ਤਕਰੀਬਨ ਪੰਦਰਾਂ ਸਾਲ ਪਹਿਲੋਂ ਸਾਡੀ ਫਲਾਈਟ ਜਦੋਂ ਟਰਾਂਟੋ ਤੋਂ ਅੰਮ੍ਰਿਤਸਰ ਲੈਂਡ ਕੀਤੀ ਤਾਂ ਐਨ ਓਸੇ ਵੇਲੇ ਹੀ ਮਿਡਲ ਈਸਟ ਤੋਂ ਆਈ ਇੱਕ ਹੋਰ ਫਲਾਈਟ ਵੀ ਅੱਡੇ ਤੇ ਆਣ ਲੱਗੀ!
ਸਮਾਨ ਵਾਲੇ ਰੈਂਪ ਤੋਂ ਆਪਣਾ ਸਮਾਨ ਚੁੱਕਦੇ ਹੋਏ ਸਾਊਦੀ ਵਾਲੇ ਵੀਰਾਂ ਦੀਆਂ ਗੱਠੜੀਆਂ ਅਤੇ ਥਕਾਵਟ ਭਰੇ ਚੇਹਰੇ ਦੇਖ ਸਾਨੂੰ ਲੈਣ ਆਏ ਇੱਕ ਪੁਲਸੀਏ ਨੇ ਮਖੌਲ ਕਰ ਮਾਰਿਆ ਕੇ “ਭਾਈ ਟੌਰ ਤੇ ਕਨੇਡਾ ਤੋਂ ਆਏ ਲਿਸ਼ਕਦੇ ਸੂਟ ਕੇਸਾਂ ਵਾਲਿਆਂ ਦੀ ਹੀ ਹੈ ਇਹ ਵਿਚਾਰੀ “ਮੁਸ਼ਕ ਮਾਰਦੀ ਲੇਬਰ ਕਲਾਸ” ਦਾ ਕਾਹਦਾ ਬਾਹਰ ਜਾਣਾ..ਇਹਨਾਂ ਦਾ ਜਾਣਾ ਨਾ ਜਾਣਾ ਇੱਕ ਬਰੋਬਰ ਹੀ ਏ”!
ਜਜਬਾਤੀ ਸੋਚ ਦਾ ਮਾਲਿਕ ਮੈਂ ਏਧਰ ਓਧਰ ਵੇਖ ਦਿਲ ਹੀ ਦਿਲ ਸ਼ੁਕਰ ਮਨਾਇਆ ਕੇ ਉਸ ਵੱਲੋਂ ਕੀਤਾ ਇਹ ਭੱਦਾ ਮਜਾਕ ਕਿਸੇ ਤੀਜੇ ਦੇ ਕੰਨੀ ਨਹੀਂ ਸੀ ਪਿਆ!
ਕੁਝ ਸਾਲ ਬਾਅਦ ਓਸੇ ਰਿਸ਼ਤੇਦਾਰ ਨੇ ਆਪਣਾ ਮੁੰਡਾ ਸਟੱਡੀ ਵੀਜੇ ਤੇ ਕਨੇਡਾ ਭੇਜ ਦਿੱਤਾ..ਵੱਡੇ ਘਰ ਦਾ ਕਾਕਾ ਪਹਿਲੇ ਕੋਰਸ ਵਿਚੋਂ ਹੀ ਫੇਲ ਹੋ ਗਿਆ..ਫੇਰ ਗਰਲ ਫਰੈਂਡਾਂ ਮਹਿੰਗੀਆਂ ਕਾਰਾਂ ਤੇ ਐਸ਼ਾਂ ਇਸ਼ਰਤ ਵਾਲੇ ਹੋਰ ਚੱਕਰਾਂ ਵਿਚ ਐਸਾ ਫਸਿਆ ਕੇ ਸਾਲ ਤੋਂ ਪਹਿਲਾ ਪਹਿਲਾਂ ਹੀ ਵਾਪਿਸ ਡਿਪੋਰਟ ਕਰ ਦਿੱਤਾ ਗਿਆ!
ਪੁਲਸ ਵਾਲੇ ਬਾਪ ਨੇ ਅੰਨ੍ਹੇ ਪੈਸੇ ਖਰਚ ਵਿਆਹ ਵਾਲਾ ਚੱਕਰ ਵੀ ਚਲਾ ਕੇ ਵੇਖ ਲਿਆ ਪਰ ਉਸਦੇ ਪਾਸਪੋਰਟ ਤੇ ਕਨੇਡਾ ਵਾਲੀ ਪੱਕੀ ਮੁਹਰ ਕਦੇ ਨਾ ਲੱਗ ਸਕੀ !
ਫੇਰ ਕੁਝ ਮਹੀਨੇ ਮਗਰੋਂ ਗੱਲਾਂ ਗੱਲਾਂ ਵਿਚ ਹੀ ਦੱਸਣ ਲੱਗਾ ਕੇ ਕਰ ਕਰਾ ਕੇ ਹਾਲ ਦੀ ਘੜੀ ਉਸਨੂੰ ਸਾਊਦੀ ਅਰਬ ਦੇ ਕੋਲ ਦੋਹਾ ਕਤਰ ਭੇਜ ਦਿੱਤਾ ਓਥੋਂ ਫੇਰ ਜਦੋਂ ਕੰਮ ਲੋਟ ਆਊ ਤਾਂ ਕਨੇਡਾ ਦੀ ਕੋਸ਼ਿਸ਼ ਕਰਾਂਗੇ”!
ਮੈਨੂੰ ਉਸ ਦਿਨ ਸਮਝ ਆਈ ਕੇ ਕਿਸੇ ਵੇਲੇ ਏਅਰਪੋਰਟ ਤੇ “ਮੁਸ਼ਕ ਮਾਰਦੀ ਲੇਬਰ ਕਲਾਸ” ਵਾਲਾ ਕੀਤਾ ਉਸਦਾ ਮਜਾਕ ਉਸ ਦਿਨ ਸਾਡੇ ਦੋਹਾਂ ਤੋਂ ਇਲਾਵਾ ਕਿਸੇ “ਤੀਜੇ” ਦੇ ਕੰਨੀ ਵੀ ਪੈ ਗਿਆ ਸੀ!
ਹਰਪ੍ਰੀਤ ਸਿੰਘ ਜਵੰਦਾ
ਸਿੱਟਾ—ਕਿੱਸੇ ਨੂੰ ਮਜਾਕ ਨਹੀਂ ਕਰਨਾ,ਤੀਜਾ ਤਾਂ ਹਮੇਸ਼ਾ ਵੇਖਦਾ ਹੈ।