ਸੁਰਜੀਤ ਕੌਰ ਦੀ ਵੱਡੀ ਕੋਠੀ ਵਿੱਚ ਉਹ ਆਪਣੇ ਪਤੀ ਤੇ ਬੇਟੇ ਨਾਲ ਰਹਿੰਦੀ ਹੈ। ਇਕ ਦਿਨ ਉਹਨਾਂ ਦੇ ਘਰ ਅੱਗੇ ਕੋਈ ਗਰੀਬ ਆਉਂਦਾ ਹੈ ਤੇ ਰੋਟੀ ਦੀ ਮੰਗ ਕਰਦਾ ਹੈ। ਸੁਰਜੀਤ ਦਾ ਬੇਟਾ ਦੀਪ ਉਸਨੂੰ ਕਹਿੰਦਾ ਹੈ ਕਿ ਇਥੋਂ ਜਾ,ਤੁਹਾਡਾ ਰੋਜ ਦਾ ਕੰਮ ਹੈ ਭੀਖ ਮੰਗਣਾ। ਤੇਰੀ ਸਿਹਤ ਕਿੰਨੀ ਵਧੀਆ ਹੈ ਜਾ ਕੇ ਕੋਈ ਕੰਮ ਕਰ ਤੇ ਪੈਸਾ ਕਮਾ। ਏਨੇ ਨੂੰ ਸੁਰਜੀਤ ਕੌਰ ਦੀ ਆਵਾਜ਼ ਆਉਂਦੀ ਹੈ ਕਿ ਨਾਂ ਪੁੱਤ ਰੁਕ ਜਾ ਇਹਨੂੰ ਭੁੱਖਾ ਨਾ ਤੋਰ। ਦੀਪ ਕਹਿੰਦਾ ‘ਮਾਂ ਤੁਸੀਂ ਇਹਨਾਂ ਨੂੰ ਸਿਰ ਚੜ੍ਹਾਉਂਦੇ ਹੋ,ਕੰਮ ਕਰਨ ਤੇ ਖਾਣ।’ ਸੁਰਜੀਤ ਉਸ ਗਰੀਬ ਨੂੰ ਰੋਟੀ ਦਿੰਦੀ ਹੈ ਤੇ ਕਹਿੰਦੀ ਹੈ ਕਿ ਕੋਈ ਨੀ ਕਿਸੇ ਨੂੰ ਭੁੱਖਾ ਨੀ ਭੇਜੀਦਾ ਨਾਲੇ ਇਹ ਤਾਂ ਪੁਸ਼ਤੈਨੀ ਗਰੀਬ ਹੈ।
ਦੀਪ ਹੁਣ ਸੋਚ ਸੋਚ ਕਿ ਪ੍ਰੇਸ਼ਾਨ ਹੈ ਕਿ ਆਹ ਪੁਸ਼ਤੈਨੀ ਗਰੀਬ ਕੀ ਹੈ।ਉਹ ਮਾਂ ਕੋਲ ਜਾਂਦਾ ਹੈ ਤੇ ਪੁੱਛਦਾ ਹੈ। ਮਾਂ ਤੁਸੀਂ ਉਸਨੂੰ ਪੁਸ਼ਤੈਨੀ ਗਰੀਬ ਕਿਉਂ ਕਿਹਾ। ਮਾਂ ਸਮਝਾਉਂਦੀ ਹੈ। ਪੁੱਤਰ ਉਹਦੇ ਪਿਓ ਦਾਦੇ ਓਹਦੇ ਲਈ ਕੁਝ ਨੀ ਛੱਡ ਕੇ ਗਏ। ਨਾਂ ਉਹਦੇ ਕੋਲ ਘਰ ਹੈ ਨਾਂ ਜ਼ਮੀਨ ਜਾਇਦਾਦ। ਸੋ ਉਹ ਪੁਸ਼ਤੈਨੀ ਗਰੀਬ ਹੈ। ਇਹ ਸੁਣ ਕੇ ਦੀਪ ਨੂੰ ਬਹੁਤ ਵੱਡਾ ਝਟਕਾ ਲੱਗਦਾ ਹੈ। ਦੀਪ ਨੂੰ ਆਪਣੇ ਤੇ ਉਸ ਗਰੀਬ ਵਿੱਚ ਕੋਈ ਫ਼ਰਕ ਨਜ਼ਰ ਨਹੀਂ ਆਉਂਦਾ। ਉਹ ਆਪਣੇ ਪਿਉ ਦੇ ਘਰ ਰਹਿੰਦਾ ਹੈ ਤੇ ਦਾਦੇ ਦੀ ਜ਼ਮੀਨ ਵਾਹੁੰਦਾ ਹੈ। ਅਸਲ ਵਿੱਚ ਉਹ ਆਪ ਬਹੁਤ ਗਰੀਬ ਹੈ। ਇਹ ਸਭ ਤਾਂ ਉਹਦੀਆਂ ਪੁਸ਼ਤਾਂ ਦਾ ਹੈ।
ਉਸਨੂੰ ਬਹੁਤ ਵੱਡੀ ਸੀਖ ਮਿਲਦੀ ਹੈ ਕਿ ਕਿਸੇ ਨੂੰ ਦੋ ਰੋਟੀਆਂ ਦੇਣ ਲਈ ਉਸਨੂੰ ਅਸੀਂ ਕਿੰਨਾ ਵੱਡਾ ਭਾਸ਼ਣ ਦਿੰਦੇ ਹਾਂ ਪਰ ਇਹ ਰੋਟੀ ਜੇ ਸਾਨੂੰ ਆਪਣੀ ਮਿਹਨਤ ਨਾਲ ਕਮਾਉਣੀ ਪਵੇ ਫੇਰ?
ਪਿਓ ਦਾਦੇ ਦੇ ਪੈਸੇ ਦਾ ਘਮੰਡ ਠੀਕ ਨਹੀਂ। ਕਾਸ਼ ਅਸੀਂ ਸਾਰੇ ਪੁਸ਼ਤੈਨੀ ਗਰੀਬ ਹੁੰਦੇ ਤਾਂ ਸਭ ਬਰਾਬਰ ਹੀ ਹੁੰਦੇ।
ਮਨਪ੍ਰੀਤ ਸ਼ਰਮਾ