ਗੱਲ ਵਾਹਵਾ ਪੁਰਾਣੀ ਹੈ। ਸਕੂਲ ਨੂੰ ਮਿਲੀ ਮੈਚਿੰਗ ਗ੍ਰਾਂਟ ਨਾਲ ਸਕੂਲ ਲਈ ਇੱਕ ਨੀਲੇ ਰੰਗ ਦੀ ਸੋਲਾਂ ਸੀਟਰ ਮੈਟਾਡੋਰ ਖਰੀਦੀ ਗਈ। ਵੈਨ ਚਲਾਉਣ ਲਈ ਪਿੰਡ ਚੰਨੂ ਦੇ ਅੰਗਰੇਜ ਸਿੰਘ ਨੂੰ ਡਰਾਈਵਰ ਰੱਖਿਆ ਗਿਆ ਜੋ ਪਹਿਲਾਂ ਲੰਬੀ ਗਿੱਦੜਬਾਹਾ ਰੂਟ ਤੇ ਟੈਂਪੂ ਚਲਾਉਂਦਾ ਸੀ ਤੇ ਗੇਜੇ ਡਰਾਈਵਰ ਦੇ ਨਾਮ ਨਾਲ ਮਸ਼ਹੂਰ ਸੀ। ਅੰਗਰੇਜ ਕੋਰਾ ਅਨਪੜ੍ਹ ਸੀ ਤੇ ਬੜਬੋਲਾ ਵੀ ਸੀ। ਉਸਦਾ ਸਪੀਕਰ ਵੀ ਵੱਡਾ ਸੀ।
ਮੈਟਾਡੋਰ ਸਕੂਲ ਪੋਰਚ ਵਿੱਚ ਖੜ੍ਹਦੀ। ਓਦੋਂ ਸਕੂਲ ਸਟਾਫ ਦੂਰ ਦੂਰ ਤੋਂ ਸੀ ਤੇ ਚਿੱਠੀਆਂ ਦਾ ਯੁੱਗ ਸੀ। ਜਿਸ ਮੈਡਮ ਨੇ ਵੀ ਲੈਟਰ ਪੋਸਟ ਕਰਾਉਣਾ ਹੁੰਦਾ ਉਹ ਆਪਣਾ ਲੈਟਰ ਮੈਟਾਡੋਰ ਦੇ ਡੈਸ਼ਬੋਰਡ ਤੇ ਰੱਖ ਦਿੰਦੀ। ਤੇ ਅੰਗਰੇਜ ਸਿੰਘ ਸਾਰੀ ਛੁੱਟੀ ਵੇਲੇ ਜਦੋ ਲੰਬੀ ਵਿੱਚ ਦੀ ਲੰਘਦਾ ਤਾਂ ਉਥੇ ਪੋਸਟ ਕਰ ਦਿੰਦਾ। ਕਿਉਂਕਿ ਲੰਬੀ ਦਾ ਡਾਕਖਾਨਾ ਜੀ ਟੀ ਰੋਡ ਤੇ ਹੀ ਸੀ।
“ਆਹ ਕਿਹੜੀ ਸਵੇਰੇ ਸਵੇਰੇ ਲਵ ਲੈਟਰ ਫੜਾ ਗਈ।” ਇੱਕ ਦਿਨ ਸਵੇਰੇ ਹੀ ਡੈਸ਼ ਬੋਰਡ ਤੇ ਪਏ ਨੀਲੇ ਰੰਗ ਦੇ ਇਨਲੈਂਟ ਪੱਤਰ ਨੂੰ ਵੇਖਕੇ ਆਪਣੀ ਆਦਤ ਅਨੁਸਾਰ ਆਖਿਆ।
“ਬਾਈ ਜੀ ਇਹ ਮੈਂ ਰੱਖਿਆ ਹੈ। ਸੋਚਿਆ ਕਿਤੇ ਦੇਣਾ ਭੁੱਲ ਨਾ ਜਾਵਾਂ।” ਉਸਦੀ ਆਵਾਜ਼ ਸੁਣਕੇ ਨੇੜੇ ਹੀ ਖੜੀ ਜੋਗਰਾਫੀ ਵਾਲੀ ਮੈਡਮ ਹਰਜੀਤ (ਬਦਲਿਆ ਨਾਮ) ਨੇ ਕਿਹਾ। ਲਵ ਲੈਟਰ ਦਾ ਸੁਣਕੇ ਉਹ ਵੀ ਹੱਸੀ ਤੇ ਕੋਲੇ ਖੜੀਆਂ ਮੈਡਮਾਂ ਵੀ ਹੱਸਣੋ ਨਾ ਰਹਿ ਸਕੀਆਂ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ