ਉਸਦੇ ਸਿੰਗ ਨੀਵੇਂ ਸਨ..ਸਾਰੇ ਮੀਣੀ ਆਖ ਸੱਦਦੇ..ਪਹਿਲੇ ਸੂਏ ਕੱਟੀ ਦਿੱਤੀ..ਪਰਿਵਾਰ ਵੱਡਾ ਸੀ..ਆਏ ਗਏ ਲਈ ਖੁੱਲ੍ਹਾ ਦੁੱਧ..ਮੈਂ ਅੱਧਾ ਥਣ ਚੁੰਘਾ ਕੱਟੀ ਪਿਛਾਂਹ ਖਿੱਚ ਲੈਂਦੀ..ਫੇਰ ਥਾਪੀ ਮਾਰ ਹੇਠਾਂ ਬੈਠ ਜਾਂਦੀ..ਕਰਮਾਂ ਵਾਲੀ ਨੇ ਕਦੇ ਦੁੱਧ ਨਹੀਂ ਸੀ ਘੁੱਟਿਆ..ਜਿੰਨਾ ਹੁੰਦਾ ਸਭ ਕੁਝ ਨੁੱਚੜ ਕੇ ਆਣ ਬਾਲਟੀ ਵਿੱਚ ਪੈਂਦਾ..ਉਹ ਸਾਮਣੇ ਬੱਧੀ ਦਾ ਮੂੰਹ ਸਿਰ ਚੱਟਦੀ ਰਹਿੰਦੀ..ਮੈਂ ਕਦੀ ਕਦੀ ਇੱਕ ਧਾਰ ਉਸਦੀਆਂ ਨਾਸਾਂ ਵੱਲ ਨੂੰ ਮਾਰ ਦਿਆ ਕਰਦੀ ਤਾਂ ਖੁਸ਼ ਹੋ ਜਾਂਦੀ..!
ਫੇਰ ਟਾਈਮ ਨੇ ਪਾਸਾ ਪਰਤਿਆ..ਘਰੇ ਪੁਲਸ ਪੈਣੀ ਸ਼ੁਰੂ ਹੋ ਗਈ..ਖਾਕੀ ਵਰਦੀ ਦੇਰ ਸੁਵੇਰ ਅਕਸਰ ਹੀ ਬਰੂਹਾਂ ਤੇ ਆਣ ਖਲੋਇਆ ਕਰਦੀ..ਛੋਟਾ ਥਾਣੇਦਾਰ ਹਾਲਾਂਕਿ ਕਾਕੇ ਦੇ ਨਾਲ ਹੀ ਪੜਿਆ ਸੀ ਫੇਰ ਵੀ ਖਰਵਾਂ ਬੋਲ ਪਾਣੀ..ਅਖ਼ੇ ਪੇਸ਼ ਕਰਾਓ ਨਹੀਂ ਤੇ ਸਖਤੀ ਕਰਾਂਗੇ..ਨੂਹਾਂ ਧੀਆਂ ਵਾਲਾ ਘਰ..ਫੇਰ ਜਦੋਂ ਪਾਣੀ ਸਿਰੋਂ ਹੀ ਲੰਘ ਗਿਆ ਤਾਂ ਸਾਰੀਆਂ ਅੱਡੋ ਅੱਡੀ ਥਾਈਂ ਰਿਸ਼ਤੇਦਾਰੀ ਦੇ ਘੱਲ ਦਿੱਤੀਆਂ..!
ਫੇਰ ਉਹ ਮੇਰੇ ਕੱਲੀ ਦੇ ਦਵਾਲੇ ਹੋ ਜਾਇਆ ਕਰਦੇ..ਅਖ਼ੇ ਤੈਨੂੰ ਪਤਾ ਉਹ ਕਿੱਥੇ ਹੈ ਤੇ ਰੋਜ ਰੋਟੀ ਖਾਣ ਵੀ ਇਥੇ ਅਉਂਦਾ..ਇੱਕ ਦਿਨ ਕਣਕ ਵੱਢਣੋਂ ਡੱਕ ਦਿੱਤਾ..ਮੋਟਰ ਵੀ ਲਾਹ ਕੇ ਲੈ ਗਏ..ਮੈਂ ਵੀ ਆਸੇ ਪਾਸੇ ਹੋ ਜਾਇਆ ਕਰਦੀ..ਪਰ ਦੇਰ ਸੁਵੇਰ ਮੀਣੀ ਨੂੰ ਪੱਠੇ ਜਰੂਰ ਪਾ ਜਾਇਆ ਕਰਦੀ..!
ਇੱਕ ਦਿਨ ਮੂੰਹ ਹਨੇਰੇ ਸ਼ਹਿਰ ਨੂੰ ਲੈ ਤੁਰੇ..ਬਥੇਰੀ ਦੁਹਾਈ ਦਿੱਤੀ..ਕੁੰਡੇ ਜਿੰਦੇ ਲਾ ਲੈਣ ਦਿਓ..ਆਖਣ ਲੱਗੇ ਅਸੀਂ ਆਪੇ ਲਾ ਲਵਾਂਗੇ..ਮੁੜਕੇ ਪਤਾ ਲੱਗਾ ਡੰਗਰ ਵੱਛਾ ਸਭ ਕੁਝ ਹੀ ਖੁੱਲ੍ਹਾ ਛੱਡ ਦਿੱਤਾ..!
ਅਕਸਰ ਆਏ ਗਏ ਨੂੰ ਪੁੱਛਿਆ ਕਰਾਂ ਮੇਰੀ ਮੀਣੀ ਕਿੱਥੇ ਹੈ..ਕਿਸੇ ਕੋਲ ਕੋਈ ਤਸੱਲੀ ਬਕਸ਼ ਜੁਆਬ ਨਾ ਹੁੰਦਾ..!
ਮੈਂ ਉਸਨੂੰ ਯਾਦ ਕਰ ਰੋਂਦੀ ਰਹਿੰਦੀ..ਫੇਰ ਇੱਕ ਦਿਨ ਕਾਕੇ ਦੀ ਖਬਰ ਆ ਗਈ..ਭਾਣਾ ਵਰਤ ਗਿਆ ਸੀ..ਅੰਦਰੋਂ ਬਾਹਰੋਂ ਟੁੱਟ ਗਈ..ਉਹ ਮੈਨੂੰ ਪਿੰਡ ਫਿਰਨੀ ਤੇ ਛੱਡ ਗਏ..ਮੈਨੂੰ ਨਾਲੇ ਕਾਕਾ ਯਾਦ ਆਇਆ ਕਰੇ ਤੇ ਨਾਲੇ ਮੀਣੀ..!
ਇੱਕ ਦਿਨ ਗਵਾਂਢੀ ਨੱਸਿਆ-ਨੱਸਿਆ ਆਇਆ ਅਖ਼ੇ ਚਾਚੀ ਖੁਸ਼ੀ ਦੀ ਖਬਰ ਏ..ਤੇਰੀ ਮੀਣੀ ਵਾਪਿਸ ਪਰਤ ਆਈ ਏ..ਅਹੁ ਫਿਰਨੀ ਤੇ ਘਾਹ ਚਰੀ ਜਾਂਦੀ..ਮੈਂ ਨੰਗੇ ਪੈਰ ਨੱਸੀ ਗਈ ਤੇ ਧੂ ਕੇ ਜਾ ਜੱਫੀ ਪਾ ਲਈ..ਕਿਧਰੋਂ ਕਿੱਲਾ ਤੁੜਾ ਕੇ ਆਈ ਸੀ..ਗਾਰੇ ਨਾਲ ਲਿਬੜੀ ਹੋਈ..ਪਹਿਲੋਂ ਨਲਕਾ ਗੇੜ ਨੁਹਾਈ..ਫੇਰ ਫਿਕਰ ਪੈ ਗਿਆ..ਬਗੈਰ ਕੱਟੀ ਦੇ ਪਤਾ ਨੀ ਥੱਲੇ ਪੈਣ ਵੀ ਦਿੰਦੀ ਏ ਕੇ ਨਹੀਂ?
ਖੈਰ ਕਿੱਲੇ ਤੇ ਬੰਨ ਗਤਾਵਾ ਕੀਤਾ ਤੇ ਥਾਪੀ ਮਾਰ ਵਾਹਿਗੁਰੂ ਆਖ ਥੱਲੇ ਬੈਠ ਗਈ..ਚਮਤਕਾਰ ਹੋਇਆ..ਅੱਜ ਵੀ ਮਾਸਾ ਨਹੀਂ ਸੀ ਹਿੱਲੀ..ਸਾਰਾ ਕੁਝ ਨਿਚੋੜ ਕੇ ਦੇ ਦਿੱਤਾ..ਅੱਜ ਮੈਥੋਂ ਧਾਰ ਵੀ ਨਾ ਮੰਗੀ..ਸ਼ਾਇਦ ਸੋਚ ਰਹੀ ਸੀ ਕੇ ਤਾਂ ਕੀ ਹੋਇਆ ਜੇ ਮੇਰੀ ਗਵਾਚ ਗਈ ਏ..ਤੇਰਾ ਵੀ ਤਾਂ ਗਵਾਚਾ..ਹਮੇਸ਼ਾਂ ਲਈ..ਮੇਰੀ ਤੇ ਸ਼ਾਇਦ ਤੁਰੀ ਫਿਰਦੀ ਇੱਕ ਦਿਨ ਵਾਪਿਸ ਪਰਤ ਹੀ ਆਵੇ ਪਰ ਤੇਰੇ ਨੇ ਕਦੀ ਫੇਰ ਮੋੜੇ ਨਹੀਂ ਪਉਣੈ..!
ਮਾਝੇ ਦੀਆਂ ਮੀਣੀਆਂ..ਬੇਸ਼ੱਕ ਮੂਹੋਂ ਨਹੀਂ ਸਨ ਬੋਲਦੀਆਂ ਹੁੰਦੀਆਂ ਪਰ ਭਾਵਨਾਵਾਂ ਚੰਗੀ ਤਰਾਂ ਸਮਝਦੀਆਂ ਸਨ!
ਹਰਪ੍ਰੀਤ ਸਿੰਘ ਜਵੰਦਾ