ਰਾਜਪੁਰੇ ਵਾਲੀ ਮਾਸੀ..ਤਿਥ ਤਿਓਹਾਰ ਤੇ ਜਦੋਂ ਵੀ ਆਉਂਦੀ ਤਾਂ ਗੱਡੀ ਚੜ ਕੇ ਹੀ ਆਉਂਦੀ..ਪਹਿਲੋਂ ਟੇਸ਼ਨ ਤੇ ਉੱਤਰ ਦਰਬਾਰ ਸਾਬ ਮਥਾ ਟੇਕ ਫੇਰ ਨਿਆਣਿਆਂ ਜੋਗਾ ਕਿੰਨਾ ਸਾਰਾ ਮੁਰਮੁਰਾ ਤੇ ਲੱਡੂ ਮੁੱਲ ਲੈਂਦੀ ਤੇ ਮੁੜ ਅੱਗਿਓਂ ਬੱਸੇ ਚੜ੍ਹਦੀ..!
ਕਿੰਨੇ ਸਾਲ ਉਸਦੀ ਇਹੋ ਰੁਟੀਨ ਰਹੀ!
ਔਲਾਦ ਨਹੀਂ ਸੀ ਹੋਈ ਤੇ ਫੇਰ ਮਾਸੜ ਵੀ ਐਕਸੀਡੈਂਟ ਵਿਚ ਮੁੱਕ ਗਿਆ..ਤਾਂ ਵੀ ਦਲੇਰੀ ਨਾਲ ਆਪਣੇ ਘਰੇ ਹੀ ਡਟੀ ਰਹੀ..!
ਫੇਰ ਟਾਈਮ ਦੇ ਨਾਲ ਨਾਲ ਜਮਾਨਾ ਰਹਿਣ ਸਹਿਣ ਸਭ ਕੁਝ ਬਦਲ ਗਿਆ ਪਰ ਉਹ ਬਿਲਕੁਲ ਨਾ ਬਦਲੀ..ਉਂਝ ਦੀ ਉਂਝ ਹੀ ਰਹੀ..!
ਮੈਂ ਵੱਡਾ ਹੋਇਆ ਤਾਂ ਮੈਨੂੰ ਪੱਗ ਬਣਾਉਣ ਵਾਲਾ ਦਿਨ ਮਿਥ ਲਿਆ..ਪੈਲੇਸ ਵਿਚ ਫ਼ੰਕਸ਼ਨ ਰਖਿਆ..ਸਾਰੀ ਰਿਸ਼ਤੇਦਾਰੀ ਆਈ..ਢੇਰ ਸਾਰੇ ਤੋਹਫੇ ਪੱਗਾਂ ਅਤੇ ਸ਼ਗਨ..ਬਹੁਤੇ ਮਾਰੂਤੀ ਕਾਰਾਂ ਸਕੂਟਰਾਂ ਵਿਚ ਵੀ ਆਏ..ਪਰ ਮਾਸੀ ਨਾ ਅੱਪੜੀ..ਇਕ ਦੋ ਵੇਰ ਉਸਦਾ ਜਿਕਰ ਜਰੂਰ ਛਿੜਿਆ ਪਰ ਫੇਰ ਸਾਰੇ ਆਪੋ ਆਪਣੇ ਕਾਰ ਵਿਹਾਰਾਂ ਵਿਚ ਰੁੱਝ ਗਏ..!
ਉਹ ਦਿਨ ਢਲੇ ਅੱਪੜੀ..ਘੱਟੇ ਨਾਲ ਲਿਬੜੀ ਰਿਕਸ਼ੇ ਚੋਂ ਉੱਤਰੀ..ਨਵੀਂ ਪੀੜੀ ਦੇ ਜਵਾਕਾਂ ਵਿਚੋਂ ਬਹੁਤਿਆਂ ਪਛਾਣੀ ਵੀ ਨਾ..ਉਸਨੂੰ ਸ਼ਾਇਦ ਸਾਡੀ ਨਵੀਂ ਕੋਠੀ ਲੱਭਣ ਵਿਚ ਹੀ ਘੜੀ ਲੱਗ ਗਈ ਸੀ..!
ਹਲਵਾਈਆਂ ਕੋਲ ਖਲੋਤਿਆਂ ਮੇਰੀ ਨਜਰ ਪਈ ਤਾਂ ਮੈਂ ਭੱਜ ਕੇ ਜਾ ਜੱਫੀ ਪਾਈ..ਪੁੱਛਿਆ ਏਨੇ ਕੁਵੇਲੇ ਕਿਓਂ ਆਈ ਏਂ..ਆਖਣ ਲੱਗੀ ਅੰਬਰਸਰ ਕਰਫਿਊ ਲੱਗ ਗਿਆ..ਮੁੜ ਗੱਡੀ ਵੀ ਲੰਘ ਗਈ..ਮਸੀਂ ਆਖਰੀ ਬੱਸ ਫੜ ਇਥੇ ਅੱਪੜੀ ਹਾਂ..ਪਰ ਅਸਲ ਕੁਵੇਲਾ ਤੇਰਾ “ਮੁਰਮੁਰਾ ਤੇ ਤਿਲਾਂ ਵਾਲੇ ਲੱਡੂ” ਲੱਭਦਿਆਂ ਹੋ ਗਿਆ..!
ਮਗਰੋਂ ਅਸੀਂ ਦੋਵੇਂ ਰੋ ਪਏ..ਉਹ ਸ਼ਾਇਦ ਆਪਣਿਆਂ ਕੋਲ ਅੱਪੜਨ ਦੀ ਖੁਸ਼ੀ ਵਿਚ ਤੇ ਮੈਂ ਪਦਾਰਥਵਾਦੀ ਪ੍ਰਦੂਸ਼ਣ ਵਿਚ ਸਬੱਬੀਂ ਮਿਲ ਗਏ ਆਪਣੇ ਪਣ ਦੇ ਇੱਕ ਮਿੱਠੇ ਜਿਹੇ ਇਹਸਾਸ ਨੂੰ ਰੂਹ ਤੇ ਮਹਿਸੂਸ ਕਰਕੇ!
ਹਰਪ੍ਰੀਤ ਸਿੰਘ ਜਵੰਦਾ