ਗਰਮੀਆਂ ਦੀਆਂ ਛੁੱਟੀਆਂ ਚ’ ਵਾਂਢੇ ਜਾਣ ਦਾ ਬੱਚਿਆਂ ਨੂੰ ਅਨੋਖਾ ਹੀ ਚਾਅ ਹੁੰਦਾ ਸੀ ।ਮੈਂ ਦਸ ਕੁ ਸਾਲ ਦਾ ਹੋਵਾਂਗਾ ਕਿ ਛੁੱਟੀਆਂ ਚ’ ਮੈਨੂੰ ਹਫਤੇ ਕੁ ਲਈ ਦੂਰ ਦੀ ਭੂਆ ਦੇ ਪਿਤਾ ਜੀ ਛੱਡ ਆਏ ।ਉੱਨਾਂ ਦੇ ਬੱਚੇ ਵੀ ਮੇਰੇ ਹਾਣੀ ਸਨ ਉਨਾ ਨੇ ਬਹੁਤ ਚਾਅ ਕੀਤਾ ।
ਤਿੰਨ ਕੁ ਦਿਨ ਲ਼ੰਘੇ ਹੋਣਗੇ ਕਿ ਇੱਕ ਸ਼ਾਮ ਨੂੰ ਉਸ ਦੂਰ ਦੀ ਭੂਆ ਨੇ ਆਪਣੇ ਬੱਚਿਆਂ ਨਾਲ਼ੋਂ ਮੇਰੇ ਨਾਲ ਫਰਕ ਕੀਤਾ ਜੋ ਮੇਰੇ ਲਈ ਨਵੀਂ ਗੱਲ ਸੀ ।ਮੈਂ ਚੁੱਪ ਕਰ ਗਿਆ ਫਿਰ ਰੋਣ ਲੱਗ ਪਿਆ ।ਆਪਣੇ ਮਾਂ ਬਾਪ ਯਾਦ ਆਉਣ ਲੱਗ ਪਏ ।ਉਹ ਰਾਤ ਬਹੁਤ ਬੇਚੈਨੀ ਭਰੀ ਰਹੀ ਮੈਨੂੰ ਆਪਣਾ ਆਪ ਫਸਿਆ ਹੋਇਆ ਮਹਿਸੂਸ ਹੋਇਆ ।ਇਸ ਵਰਤਾਓ ਨਾਲ ਸਾਰਾ ਟੱਬਰ ਸਮਝ ਗਿਆ ਕਿ ਬੱਚਾ ਓਦਰ ਗਿਆ । ਦੂਸਰੇ ਦਿਨ ਓਸ ਦੂਰ ਦੇ ਫੁੱਫੜ ਨੇ ਮੈਨੂੰ ਪਿੰਡ ਛੱਡਿਆ ।ਘਰ ਆ ਕੇ ਮਾਤਾ ਨੂੰ ਜੱਫੀ ਪਾ ਕੇ ਮੈਂ ਦੇਰ ਤੱਕ ਰੋਂਦਾ ਰਿਹਾ ।
ਇਸ ਘਟਨਾ ਦੀ ਪੀੜ ਨੇ ਮੇਰੇ ਅੰਦਰ ਕਿਸੇ ਵੀ ਬੱਚੇ ਨਾਲ ਜਾਂ ਇਨਸਾਨ ਨਾਲ ਫਰਕ ਨਾਲ ਵਰਤਾਉ ਕਰਨ ਦੀ ਬਿਰਤੀ ਨੇ ਜਨਮ ਹੀ ਨਹੀਂ ਲੈਣ ਦਿੱਤਾ ।
ਹਰਿੰਦਰਪਾਲ ਸਿੰਘ