ਅੰਬਰੋਂ ਟੁੱਟਿਆ ਤਾਰਾ | ambro tutteya tara

ਸੁਦਰਸਨ ਜੋ ਕਨੇਡਾ ਦੀਆਂ ਗਲੀਆਂ ਵਿੱਚ ਗੁੰਮ ਗਿਆ
ਅਕਸਰ ਉਹ youtube ਤੇ live ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਲ਼ਾ ਲੈਂਦਾ
ਕਨੇਡਾ ਦੀਆਂ ਸੜਕਾਂ ਤੋਂ ਦੌੜਦਾ ਪਤਾ ਹੀ ਨਾ ਲੱਗਦਾ ਕਦੋਂ ਉਹ ਪੰਜਾਬ , ਆਪਣੇ ਪਿੰਡ ਦੀਆਂ ਜੂਹਾਂ ਵਿੱਚ ਜਾ ਵੜਦਾ।
ਜ਼ਿੰਦਗੀ ਦੇ 35,40 ਵਰ੍ਹੇ ਹੋ ਗਏ ਸੀ ਆਪਣੀ ਜੰਮਣ ਭੋਏਂ ਤੋਂ ਦੂਰ ਹੋਇਆਂ।
ਅਕਸਰ ਹੀ ਦਰਬਾਰ ਸਾਹਿਬ ਵੱਲ ਵੇਖ ਕਿ ਉਸਦੀਆਂ ਅੱਖਾਂ ਨਮ ਹੋ ਜਾਂਦੀਆਂ , ਤੇ ਅੱਥਰੂ ਵੱਗਦੇ ਹੋਏ ਉਸਦੀ ਕਤਰਾਵੀਂ ਦਾਹੜੀ ਵਿੱਚ ਆ ਵੜਦੇ ।
। ਬੇਟੀ ਦਾ ਵਿਆਹ ਹੋਏ ਨੂੰ 2 ਕੂ ਸਾਲ ਹੋਏ ਸਨ ਅਤੇ ਘਰ ਵਿੱਚ ਇੱਕ ਦੋਹਤਾ ਹੌਲੀ -ਹੌਲੀ ਨਾਨਾ -ਨਾਨਾ ਕਹਿਣ ਲੱਗ ਪਿਆ ਸੀ।
ਪ੍ਰਾਹੁਣਾ ਬਹੁਤ ਸਲੱਗ ਅਤੇ ਮਿਹਨਤੀ ਸੀ।
ਅੱਜ ਦਰਬਾਰ ਸਾਹਿਬ ਤੋਂ ਚਲਦੀ ਗੁਰਬਾਣੀ ਅਤੇ ਸਹੁਰਾ ਸਾਹਿਬ ਦੇ ਅੱਥਰੂ ਵੇਖ ਕਿ ਪ੍ਰਾਹੁਣੇ ਮੁੰਡੇ ਕੋਲੋਂ ਰਿਹਾ ਨਾ ਗਿਆ। ਉਦਾਸ ਜਿਹੇ ਬੈਠੇ ਸੁਦਰਸ਼ਨ ਤੋਂ ਪੁੱਛਿਆ ਡੈਡੀ ਜੀ ਤੁਸੀਂ ਰੋਂ ਕਿਉਂ ਰਹੇ ਹੋ ਮੈਂ ਪਹਿਲਾਂ ਵੀ ਤੁਹਾਨੂੰ ਇੰਝ ਕਰਦੇ ਦੇਖਿਆ ਸੀ ਪਰ ਕਹਿ ਨਹੀਂ ਸਕਿਆ।
ਅਨਮੰਨੇ ਜਿਹੇ ਮਨ ਨਾਲ ਮੂੰਹ ਘੁੰਮਾ ਕਿ ਬੋਲਿਆ ਸੁਣ ਪੁੱਤਰ ਕੌਣ ਏ ਜੋ ਆਪਣੀ ਧਰਤੀ ਵੱਲ ਆਪਣੀਆਂ ਜੜ੍ਹਾਂ ਵੱਲ ਮੁੜਨਾਂ ਨਹੀਂ ਚਾਹੁੰਦਾ।
ਤੇ ਫਿਰ ਬਾਪੂ ਤੁਸੀਂ 40 ਵਰ੍ਹੇ ਤੱਕ ਨਿਰਮੋਹੀ ਕਿਉਂ ਬਣੇ ਰਹੇ ,,ਕੋਈ ਤਾਂ ਕਾਰਨ ਹੋਵੇਗਾ ਤੁਹਾਡੇ ਪਿੰਡ ਨਾ ਪਰਤਣ ਦਾ। ।
ਹੌਕਾ ਲੈਂਦੇ ਸੁਦਰਸ਼ਨ ਨੇ ਆਖਿਆ ਇਹ ਲੰਬੀ ਕਹਾਣੀ ਏ ਪੁੱਤਰਾ ¡ ਐਵੇਂ ਅੱਲੇ ਜਖਮਾਂ ਨੂੰ ਛੇੜ ਦਿੱਤਾ ਈ।
ਬਾਪੂ ਸੁਦਰਸ਼ਨ ਦਾ ਮਨ ਸਲਕਿਆ ਅਤੇ ਦਿਲ ਕੀਤਾ ਜ਼ਿੰਦਗੀ ਦੀ ਸਾਰੀ ਬਾਤ ਅੱਜ ਹੀ ਪੂਰੀ ਕਰ ਦੇਵੇ ,ਉਹ ਬੋਲਦਾ ਰਹੇ ਅਤੇ ਬਾਕੀ ਸਭ ਸੁਣਦੇ ਰਹਿਣ।
ਪੁੱਤ ਪਿੰਡ ਸਾਡੇ ਘਰ ਵਿੱਚ ਮੇਰੇ 3 ਹੋਰ ਭਾਈ ਸੀ। ਜ਼ਮੀਨਾਂ ਰੇਤਲੀਆਂ,, ਘਰ ਦੇ ਹਾਲਾਤ ਬਹੁਤ ਚੰਗੇ ਨਹੀਂ ਸੀ। ਪਰ ,ਮੈਨੂੰ ਪੜ੍ਹਨ ਦਾ ਬਹੁਤ ਸੌਂਕ ਸੀ ।
ਮੈਂ ਵੀ ਪੜ੍ਹ ਲਿਖ਼ ਕਿ ਘਰਦਾ ਯੁੱਗ ਬਦਲ ਦੇਣਾ ਚਾਹੁੰਦਾ ਸੀ । ਸਾਡੇ ਭਰਾਵਾਂ ਵਿੱਚ ਖਾਹਸਾ ਪਿਆਰ ਸੀ। ਇੱਕ ਨਾਲ ਤਾਂ ਮੇਰੀ ਬਹੁਤੀ ਆੜੀ ਸੀ।ਜਦੋਂ ਵੀ ਕੋਠੇ ਮੰਜੀ ਡਾਹੁਣੀ ਉਸਨੇ ਅਤੇ ਮੈਂ ਘੁੱਲਦੇ ਨੇ ਖੇਸ ਪਾੜ ਦੇਣੇਂ , ਬੇਬੇ- ਬਾਪੂ ਨੇ ਝਿੜਕਾਂ ਦੇਣੀਆਂ ਪਰ ਅਸੀਂ ਕਿੱਥੇ ਟਲਦੇ ।
ਸਾਡੇ ਚੌਹਾਂ ਵੱਲ ਵੇਖ ਮੇਰੀ ਮਾਂ ਨੇ ਸੁੱਖਾਂ ਸੁਖਣੀਆਂ । ਪੁੱਤ ਦੇ ਜੁਵਾਨ ਹੋਕੇ ਕਮਾਊ ਹੋਣ ਦੀ ਉਡੀਕ ਕਿਸਨੂੰ ਨਹੀਂ ਹੁੰਦੀ।ਬਸ 23ਵੇਂ ਚ ‘ਪੈਰ ਪਾਉਂਦੇ ਹੀ ਮੈਂ ਪੈਸੇ ਫੜ ਫੜਾ ਕਿ ਗਲਫ਼ ਵੱਲ ਨਿਕਲ ਤੁਰਿਆ । ਟਾਵਾਂ-ਟਾਵਾਂ ਮੁੰਡਾ ਉਦੋਂ ਪੱਛਮ ਵੱਲ ਨਿਕਲਦਾ ਸੀ।ਅਤੇ ਥੌੜ੍ਹੇ ਸਾਧਨਾਂ ਵਾਲੇ ਦੁਬਈ ਵੱਲ ਨੂੰ ਹੋ ਤੁਰਦੇ।
ਲੀਬੀਆ ਪਹੁੰਚ ਕਿ ਮੈਂ ਬਹੁਤ ਮਿਹਨਤ ਕੀਤੀ ਤੰਗੀਆਂ ਵੀ ਝਾਕੀਆਂ।ਪਰ ਟੱਬਰ ਅਤੇ ਭਰਾਵਾਂ ਨੂੰ ਹਰ ਖੁਸ਼ੀ ਦੇਣ ਦਾ ਹੀਲਾ ਕੀਤਾ। ਪੈਸਿਆਂ ਦਾ ਮੋਹ ਸੀ ਜਾਂ ਭਰਾਵਾਂ ਵਿਚਲਾ ਪਿਆਰ ਭਰਾ ਚਿੱਠੀ ਉਡੀਕਦੇ ਰਹਿੰਦੇ । ਮੇਰਾ ਆੜੀ ਭਰਾ ਤਾਂ ਹਰ ਦੂਜੇ ਵਰ੍ਹੇ ਮੇਰੇ ਵਾਪਸੀ ਦੀ ਉਡੀਕ ਕਰਦਾ ਰਹਿੰਦਾ ,, ਵਰ੍ਹੇ ਬੀਤੇ 2 ,4 ਵਾਰ ਪਿੰਡ ਵਾਪਸ ਗਿਆ ਮੇਰੇ ਕਰਕੇ ਬਾਪੂ ਅਤੇ ਭਰਾ ਵੀ ਪਿੰਡ ਵਿੱਚ ਸਿਰ ਚੁੱਕ ਕਿ ਤੁਰਨ ਲੱਗੇ ਸਨ । ਬਾਪੂ ਦੇ ਮੈਲੇ ਕੱਪੜਿਆਂ ਵਿਚੋਂ ਮੈਲ ਨਿਕਲਣ ਲੱਗੀ ਸੀ ।
ਵੱਧ ਕਮਾਉਣ ਦੀ ਲਾਲਸਾ ਬੰਦੇ ਨੂੰ ਪਿੱਛੇ ਨਹੀਂ ਮੁੜਨ ਦੇਂਦੀ। ਬਸ ਮੈਂ ਵੀ ਸਵਰਗ ਵਰਗੀ ਧਰਤੀ ਤੇ ਜਾਣ ਦੇ ਸੁਪਨੇ ਸਜਾਉਣ ਲੱਗਾ। ਬਸ ਫਿਰ ਜੁਗਾੜ ਲਾਇਆ ਅਤੇ ਮੈਂ ਐਥੇ ਕਨੇਡਾ ਆ ਗਿਆ ,
ਖੂਬ ਕਮਾਈ ਕੀਤੀ , 16 ,16 ਘੰਟੇ ਕੰਮ ਕੀਤਾ।
ਆਏ ਵਰ੍ਹੇ ਬਾਪੂ ਨੇ ਕਦੇ ਗਹਿਣੇ ਕਦੇ ਬੈਅ ਲੈ ਲੈਣੀ। ਮਾਂ ਸੋਚਦੀ ਮੁੰਡਾ ਪਿੰਡ ਆਵੇ ਧੂਮ -ਧਾਮ ਨਾਲ ਵਿਆਹ ਕਰੀਏ ਆਖਰ ਕਨੇਡਾ ਵਾਲੇ ਆਂ। ਨਿੱਕਾ ਭਰਾ ਜੋ ਮੇਰੀ ਆੜੀ ਸੀ, ਕੁੜੀਆਂ ਦੀਆਂ ਫੋਟੋ ਭੇਜਦਾ ਬਾਈ -ਬਾਈ ਆਹ ਕੁੜੀ ਵਾਲੇ ਆਏ ਸੀ ਤੇਰੇ ਲਈ ਰਿਸ਼ਤਾ ਲੈਕੇ। ਅਤੇ ਮੈਂ ਪੈਸੇ ਦੇ ਅਜਿਹਾ ਲਾਲਚ ਲੱਗਾ ਕਿ ਉਸਨੂੰ ਟਾਲ ਛੱਡਦਾ ।
ਕੁਦਰਤ ਨੂੰ ਜੋ ਮਨਜ਼ੂਰ ਸੀ। ਮੇਰਾ ਆਹ ਤੇਰੀ ਸੱਸ ਮਾਂ ਦੇ ਪਰਿਵਾਰ ਨਾਲ ਅਜਿਹਾ ਵਾਹ ਪਿਆ ਕਿ ਇੱਥੇ ਹੀ ਅਨੰਦ ਪੜ੍ਹ ਲਏ।
ਵਿਆਹ ਦੇ ਬਾਅਦ ਵੀ ਮੈਂ ਭਰਾਵਾਂ ਦੇ ਸੁੱਖ ਅਤੇ ਸਰੀਕੇ ਵਿੱਚ ਟੌਰ ਬਣਾਉਣ ਲਈ 12 ,14 ਵਰ੍ਹੇ ਪਿੰਡ ਵੱਲ ਮੂੰਹ ਹੀ ਨਾ ਕੀਤਾ । ਪਰ ਕਮਾਈ ਕਰਕੇ ਜਿੰਨ੍ਹੀ ਹੋ ਸਕਦੀ ਪਿੰਡ ਵੱਲ ਤੋਰ ਦੇਂਦਾਂ।ਤੇਰੀ ਮਾਂ ਸਿਆਣੀ ਸੀ ਇਸਨੇ ਇੱਥੇ ਨਾਲ ਬਰਾਬਰ ਦੀ ਮਿਹਨਤ ਕੀਤੀ ਇੱਕ ਧੀਅ ਅਤੇ ਪੁੱਤ ਵੀ ਚੰਗੇ ਸੰਸਕਾਰਾਂ ਨਾਲ ਸੰਭਾਲਿਆ।
★★★★★■
ਬਾਪੂ ਸੁਦਰਸ਼ਨ ਦੀਆਂ ਅੱਖਾਂ ਪਹਿਲਾਂ ਨਾਲੋਂ ਹੋਰ ਨਮ ਹੋਈਆਂ ਸਨ।
ਲੰਬਾ ਹੌਕਾ ਲੈਕੇ ਬਾਪੂ ਨੇ ਆਪਣੀ ਗੱਲ ਜਾਰੀ ਰੱਖੀ ।
ਪਿੱਛੇ ਟੱਬਰ ਵੱਡਾ ਹੁੰਦਾ ਗਿਆ ਅਤੇ ਟੱਬਰ ਦੀਆਂ ਲਾਲਸਾਵਾਂ ਵੀ ਵੱਧ ਦੀਆਂ ਗਈਆਂ।
ਮੈਂ ਬਾਪੂ ਨੂੰ ਆਖਿਆ ਬਾਪੂ ਪਾਸਪੋਰਟ ਬਣਾ ਤੈਨੂੰ ਸਵਰਗ ਵਰਗੀ ਕਨੇਡਾ ਵਿਖਾਵਾਂ । ਹਰੇਕ ਔਲਾਦ ਦੀ ਇੱਛਾ ਹੁੰਦੀ ਏ ਆਪਣੇ ਬਜਰੁਗਾਂ ਨੂੰ ਕੋਹੇਨੂਰ ਹੀਰਿਆਂ ਜੜਿਆ ਤਾਜ ਪਹਿਣਾ ਦੇਵੇ।
ਜਿਸ ਦਿਨ ਬਾਪੂ ਜਹਾਜ਼ੋਂ ਉੱਤਰਨਾ ਸੀ ਮੈਂ ਦੇਰ ਰਾਤ ਜੋਬ ਤੋਂ ਆਇਆ ਬਾਪੂ ਨੂੰ ਮਿਲਣ ਦਾ ਚਾਅ ਸਾਰੀ ਰਾਤ ਨਾ ਸੁੱਤਾ ਸਵੇਰੇ ਜਲਦੀ ਤਿਆਰ ਹੋ ਕਿ ਬਾਪੂ ਨੂੰ ਲੈਣ ਏਅਰ ਪੋਰਟ ਪੁੱਜਾ ,ਦਿਲ ਕਰੇ ਬਾਪੂ ਦੇ ਪੈਰ ਚੁੰਮ ਲਵਾਂ ,ਬਹੁਤੀ ਵਾਰ ਅਸੀਂ ਜਨਤਕ ਥਾਵਾਂ ਤੇ ਆਪਣੇ ਮਨ ਦੀ ਨਹੀਂ ਪੁਗਾ ਸਕਦੇ।ਫਿਰ ਵੀ ਮੈਂ ਬਾਪੂ ਦੇ ਗਲ ਲੱਗਿਆ,,ਐਨਾ ਸਕੂਨ ਮੈਨੂੰ ਮਲਕਾ ਵਿਕਟੋਰੀਆ ਵਾਲੇ ਤਾਜ ਪਹਿਨਣ ਤੇ ਨਾ ਮਿਲਦਾ ਜਿੰਨਾ ਬਾਪੂ ਦੀ ਬੁੱਕਲ ਵਿੱਚ ਖੜੋਤੇ ਨੂੰ ਮਿਲਿਆ। 6 ਮਹੀਨੇ ਬਾਪੂ ਮੇਰੇ ਕੋਲ ਰਿਹਾ ਬਾਪੂ ਦੀ ਨੂੰਹ,ਪੋਤਰਾ ਪੋਤਰੀ ਸਭ ਪੱਬਾਂ ਭਾਰ ਹੋਕੇ ਬਾਪੂ ਦੀ ਸੇਵਾ ਕਰਦੇ ਰਹੇ। ਮੇਰਾ ਮਨ ਕਰੇ ਵਕਤ ਠਹਿਰ ਜਾਵੇ ,ਪਰ ਸਮਾਂ ਛਰਪਟ ਦੌੜਦੇ ਘੋਡ਼ੇ ਵਾਂਗ ਵੇਖਦੇ -ਵੇਖਦੇ ਔਹ ਗਿਆ ਔਹ ਗਿਆ। ਬਾਪੂ ਮੇਰੀ ਅਤੇ ਘਰ ਵਾਲੀ ਦੀ ਮਿਹਨਤ ਨਾਲ ਸੌਖੀ ਇੱਜਤ ਦੀ ਰੋਟੀ ਨੂੰ ਨੇੜਿਓਂ ਵੇਖ ਗਿਆ ਸੀ। ਬਾਪੂ ਦੇ ਮਨ ਵਿੱਚ ਪਤਾ ਨਹੀਂ ਪਿੰਡ ਵਾਲੇ ਪੋਤੇ ਪੋਤੀਆਂ ਦਾ ਮੋਹ ਜ਼ਿਆਦਾ ਸੀ ਜਾਂ ਮੇਰੇ ਕੋਲ ਖੁੱਲ੍ਹੇ ਡਾਲਰ ਹੋਣ ਦਾ ਭਰਮ,ਬਾਪੂ ਇਸ਼ਾਰੇ ਜਿਹੇ ਨਾਲ ਗੱਲ ਕਰਦਾ ਕਿ ਪਿੰਡ ਵਾਲਿਆਂ ਦਾ ਪਾਸਾ ਥੱਲਦਾ ਰਹੀਂ ਸੁਦਰਸਨਾਂ। ।ਬਾਪੂ ਨੇ ਪਿੰਡ ਦੀ ਵਾਪਸੀ ਤਿਆਰੀ ਖਿੱਚੀ,, ਮੈਂ ਬਣਦਾ ਸਰਦਾ ਭਰਾਵਾਂ ਲਈ ਭੇਜਿਆ।ਮੇਰੇ ਹਿੱਸੇ ਦੀ ਜ਼ਮੀਨ ਅਤੇ ਮੇਰੇ ਪੈਸਿਆਂ ਨਾਲ ਭੈਅ ਲਈ ਜ਼ਮੀਨ ਦੀ ਆਮਦਨ ਵੀ ਤੇ ਭਰਾਵਾਂ ਕੋਲ ਹੀ ਸੀ। ਮੈਂ ਬਾਪੂ ਨੂੰ ਛੇ ਮਹੀਨੇ ਕੋਲ ਬੈਠੇ ਨੂੰ ਵੀ ਕੋਈ ਦਬਾ ਨਹੀਂ ਪਾਇਆ ਕਿ ਮੇਰੇ ਬੱਚੇ ਵੀ ਜੁਵਾਨ ਹੋ ਰਹੇ ਨੇ ਮੇਰੀ ਜ਼ਮੀਨ ਨੂੰ ਵੱਖ ਕਰਕੇ ਕੋਈ ਹਿੱਸਾ ਠੇਕਾ ਦੇਵੋ। ਬਸ ਐਨਾ ਕੂ ਸੀ ਕਿ ਜਿਹੜ੍ਹੇ 4 ਖੱਤੇ ਮੇਰੇ ਹਿੱਸੇ ਆਉਂਦੇ ਨੇ ਮੇਰੀ ਔਲਾਦ ਉਹਨਾਂ ਦੇ ਮੋਹ ਕਰਕੇ ਆਉਂਦੀ ਜਾਂਦੀ ਰਹੂ। ਬਾਪੂ ਦੇ ਵਾਪਸ ਪਰਤਣ ਬਾਦ ਮੇਰਾ ਚਿਤ ਸੁਪਨਿਆਂ ਵਿੱਚ ਵੀ ਪਿੰਡ ਦੀ ਜੂਹ ਨੂੰ ਨਾਪਦਾ ਰਹਿੰਦਾ , ਕਦੇ ਮੈਂ ਚੁਵਲਗੇ ਸੁਹਾਗੇ ਤੇ ਚੜਿਆ ਹੁੰਦਾ ,,ਤੇ ਕਦੇ ਹਾਣੀਆਂ ਨਾਲ ਖਰਮਸ਼ਤੀ ਕਰਦਾ।ਇੱਕ ਦੋ ਹਾਣੀ ਤਾਂ ਉਹ ਵੀ ਸੁਪਨਿਆਂ ਵਿੱਚ ਝਾਤੀਆਂ ਮਾਰਦੇ ਜੋ ਵਕਤੋਂ ਪਹਿਲਾਂ ਸਿਵਿਆਂ ਵਿੱਚ ਜਾ
ਪਏ ਸਨ।
ਘਰ ਵਾਲੀ ਨਾਲ ਸਲਾਹ ਕਰਦਾ ਭਾਗਵਾਨੇ ਮੈਂ ਤਾਂ ਕਮਾਈ ਦੇ ਲਾਲਚ ਅਤੇ ਜੁਵਾਨੀ ਦੇ ਹੁਲਾਰੇ ਵਿੱਚ ਆਪਣੀ ਸਰਜ਼ਮੀਨ ਨਾਲ ਨਿਆਂ ਨਹੀਂ ਕਰ ਸਕਿਆ , ਤੇਰੇ ਪੇਕੇ ਤਾਂ ਪਹਿਲਾਂ ਹੀ ਇੱਥੇ ਨੇ। ਚੱਲ ਇੱਕ ਵਾਰ ਪਿੰਡ ਚੱਲੀਏ, ਬੱਚਿਆਂ ਨੂੰ ਦਾਦਕਿਆਂ ਦੀ ਮਿੱਟੀ ਨਾਲ ਮਿਲਾ ਲਿਆਈਏ ।
ਨਾਲੇ ਉਹ ਮੇਰਾ ਮਿੱਤਰ ਏ ਕਾਲਜ ਵੇਲੇ ਦਾ ਸਾਥੀ ਚੌਹਾਨ ,ਮੇਰੇ ਜਿਗਰੀ ਯਾਰਾਂ ਵਿਚੋਂ ਇੱਕ ਉਹੀ ਆ। ਉਸਨੂੰ ਮਿਲ ਆਈਏ,, ਘਰਦੀ ਦੀ ਚੁੱਪ ਵੱਲ ਨੁਹਾਰਦੇ ਸੁਦਰਸ਼ਨ ਦਾਰਸ਼ਨਿਕ ਜਿਹੇ ਤਰੀਕੇ ਨਾਲ ਆਖਦਾ , ਝੱਲੀਏ ਸਾਡਾ ਹੱਜ ਸਾਡੀ ਜੰਮਣ ਭੋਏਂ ਦੇ ਦਰਸ਼ਨਾਂ ਤੋਂ ਬਗੈਰ ਪੂਰਾ ਨਹੀਂ ਓ ਹੋਣਾ। ਐਵੇਂ ਮਰਨ ਬਾਦ ਰੂਹ ਭਟਕਦੀ ਫਿਰੇਗੀ।ਬਸ ਆਹ ਕਰਕੇ ਚੱਲਦੇ ਆਂ ਅਗਲ਼ੇ ਸਾਲ,, ‘ਅਗਲੇ ਸਾਲ ਸਮਾਂ ਲੰਘਦਾ ਗਿਆ।
ਬਾਪੂ ਬਜ਼ੁਰਗ ਹੋਈ ਜਾ ਰਿਹਾ ਸੀ ਇੱਕ ਵਾਰ ਬਾਪੂ ਅਚਾਨਕ ਬਿਮਾਰ ਹੋਇਆ ਮੈਨੂੰ ਡਰ ਲੱਗਿਆ ਬਾਪੂ ਦੇ ਸ਼ਿਵੇ ਦਾ ਸੇਕ ਮੈਨੂੰ ਡਰਾਈ ਜਾਵੇ। ਪਰ ਕੁਦਰਤ ਦੀ ਮਰਜ਼ੀ ਬਾਪੂ ਘੋਡ਼ੇ ਵਰਗਾ ਹੋ ਤੁਰਿਆ।
ਭਰਾਵਾਂ ਨੇ ਹੁਣ ਕਦੇ ਫੋਨ ਦਾ ਜਵਾਬ ਨਾ ਦਿੱਤਾ , ਜਦ ਕਦੇ ਗੱਲ ਹੋਣੀ ਆਪਣੀਆਂ ਤੰਗੀਆਂ ਤੁਰਸ਼ੀਆਂ ਦਾ ਰੋਣਾ ਹੀ ਮੂਹਰੇ ਰੱਖੀ ਜਾਣਾ । ਸਾਇਦ ਉਹ ਸੋਚਦੇ ਸੀ ਬਾਈ ਠੇਕੇ -ਹਿੱਸੇ ਵਲੋਂ ਤੰਗ ਕਰੇਗਾ।
ਮੈਨੂੰ ਅਚਾਨਕ ਬਾਹਰੋਂ ਸਨੇਹੇਂ ਲੱਗੇ ਉਏ ਸੁਦਰਸਨਾਂ ਤੂੰ ਆਹ ਕੀ ਕੀਤਾ ਈ ਆਪਣੀ ਜੰਮਣ ਭੋਏਂ ਨਾਲੋਂ ਨਾਤਾ ਨਹੀਂ ਸੀ ਤੋੜਨਾ। 2 ਕੂ ਖੱਤੇ ਹੀ ਆਪਣੇ ਨਾਮ ਰੱਖ ਲੈਂਦਾ ,ਤੇਰੀ ਔਲਾਦ ਇਸੇ ਬਹਾਨੇ ਗੇੜਾ ਮਾਰਦੀ।
ਮੈਂ ਕਿਹਾ ਬਾਈ ਹੋਇਆ ਕੀ ਏ ? ਅਖੇ ਬਾਪੂ ਸਾਰੀ ਜ਼ਮੀਨ ਦੂਜੇ ਭਰਾਵਾਂ ਨਾਲ ਲਵਾ ਦਿੱਤੀ।
ਤੇਰੀ ਸਹਿਮਤੀ ਨਾਲ ਨਹੀਂ ਹੋਇਆ ? ਦੱਸਣ ਵਾਲੇ ਨੇ ਆਖਿਆ।
ਮੈਂ ਹਿੱਲ ਗਿਆ ਗੰਮ ਜ਼ਮੀਨ ਨਾਲੋਂ ਬਾਹਲਾ ਇਸ ਗੱਲ ਦਾ 30 ,35 ਵਰ੍ਹੇ ਜਿਹਨਾਂ ਭਰਾਵਾਂ ਨੂੰ ਪਾਲਦਾ ਰਿਹਾ ਉਹ ਐਨੇ ਖ਼ੁਦਗਰਜ਼ ਕਿਵੇਂ
? ਮੇਰੇ ਮਨ ਨੇ ਮੇਰੇ ਸਵਾਲਾਂ ਦਾ ਕੋਈ ਜਵਾਬ ਨਾ ਦਿੱਤਾ।
35 ਵਰ੍ਹਿਆਂ ਬਾਅਦ ਪਿੰਡ ਮੁੜਨ ਦਾ ਸੁਪਨਾ ਅੰਦਰ ਹੀ ਅੰਦਰ ਮਰਨ ਲੱਗਾ, ਕਈ ਦਿੱਨਾਂ ਤੱਕ ਪਤਨੀ ਨਾਲ ਇਹ ਗੱਲ ਨਾ ਕੀਤੀ ਕਿਵੇਂ ਆਖਾਂ ਮੇਰੀਆਂ ਬਾਹਾਂ ਭੱਜ ਗਈਆਂ ਨੇ ।
ਧਨ ਦੌਲਤ ਕਿੰਨ੍ਹੇ ਪਿਆਰੇ ਰਿਸ਼ਤਿਆਂ ਨੂੰ ਖਾ ਜਾਂਦਾ ਏ ਇਹ ਮੇਰੇ ਤੋਂ ਵੱਧ ਕੌਣ ਜਾਣਦਾ ਏ।
ਐਨਾ ਆਖ ਸੁਦਰਸ਼ਨ ਧਾਹਾਂ ਮਾਰ ਰੋ ਪਿਆ।
ਸੁਦਰਸ਼ਨ ਨੇ ਸੰਭਲਦੇ ਆਖਿਆ ਪੁੱਤਰਾ ਥੌੜ੍ਹੇ ਵਕਤ ਬਾਦ ਮੇਰਾ ਬਾਪ ਮਰ ਗਿਆ , ਦੱਸਣ ਵੇਲੇ ਦੱਸਦੇ ਨੇ ਮਰਨ ਤੋਂ ਪਹਿਲਾਂ ਬਾਪੂ ਆਪਣੇ ਸੁਦਰਸਨ ਨੂੰ ਚੇਤੇ ਕਰਦਾ ਸੀ। ਸੁਦਰਸਨ ਨਾਲ ਦਗਾ ਕਰਨ ਵਾਲੇ ਬਾਪੂ ਨੂੰ ਬਾਕੀਆਂ ਵੀ ਕਿੰਨ੍ਹੇ ਕੂ ਦਿਨ ਯਾਦ ਰੱਖਣਾਂ ਸੀ ਪਤਾ ਨਹੀਂ ਕਿਉਂ ਮੈਨੂੰ ਬਾਪ ਦੀ ਮੌਤ ਨੇ ਜ਼ਰਾ ਜਿੰਨ੍ਹਾਂ ਵੀ ਨਹੀਂ ਟੁੰਬਿਆ । ਮੇਰੇ ਮਨ ਮੰਦਰ ਨੇ ਕੋਈ ਪ੍ਰਤੀਕਰਮ ਨਹੀਂ ਦਿੱਤਾ। ਬਾਪੂ ਦੇ ਬਲਦੇ ਸ਼ਿਵੇ ਨੇ ਮੇਰਾ ਨਾਤਾ ਹਮੇਸਾਂ ਲਈ ਖ਼ਤਮ ਕਰ ਦਿੱਤਾ। ਬਾਪੂ ਦੀ ਚਿਖਾ ਦੇ ਨਾਲ ਹੀ ਮੇਰੇ ਪੰਜਾਬ ਪਰਤਣ ਦੇ ਸੁਪਨੇ ਵੀ ਮਰ ਗਏ । ਬੱਚੇ ਕਦੇ -ਕਦੇ ਆਖਦੇ ਨੇ ਬਾਪੂ ਚੱਲ ਤੇਰੇ ਗਰਾਂ ਚੱਲੀਏ । ਪੁੱਤਰਾ ਆਹ ਤੇਰੇ ਲੜ੍ਹ ਲੱਗੀ ਮੇਰੀ ਧੀਅ ਦੇ ਮਨ ਵਿੱਚ ਪੰਜਾਬ ਵਿੱਚ ਹੁੰਦੇ ਵਿਆਹ ਵੇਖਣ ਦਾ ਬੜਾ ਚਾਅ ਏ।ਭਰਾਵਾਂ ਵਲੋਂ ਕੀਤੀ ਗ਼ਦਾਰੀ ਕਰਕੇ ਮੇਰਾ ਮਨ ਕਹਿੰਦਾ ਏ ਕੀਹਦੇ ਕੋਲ ਜਾਵਾਂ ਉਹ ਮੇਰਾ ਆੜੀ ਭਰਾ ਜਿਸਨੇ ਜ਼ਮੀਨ ਅਤੇ ਭਰਾ ਦੋਵਾਂ ਵਿਚੋਂ ਜ਼ਮੀਨ ਚੁਣ ਲਈ।
ਉਹ ਚੌਹਾਨ ਏ ਮੇਰਾ ਮਿੱਤਰ ਜਿਸ ਨੂੰ ਜੱਫੀ ਪਾਉਣ ਨੂੰ ਬਾਹਾਂ ਤਰਸਦੀਆਂ ਨੇ । ਮੈਂ ਉਸਨੂੰ ਕਨੇਡਾ ਸੱਦਣ ਲਈ 2 ਵਾਰ ਸਪੋਸਰ ਕੀਤਾ ਏ ਪਰ ਕੁਦਰਤ ਨੂੰ ਨਹੀਂ ਮਨਜ਼ੂਰ।
ਕਦੇ ਦਿਲ ਕਰਦਾ ਏ ਬੱਚਿਆਂ ਨੂੰ ਨਾਲ ਲਵਾਂ ਅਤੇ ਬਿੰਨਾਂ ਦੱਸੇ ਜਾਂ ਪੁੱਜਾਂ ਪੰਜਾਬ।
ਚੌਹਾਨ ਦੇ ਬੂਹੇ ਨੂੰ ਜੋਰ ਨਾਲ ਖੜਕਾਵਾਂ
ਉਹ ਮੈਨੂੰ ਵੱਖਦੇ ਹੀ ਵੱਡੀ ਸਾਰੀ ਚੀਕ ਮਾਰੇ ਉ ਸੁਦਰਸਨਾਂ ਤੂੰ ਅਤੇ ਜੁਵਾਨੀ ਵੇਲੇ ਦੇ ਮਲਮਲ ਵਰਗੇ ਮੁਲਾਇਮ ਦਗਦੇ ਚਿਹਰੇ ਜੋ ਵਕਤ ਨੇ ਅਧਖੜ ਜਿਹੇ ਕਰ ਦਿੱਤੇ ਨੇ ਇੱਕ ਦੂਜੈ ਨੂੰ ਵੇਖਦੇ ਹੀ ਰਹਿ ਜਾਵਣ , ਅੱਗਲੀ ਹੀ ਸਵੇਰ ਬੱਚਿਆਂ ਨੂੰ ਲੈਕੇ ਪਵਿਤਰ ਧਰਤੀ ਦਰਬਾਰ ਸਾਹਿਬ ਦੇ ਦਰਸ਼ਨ ਕਰਾਵਾਂ ਨਾਲ਼ੇ ਗੁਰਾਂ ਵਰੋਸੋਏ ਪੰਜਾਬ ਨਾਲੋਂ ਟੁੱਟੇ ਰਹਿਣ ਦੀ ਭੁੱਲ ਬਖ਼ਸਾਵਾਂ।
ਐਨਾ ਆਖਦੇ ਹੀ ਸੁਦਰਸ਼ਨ ਭੁੱਬਾਂ ਮਾਰ ਰੋ ਪਿਆ।
ਆਪਣਿਆਂ ਕਰਕੇ ਆਪਣੀ ਧਰਤ ਨਾਲ ਬੇਗਾਨਗੀ ਅਤੇ ਕਦੇ ਨਾਂ ਪਰਤਣ ਦੀ ਮਨ ਹੀ ਮਨ ਖਾਧੀ ਸਹੁੰ ਅਤੇ ਦੂਜੇ ਪਾਸੇ 40 ਸਾਲਾਂ ਦਾ ਆਪਣੀ ਮਿੱਟੀ ਤੋਂ ਦੂਰ ਰਹਿਣ ਦੀ ਤੜਪ ਦੋਹਾਂ ਦੀ ਜੰਗ ਵਿੱਚ ਕੌਣ ਜਿੱਤਦਾ ਏ ਇਹ ਵਕਤ ਹੀ ਦੱਸੇਗਾ।ਪਰ ਅੰਬਰੋਂ ਟੁੱਟਿਆ ਤਾਰਾ ਅਤੇ ਸਰਜ਼ਮੀਨ ਨਾਲੋਂ ਟੁੱਟਿਆ ਪਰਦੇਸੀ ਫੇਰ ਕਿੱਥੇ ਜੁੜਦੇ ਨੇ।
ਕਿੰਨ੍ਹੇ ਹੀ ਸੁਦਰਸ਼ਨ ਨੇ ਜ਼ਿਹਨਾਂ ਦੇ ਰਿਸ਼ਤਿਆਂ ਸੁਪਨਿਆਂ ਨੂੰ ਪਰਵਾਸ ਦੀ ਅੱਗ ਨੇ ਸਾੜ ਕਿ ਸਵਾਹ ਕਰ ਦਿੱਤਾ ਏ , ਬਾਪੂ ਦੀ ਮੌਤ ਤੇ ਸੁਦਰਸਨ ਗੁੱਸੇ ਮਾਰਾ ਨਹੀਂ ਆਇਆ ਪਰ ਮਾਂ ਦੀ ਮੜ੍ਹੀ ਅੱਜ ਵੀ ਸੁਦਰਸ਼ਨ ਦੇ ਦੀਵਾਲੀ ਵਾਲੀ ਰਾਤ ਦੇ ਦੀਵੇ ਨੂੰ ਉਡੀਕਦੀ ਏ
ਮਾਸਟਰ ਬਾਠ, 7986419939
ਨੋਟ ਸੁਦਰਸ਼ਨ ਦਾ ਪਿੰਡ ਮੋਗੇ ਨੇੜ੍ਹੇ ਆ ਅਤੇ ਉਸਦੀ ਤਸਵੀਰ ਉਸਦੀ ਇਜਾਜ਼ਤ ਲੈਣ ਬਾਦ ਸਾਂਝੀ ਕੀਤੀ ਜਾ ਸਕਦੀ ਹੈ।

Leave a Reply

Your email address will not be published. Required fields are marked *