ਮੇਰੀ ਭੋਲ਼ੀ ਭਾਲੀ ਰੱਜ ਕੇ ਦਿਲ ਦੀ ਸੱਚੀ ਮਾਂ। ਮੈਂ ਜੇ ਲਿਖਣ ਲੱਗਾਂ ਤਾਂ ਸਾਰੀ ਜ਼ਿੰਦਗੀ ਵੀ, ਮਾਂ ਤੇਰੀਆਂ ਗੱਲਾਂ ਲਿਖਣ ਲਈ ਥੋੜੀ ਹੈ।
ਮੇਰੀ ਮਾਂ ਮੈਨੂੰ ਤਾਂ ਪਿਆਰ ਕਰਦੀ ਹੀ ਸੀ। ਪਰ ਮੇਰੇ ਮਿੱਤਰਾਂ ਨੂੰ ਮੇਰੇ ਤੋਂ ਵੀ ਵੱਧ ਪਿਆਰ ਕਰਦੀ ਸੀ। ਗਲੀ ਮੁਹੱਲੇ ਦੀਆਂ, ਮੇਰੀ ਮਾਂ ਦੀ ਆਪਣੀ ਉਮਰ ਤੋਂ ਬਹੁਤ ਛੋਟੀਆਂ ਜਾਂ ਕਹਿ ਲਓ ਮੇਰੀ ਭੈਣ ਦੀ ਉਮਰ ਦੀਆਂ ਕੁੜੀਆਂ ਵਹੁਟੀਆਂ ਜਿਹਨਾ ਦੀਆਂ ਸੱਸਾਂ ਜਾਂ ਮਾਂਵਾਂ ਨਹੀਂ ਸਨ ਉਹ ਉਹਨਾਂ ਸਭਨਾਂ ਦੀ ਮਾਂ ਸੀ। ਮੇਰੇ ਸਾਰੇ ਦੋਸਤ ਉੱਸਨੂੰ ਮੇਰੇ ਤੋਂ ਵੱਧ ਕੇ ਸਨ। ਉਹ ਕਹਿੰਦਿਆਂ ਕਹਿੰਦਿਆਂ ਵੀ ਉਹਨਾਂ ਨਾਲ ਪਰਵਾਰ ਦੇ ਸਭ ਰਾਜ਼ ਸਾਂਝੇ ਕਰ ਲਿਆ ਕਰਦੀ ਸੀ।
ਗੱਲ 1987-88 ਦੀ ਹੋਵੇਗੀ। ਮੈਨੂੰ ਪੁਲੀਸ ਨੇ ਡਰਿੰਕ ਡ੍ਰਾਈਵਿੰਗ ਦੇ ਕੇਸ ਵਿੱਚ ਫੜ੍ਹ ਲਿਆ। ਜੁਰਮਾਨੇ ਦੇ ਨਾਲ ਨਾਲ ਪੁਲੀਸ ਨੇ ਇੱਕ ਸਾਲ ਲਈ ਮੇਰਾ ਲਾਇਸੈਂਸ ਵੀ ਜ਼ਬਤ ਕਰ ਲਿਆ। ਮੈਂ ਬੀਬੀ ਨੂੰ ਡਰਦੇ ਡਰਦੇ ਨੇ ਦੱਸਿਆ। ਦੱਸਣਾ ਤਾਂ ਪੈਣਾ ਹੀ ਸੀ। ਮੈਂ ਕਿਹਾ ਬੀਬੀ ਐਵੇਂ ਨਾ ਕਿਸੇ ਨੂੰ ਦੱਸ ਦੇਈ ਕਿ ਮੈਂ ਗੱਡੀ ਨਹੀਂ ਚਲਾ ਸਕਦਾ। ਹੋ ਸਕਦਾ ਕਦੀ ਨਾ ਕਦੀ ਕਿਸੇ ਨਾ ਕਿਸੇ ਕਾਰਣ ਕਰਕੇ ਗੱਡੀ ਚਲਾਉਣੀ ਵੀ ਪੈ ਸਕਦੀ ਆ। ਮੇਰੀ ਸ਼ਰਾਬ ਜਿਸ ਦੇ ਉਹ ਧਾਰਮਿਕ ਖਿਆਲਾਂ ਦੀ ਹੋਣ ਕਰਕੇ ਸਖ਼ਤ ਖ਼ਿਲਾਫ਼ ਸੀ। ਪਹਿਲਾਂ ਉਸ ਨੇ ਹੈਰਾਨੀ ਨਾਲ ਅਤੇ ਫਿਰ ਗੁੱਸੇ ਨਾਲ ਮੇਰੀ ਸਖ਼ਤ ਝਾੜ ਛੰਭ ਕੀਤੀ। ਫਿਰ ਕਹਿੰਦੀ ਚੱਲ ਕੋਈ ਨਾ ਜੋ ਹੋਣਾ ਸੀ ਹੋ ਗਿਆ। ਐਵੇਂ ਨਾ ਹੁਣ ਫਿਕਰ ਕਰ ਸਰ ਈ ਜਾਣਾ। ਪਰਮਾਤਮਾ ਸਾਰਨ ਵਾਲਾ। ਮੈਂ ਕਿਹਾ ਬੀਬੀ ਦੇਖੀਂ ਐਵੇ ਭੁੱਲ ਕੇ ਵੀ ਕਿਸੇ ਕੋਲ ਗੱਲ ਨਾ ਕਰੀਂ। ਕਹਿੰਦੀ ਕੋਈ ਨਾ ਮੈਂ ਕਾਹਨੂੰ ਕਰਨੀ ਆ।
ਪਰ ਹੋਇਆ ਕੀ?…..ਮੈਂ ਦੂਸਰੇ ਕੁ ਹੀ ਦਿਨ ਜਦ ਘਰ ਅੰਦਰ ਵੜਿਆ ਤਾਂ ਬੀਬੀ ਸਾਡੀ ਗੁਆਉਣ ਪਾਲੋ ਨਾਲ ਗੱਲੀਂ ਪਈ ਸੁਣਾਈ ਦਿੱਤੀ। ਪਾਲੋ ਦਾ ਬੀਬੀ ਨਾਲ ਅਤੇ ਬੀਬੀ ਦਾ ਪਾਲੋ ਨਾਲ ਮਾਂਵਾਂ ਧੀਆਂ ਵਰਗਾ ਪਿਆਰ ਸੀ। ਗੱਲਾਂ ਜ਼ਰੂਰ ਕਾਰ ਜਾਂ ਸ਼ਰਾਬ ਦੀਆਂ ਚੱਲਦੀਆਂ ਹੋਣਗੀਆਂ।
ਮੈਨੂੰ ਬੀਬੀ ਇਹ ਕਹਿੰਦੀ ਹੋਈ ਸੁਣਾਈ ਦਿੱਤੀ। ਕੁੜੇ ਕਿਸੇ ਕੋਲ ਗੱਲ ਨਾ ਕਰੀ, ਸਾਡਾ ਤਾਰਾ ਵੀ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਫੜ ਹੋ ਗਿਆ। ਅਸੀਂ ਤਾ ਹੁਣ ਕਿਤੇ ਜਾਣ ਆਉਣ ਤੋਂ ਵੀ ਔਖੇ ਹੋ ਜਾਣਾ। ਮੈਂ ਖੁਦ ਨੂੰ ਹੀ ਕਿਹਾ, ਲਓ ਕਰ ਲਉ ਗੱਲ। ਬੀਬੀ ਨੇ ਤਾਂ ਦੋ ਚਾਰ ਦਿਨ ਵੀ ਗੱਲ ਨੂੰ ਲਕੋ ਕੇ ਨਹੀਂ ਰੱਖਿਆ! ਮੈਂ ਹਿਰਖ ਨਾਲ ਪੋਲੇ ਪੈਰੀਂ ਉਸੇ ਵੇਲੇ ਬਾਹਰ ਨਿਕਲ ਗਿਆ।
ਮੈਂ ਅੱਜ ਤਾਂਈ ਸੋਚਦਾ ਹਾਂ ਕਿ,
ਵਾਹ ਰੇ ਮੇਰੀਏ ਭੋਲੀਏ ਮਾਂ। ਤੇਰੇ ਲਈ ਸਾਰਾ ਯੱਗ ਹੀ ਆਪਣਾ ਸੀ।
ਅਵਤਾਰ ਸਿੰਘ ਰਾਏ ਮੋਰਾਂਵਾਲੀ ਬਰਮਿੰਘਮ॥