ਮੇਰਾ ਵਿਸ਼ਵਾਸ ਹੈ, ਆਪਣੀ ਸਿਹਤ ਦੇ ਵਿਗਾੜ ਸੰਬੰਧੀ ਇਕ ਤੋਂ ਵੱਧ ਡਾਕਟਰਾਂ ਦੀ ਸਲਾਹ ਲੈ ਲੈਣੀ ਚਾਹੀਦੀ ਹੈ।
ਪਹਿਲੀਆਂ ਦੋ ਲਿਖਤਾਂ ਨਾਲ ਸੰਬੰਧ ਰੱਖਦੀ ਹਥਲੀ ਲਿਖਤ ਵੀ ਪੇਸ਼ ਹੈ—
——
ਅੱਠ-ਨੌਂ ਸਾਲ ਪਹਿਲਾਂ ਮੇਰੇ ਇਕ ਰਿਸ਼ਤੇਦਾਰ ਨੇ ਚਿੱਟੇ ਮੋਤੀਏ (catarect) ਦਾ ਅਪਰੇਸ਼ਨ ਕਰਵਾਇਆ ਸੀ। ਮੈਂ ਵੀ ਸੋਚਿਆ ਕਿ ਆਪਣਾ ਚੈਕ-ਅਪ ਕਰਵਾ ਲਵਾਂ। ਜਿਸ ਡਾਕਟਰ ਨੇ ਇਹ ਅਪਰੇਸ਼ਨ ਕੀਤਾ ਸੀ, ਉਹ ਮੇਰੇ ਹੀ ਸੈਕਟਰ ਵਿਚ ਹੈ। ਮੈਂ ਚਲਾ ਗਿਆ। ਪਰਚੀ ਬਣਵਾਈ ਤੇ ਵਾਰੀ ਦਾ ਇੰਤਜ਼ਾਰ ਕਰਨ ਲੱਗਾ।
ਥੋੜ੍ਹੀ ਦੇਰ ਬਾਅਦ ਨਰਸ ਨੇ ਆਵਾਜ਼ ਦਿੱਤੀ ਤੇ ਮੈਨੂੰ ਅੱਖਾਂ ਦੀ ਨਜ਼ਰ( eyesight) ਚੈਕ ਕਰਨ ਲਈ ਇਕ ਕਮਰੇ ਵਿਚ ਛੱਡ ਆਈ। ਟੈਕਨਿਸ਼ਨ ਨੇ “ਨੇੜੇ ਦੀ” ਅਤੇ “ਦੂਰ ਦੀ” ਨਜ਼ਰ ਚੈਕ ਕਰ ਕੇ ਪਰਚੀ ਉੱਤੇ ਲਿਖ ਦਿੱਤਾ। ਮੇਰੀਆਂ ਐਨਕਾਂ ਨੂੰ ਵੀ ਚੈਕ ਕੀਤਾ। ਮੈਂ ਪੁੱਛਿਆ,” ਕੋਈ ਫਰਕ ਪਿਆ ਹੈ?” ਉਸ ਨੇ ਕਿਹਾ,”ਮਾਮੂਲੀ ਜਿਹਾ ਫਰਕ ਹੈ। ਤੁਸੀਂ ਬੈਠੋ, ਡਾਕਟਰ ਸਾਹਿਬ ਬੁਲਾਉਣਗੇ।”
ਥੋੜ੍ਹੀ ਦੇਰ ਬਾਅਦ ਮੈਨੂੰ ਡਾਕਟਰ ਸਾਹਿਬ ਨੇ ਬੁਲਾਇਆ, ਇਕ ਇਕ ਕਰ ਕੇ ਮੇਰੀਆਂ ਅੱਖਾਂ ਚੈੱਕ ਕੀਤੀਆਂ, ਤੇ ਕਹਿੰਦੇ, “ਬਜ਼ੁਰਗੋ, ਚਿੱਟਾ ਮੋਤੀਆ ਉੱਤਰ ਆਇਆ ਹੈ, ਅਪਰੇਸ਼ਨ ਕਰਵਾ ਲਓ।” ਚਿੱਟੇ ਮੋਤੀਏ ਦਾ ਸੁਣ ਕੇ ਮੈਂ ਫੇਰ ਪੁੱਛਿਆ,” ਸੱਚੀਂ ?”
ਇਹ ਸੁਣ ਕੇ ਡਾਕਟਰ ਸਾਹਿਬ ਕਹਿਣ ਲੱਗੇ,” ਆਪਾਂ ਦਵਾਈ ਪਾ ਕੇ ਵੀ ਚੈੱਕ ਕਰ ਲੈਂਦੇ ਹਾਂ, ਤੁਸੀਂ ਬੈਠੋ।”
ਮੈਂ ਬਾਹਰ ਬਹਿ ਗਿਆ, ਨਰਸ ਨੇ ਮੇਰੀਆਂ ਦੋਵੇਂ ਅੱਖਾਂ ਵਿਚ ਦਵਾਈ ਪਾਈ ਤੇ ਕੁਝ ਦੇਰ ਤਕ ਅੱਖਾਂ ਬੰਦ ਕਰ ਕੇ ਬੈਠੇ ਰਹਿਣ ਨੂੰ ਕਹਿ ਕੇ ਚਲੀ ਗਈ।
ਕੁਝ ਦੇਰ ਬਾਅਦ ਮੈਨੂੰ ਡਾਕਟਰ ਸਾਹਿਬ ਨੇ ਬੁਲਾਇਆ, ਦੋਵੇਂ ਅੱਖਾਂ ਵਾਰੀ ਵਾਰੀ ਚੈੱਕ ਕੀਤੀਆਂ ਤੇ ਕਹਿੰਦੇ,”ਹਾਂ ਜੀ, ਪੱਕਾ ਹੀ ਹੈ। ਚਿੱਟਾ ਮੋਤੀਆ ਉੱਤਰ ਆਇਆ। ਸੱਜੀ ਅੱਖ ਵਿਚ ਜ਼ਿਆਦਾ ਹੈ। ਕਾਊਂਟਰ ਤੋਂ ਅਪਰੇਸ਼ਨ ਦੀ ਤਰੀਕ ਲੈ ਲਵੋ।” ਕਹਿ ਕੇ ਮੇਰੀ ਪਰਚੀ ਮੈਨੂੰ ਫੜਾ ਦਿੱਤੀ। ਮੈਂ ਰਿਸੈਪਸ਼ਨ ਕਾਊਂਟਰ ‘ਤੇ ਗਿਆ। ਉਹਨਾਂ ਮੈਨੂੰ ਮੇਰੀ ਮਰਜ਼ੀ ਦੀ ਤਰੀਕ ਪੁੱਛੀ। “ਜੀ, ਮੈਂ ਸੋਚਾਂਗਾ” ਕਹਿ ਕੇ ਵਾਪਿਸ ਆ ਗਿਆ।
ਮਹੀਨੇ ਕੁ ਬਾਅਦ ਮੈਂ ਪੀ ਜੀ ਆਈ ਅੱਖਾਂ ਚੈੱਕ ਕਰਵਾਉਣ ਚਲਾ ਗਿਆ। ਅੱਖਾਂ ਦੀ ਨਜ਼ਰ ਵਗੈਰਾ ਟੈਸਟ ਹੋਏ ਤੇ ਡਾਕਟਰ ਸਾਹਿਬ ਕੋਲ ਰਿਪੋਰਟਾਂ ਲੈ ਕੇ ਪਹੁੰਚ ਗਿਆ। ਮੈਂ ਡਾਕਟਰ ਸਾਹਿਬ ਤੋਂ ਪੁਛਿਆ ਕਿ ਕੇਟਰੈਕਟ ਹੈ? ਉਹ ਕਹਿੰਦੇ “ਨਹੀਂ, ਕੇਟਰੈਕਟ ਨਹੀਂ ਹੈ। ਮੈਂ ਉਹਨਾਂ ਦਾ ਧੰਨਵਾਦ ਕਰ ਕੇ ਵਾਪਿਸ ਆ ਗਿਆ।
ਨੇੜੇ ਦੀ ਐਨਕ ਦਾ ਨੰਬਰ ਓਨਾ ਹੀ ਹੈ, ਜਿੱਨਾਂ ਦਸ ਸਾਲ ਪਹਿਲਾਂ ਸੀ।
——–ਅਜਮੇਰ ਸਿੰਘ