ਚੰਡੀਗੜ ਬਦਲੀ ਹੋ ਗਈ..ਨਵੇਂ ਬਣੇ ਕਵਾਟਰ..ਸਰਕਾਰੀ ਠੇਕੇਦਾਰ ਬੁਲਾਇਆ..ਨਿੱਕੇ ਨਿੱਕੇ ਕੰਮ ਕਰਵਾਉਣੇ ਸਨ..ਇਕ ਦਿਨ ਫੋਨ ਆਇਆ ਅਖ਼ੇ ਬਾਰੀਆਂ ਲੰਮੀਆਂ ਪਰ ਪਿੱਛੋਂ ਲਿਆਂਦੇ ਪਰਦੇ ਛੋਟੇ ਨੇ..ਫਿੱਟ ਨਹੀਂ ਆ ਰਹੇ..ਮੈਨੂੰ ਟੈਨਸ਼ਨ ਹੋ ਗਈ..ਅਜੇ ਦੋ ਮਹੀਨੇ ਪਹਿਲੋਂ ਹੀ ਤਾਂ ਅੰਮ੍ਰਿਤਸਰੋਂ ਨਵੇਂ ਬਣਵਾਏ ਸਨ..ਉਹ ਵੀ ਏਨੀ ਮਹਿੰਗੀ ਕੀਮਤ ਤੇ!
ਓਸੇ ਵੇਲੇ ਨਾਲਦੀ ਨਾਲ ਗੱਲ ਕੀਤੀ..ਆਖਣ ਲੱਗੀ ਘਰੇ ਆ ਜਾਓ ਲੱਭ ਲੈਂਦੇ ਹਾਂ ਕੋਈ ਹੱਲ..!
ਘਰੇ ਅੱਪੜਦਿਆਂ ਹੀ ਪਰਦਿਆਂ ਦੀ ਗੱਲ ਛੇੜ ਲਈ..ਆਖਣ ਲੱਗੀ ਪਹਿਲੋਂ ਚਾਹ ਪੀ ਲਵੋ..ਪਕੌੜੇ ਕੱਢੇ ਨੇ!
ਫੇਰ ਘੜੀ ਕੂ ਮਗਰੋਂ ਆਖਣ ਲੱਗੀ ਤਾਂ ਕੀ ਹੋਇਆ ਜੇ ਛੋਟੇ ਪੈ ਗਏ ਨੇ ਤਾਂ..ਆਪੇ ਜੋੜ ਪੈ ਜਾਵੇਗਾ..ਅੱਜ ਕੱਲ ਤਾਂ ਸਭ ਕੁਝ ਹੋ ਜਾਂਦਾ..ਵੇਖਿਓਂ ਐਸਾ ਪਵੇਗਾ ਤੁਹਾਥੋਂ ਐਨਕ ਲਾ ਕੇ ਵੀ ਨਹੀਂ ਲੱਭ ਹੋਣਾ!
ਹਫਤੇ ਮਗਰੋਂ ਜੋੜ ਵਾਲੇ ਓਹੀ ਪਰਦੇ ਕਮਰਿਆਂ ਦੀ ਸ਼ਾਨ ਬਣ ਘਰ ਨੂੰ ਚਾਰ ਚੰਨ ਲਾ ਰਹੇ ਸਨ..ਅੱਜ ਸ਼ਾਮ ਦੀ ਚਾਹ ਨਾਲ ਬਿਸਕੁਟ ਸਨ..ਮੈਨੂੰ ਡੋਬ ਕੇ ਖਾਣ ਦੀ ਆਦਤ..ਪਰਦਿਆਂ ਵੱਲ ਵੇਖਦਿਆਂ ਖਿਆਲ ਭੁੱਲ ਗਿਆ..ਅੱਧਾ ਅੰਦਰ ਜਾ ਡਿੱਗਾ..ਸਰਦਾਰਨੀ ਨੇ ਚਮਚੇ ਨਾਲ ਕੱਢ ਦਿੱਤਾ..ਆਖਣ ਲੱਗੀ ਐਵੇਂ ਨਾ ਨਿਕੀ ਨਿੱਕੀ ਗੱਲ ਤੇ ਘਬਰਾ ਜਾਇਆ ਕਰੋ..ਜਿੰਦਗੀ ਹੋਰ ਹੈ ਹੀ ਕੀ..ਜੇ ਕੋਈ ਵੱਧ ਗਿਆ ਤਾਂ ਘਟਾ ਲਵੋ ਤੇ ਜੇ ਕੁਝ ਛੋਟਾ ਪੈ ਗਿਆ ਤਾਂ ਜੋੜ ਪਾ ਲਵੋ..ਲੋੜ ਮੁਤਾਬਿਕ ਘਟਾ ਵਧਾ ਲੈਣਾ ਹੀ ਤਾਂ ਜਿੰਦਗੀ ਏ..ਪਰ ਅਗੇ ਤੋਂ ਬਿਸਕੁਟ ਚਾਹ ਵਿਚ ਜਾ ਡਿੱਗਾ ਤਾਂ ਖੁਦ ਕੱਢਣਾ ਪਊ..ਨਾਲ ਹੀ ਉੱਚੀ ਅਵਾਜ ਵਾਲੀ ਹਾਸੇ ਦੀ ਇੱਕ ਦਿਲਕਸ਼ ਕਿਲਕਾਰੀ ਨਾਲ ਸਾਰੇ ਦਿਨ ਦੀ ਟੈਨਸ਼ਨ ਅਹੁ ਗਈ ਅਹੁ ਗਈ ਹੋ ਗਈ..!
ਮੈਂ ਪਰਦਿਆਂ ਦੇ ਜੋੜ ਲੱਭਣ ਦੀ ਅਸਫਲ ਕੋਸ਼ਿਸ਼ ਵਿਚ ਬੈਠਾ ਕਿਨੀਂ ਦੇਰ ਤੀਕਰ ਏਹੀ ਸੋਚਦਾ ਰਿਹਾ ਕੇ ਵਾਕਿਆ ਹੀ ਲੋੜ ਮੁਤਾਬਿਕ ਘਾਟਾ ਵਾਧਾ ਕਰ ਲੈਣ ਵਿਚ ਹੀ ਜਿੰਦਗੀ ਦੇ ਕਿੰਨੇ ਸਾਰੇ ਮਿੱਠੇ ਰਾਜ ਲੁਕੇ ਪਏ ਨੇ!
ਹਰਪ੍ਰੀਤ ਸਿੰਘ ਜਵੰਦਾ