀ ਬੌਧਿਕਤਾ ਦਾ ਵਿਕਾਸ ਕਰੀਏ।
ਇਹ ਕੋਚਿੰਗ ਸੈਂਟਰ ਵਾਲੇ ਆਪਣਾ ਪ੍ਰਚਾਰ ਇੰਝ ਕਰਦੇ ਨੇ ਜਿਵੇਂ ਇੱਕ ਬੱਚਾ ਅਖ਼ਬਾਰ ਵੇਚ ਰਿਹਾ ਸੀ ਤੇ , ਉੱਚੀ ਉੱਚੀ ਕਹਿ ਰਿਹਾ ਸੀ,” ਅੱਜ ਦੀ ਤਾਜ਼ਾ ਖਬਰ, ਅੱਜ ਦੀ ਤਾਜ਼ਾ ਖਬਰ, ਇਕ ਬੱਚੇ ਨੇ 99 ਲੋਕਾਂ ਨੂੰ ਬੇਵਕੂਫ ਬਣਾਇਆ।”
ਹੁਣ ਇੱਕ ਬੰਦੇ ਨੰ ਅਖ਼ਬਾਰ ਖ਼ਰੀਦ ਲਈ। ਹੁਣ ਬੱਚਾ ਉੱਚੀ ਉੱਚੀ ਕਹਿ ਕੇ ਭੱਜ ਦਿਹਾ ਸੀ,” ਅੱਜ ਦੀ ਤਾਜ਼ਾ ਖਬਰ, ਅੱਜ ਦੀ ਤਾਜ਼ਾ ਖਬਰ ਕਿ ਇਕ ਆਦਮੀ ਨੇ 100 ਲੋਕਾਂ ਨੂੰ ਬੇਵਕੂਫ਼ ਬਣਾਇਆ!”😃😃😃
ਹਰ ਬੱਚਾ ਆਪਣੀ ਮੇਹਨਤ ਪੂਰੀ ਕਰਦਾ ਹੈ । ਜੋ ਬਹੁਤ ਵਧੀਆ ਨੰਬਰਾਂ ਨਾਲ ਪਾਸ ਹੋਏ, ਜੋ ਐਵਰੇਜ ਨੇ ਉਨ੍ਹਾਂ ਨੂੰ ਮੁਬਾਰਕ।
ਜੋ ਫੇਲ ਹੋ ਗਏ ਨੇ ਅਸੀਂ ਉਹਨਾਂ ਦਾ ਖਿਆਲ ਰੱਖਣਾ ਹੈ ਕਿ ਉਹ ਕਿਸੇ ਗਲਤ ਮਾਰਗ ਤੇ ਨਾ ਚੱਲ ਪੈਣ। ਉਹਨਾਂ ਨੂੰ ਹੌਂਸਲਾ ਦੇਣਾ ਚਾਹੀਦਾ ਜੋ ਕਿ ਅਗਲੀ ਵਾਰ ਉਹ ਵਧੀਆ ਨੰਬਰ ਲੈਣ।
ਮੈਂ 12ਵੀਂ ਕਲਾਸ ਮੈਡੀਕਲ ਵਿੱਚ ਫੇਲ ਹੋ ਗਿਆ ਸੀ ਆਪਣੀ ਮਾੜੀ ਸੰਗਤ ਹੋਣ ਕਰਕੇ। ਪਰ ਹੁੰਦਾ ਕੀ ਹੈ, ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ ਤਾਂ ਆਪਣਾ ਸਮਾਂ ਭੁੱਲ ਜਾਂਦੇ ਹਾਂ, ਆਪਣੇ ਬੱਚਿਆਂ ਕੋਲ ਸਿਰਫ ਸ਼ਰੀਫ ਹੋਣ ਦੀ ਤੇ ਪੜਾਕੂ ਹੋਣ ਦੀ ਉਮੀਦ ਕਰਦੇ ਹਾਂ। ਜੇ ਉਹ ਫੇਲ ਹੀ ਨਹੀਂ ਹੋਣਗੇ ਤਾਂ ਸਿੱਖਣਗੇ ਕਿਵੇਂ?
ਅਸੀਂ ਸਾਇਕਲ ਕੈਂਚੀ ਮਾਰ ਕੇ ਸਿੱਖਿਆ, ਡਿੱਗੇ। ਗੋਡੇ ਛਿੱਲੇ ਗਏ ਪਰ ਸਾਇਕਲ ਸਿੱਖਿਆ।
ਸ਼ਾਇਦ ਆਸਟ੍ਰੀਆ ਜਾਂ ਕਿਸੇ ਹੋਰ ਮੁਲਕ ਦੇ ਦੀ ਗੱਲ ਹੈ ਕਿ ਜਿਹੜੇ ਬੱਚੇ ਬਹੁਤ ਘੱਟ ਨੰਬਰ ਲੈ ਕੇ ਪਾਸ ਹੁੰਦੇ ਹਨ ਉਨ੍ਹਾਂ ਨੂੰ ਦੇਸ਼ ਦੀਆਂ ਸਭ ਤੋਂ ਵਧੀਆ ਯੂਨੀਵਰਸਿਟੀਆਂ ਵਿਚ ਦਾਖਲੇ ਦਿੰਦੇ ਹਨ ਜਿਹੜੀ ਬਹੁਤ ਹੀ ਵਧੀਆ ਗੱਲ ਹੈ। ਜੋ ਬੱਚੇ ਬਹੁਤ ਵਧੀਆ ਨੰਬਰ ਲੈਂਦੇ ਨੇ, ਉਹਨਾਂ ਨੂੰ ਸਧਾਰਣ ਯੂਨੀਵਰਸਿਟੀਆਂ ਵਿੱਚ ਦਾਖਲਾ ਦਿੰਦੇ ਹਨ, ਇਸ ਨਾਲ ਆਉਣ ਵਾਲੇ ਸਮੇਂ ਚ ਦੇਸ਼ ਨੂੰ ਵਧੀਆ ਬੱਚੇ ਮਿਲਦੇ ਨੇ , ਜੋ ਅਹੁਦਿਆਂ ਤੇ ਜਾ ਕੇ ਦੇਸ਼ ਨੂੰ ਦਿਸ਼ਾ ਦਿੰਦੇ ਨੇ।
ਰਵਿੰਦਰ ਨਾਥ ਟੈਗੋਰ ਦਾ ਕਹਿਣਾ ਹੈ,” ਅਸੀਂ ਕੋਈ ਵੀ ਕੰਮ ਕਰਦੇ ਹਾਂ , ਚਾਹੇ ਪੜਦੇ ਹਾਂ, ਲਿਖਦੇ ਹਾਂ, ਕੋਈ ਕਲਾਕ੍ਰਿਤੀ ਕਰਦੇ ਹਾਂ, ਜਾਂ ਕਵਿਤਾ ਲਿਖਦੇ ਹਾਂ ਤਾਂ ਉਸ ਦਾ ਅਸਲੀ ਮੰਤਵ ਖੁਸ਼ ਹੋਣਾ ਤੇ ਖੁਸ਼ੀ ਵੰਡਣਾ ਹੀ ਹੋਣਾ ਚਾਹੀਦਾ ਹੈ। ਪਰ ਅਸੀਂ ਉਲਟ ਕਰ ਰਹੇ ਆਪਣੇ ਬੱਚਿਆਂ ਨੂੰ ਏਟੀਐਮ ਮਸ਼ੀਨਾਂ ਬਣਾ ਰਹੇ ਹਾਂ ਕਿ ਉਸ ਉੱਤੇ ਏਨਾ ਪੈਸਾ ਲਗਾਇਆ ਤੇ ਇਹ ਕਿੰਨੇ ਲੱਖ ਦਾ ਪੈਕਜ ਲਵੇਗਾ? ਬਲਕਿ ਉਹਨੂੰ ਇਹ ਸਿਖਾਉਣਾ ਹੈ ਕਿ ਉਹ ਖੁਸ਼ ਰਹਿਣ।
ਇਕ ਅਧਿਆਪਕ ਨੇ ਬੱਚੇ ਨੂੰ ਪੁੱਛਿਆ,” ਤੂੰ ਵੱਡਾ ਹੋ ਕੇ ਕੀ ਹੋਣਾ ਚਾਹੇਂਗਾ?”
ਬੱਚੇ ਨੇ ਜਵਾਬ ਦਿੱਤਾ,” ਮੈਂ ਵੱਡਾ ਹੋ ਕੇ ਖੁਸ਼ ਹੋਣਾ ਚਾਹਾਂਗਾ।”
ਅਧਿਆਪਕ ਨੇ ਕਿਹਾ ,” ਤੂੰ ਮੇਰਾ ਸਵਾਲ ਨਹੀਂ ਸਮਝਿਆ”
ਬੱਚੇ ਨੇ ਜਵਾਬ ਦਿੱਤਾ,” ਤੁਸੀਂ ਮੇਰਾ ਜਵਾਬ ਨਹੀਂ ਸਮਝੇ।”
ਜੋ ਬੱਚੇ ਬਹੁਤ ਵਧੀਆ ਜੀ ਪੜ ਲਿਖ ਨਹੀਂ ਸਕਦੇ ਉਹ ਹੱਥੀਂ ਕੰਮ ਕਰਦੇ ਨੇ। ਹੱਥੀਂ ਕੰਮ ਕਰਨ ਵਾਲਾ ਕਾਰੀਗਰ ਕਦੇ ਭੁੱਖਾ ਨਹੀਂ ਮਰਦਾ। ਸੋ ਸਾਨੂੰ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕਈ ਹੱਥੀ ਕੰਮ ਜ਼ਰੂਰ ਸਿਖਾਉਣਾ ਚਾਹੀਦਾ ਹੈ। ਜਿਸ ਨਾਲ ਕਿ ਜਦੋਂ ਉਨ੍ਹਾਂ ਦੇ ਕੋਲ ਕਦੀ ਕੁਝ ਜੀਵਨ ਵਿਚ ਉਤਾਰ ਚੜਾਅ ਆਵੇ ਤਾਂ ਉਹ ਉਸ ਹੁਨਰ ਨਾਲ ਪੈਸਾ ਕਮਾ ਕੇ ਆਪਣਾ ਢਿੱਡ ਭਰ ਸਕਣ।
ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਦੀ ਲਿਸਟ ਕਿਸੇ ਸਮੇਂ ਦੂਜੇ ਨੰਬਰ ਤੇ ਰਹਿਣ ਵਾਲੇ , ਬੈਰਨ ਬਫਟ ਦਾ ਕਹਿਣਾ ਹੈ ਕਿ ਕਦੀ ਵੀ ਆਪਣੇ ਇੱਕ ਹੀ ਆਮਦਨ ਦੇ ਸਾਧਨ ਦੇ ਨਿਰਭਰ ਨਾ ਕਰੋ। ਉਹ ਕਦੀ ਵੀ ਡਿੱਗ ਸਕਦਾ ਹੈ ਇਸ ਲਈ ਸਾਨੂੰ ਕੋਈ ਦੂਜਾ ਸਾਧਨ ਵੀ ਰੱਖਣਾ ਚਾਹੀਦਾ ਹੈ। ਇਸ ਨਾਲ ਤੁਸੀਂ ਇੱਕ ਸਾਧਨ ਤੋਂ ਪੈਸੇ ਨਾ ਮਿਲਣ ਦੀ ਹਾਲਤ ਚ ਦੂਜੇ ਤੋਂ ਪੈਸੇ ਕਮਾ ਕੇ ਜੀਵਨ ਬਸਰ ਕਰ ਸਕਦੇ ਹੋ।
ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉਤਰਾਖੰਡ
ਨਿਵਾਸੀ ਪੁਰਹੀਰਾਂ ,
ਹੁਸ਼ਿਆਰਪੁਰ
ਪੰਜਾਬ

Leave a Reply

Your email address will not be published. Required fields are marked *