15 ਦਿਨ ਹੋ ਗਏ, ਇਸ ਨੂੰ ਇੱਥੇ ਆਂਡੇ ਦਿੱਤਿਆਂ। ਮੈਂ ਇਸ ‘ਆਲ੍ਹਣੇ’ ਨੂੰ ਇਸ ਤੋਂ ਖਾਲੀ ਕਦੇ ਨਹੀਂ ਵੇਖਿਆ… ਤੇ ਜਾਂ ਫਿਰ ਇਉਂ ਕਹਿ ਲਵੋ ਕਿ ਇਸ ਮਾਦਾ ਟੋਟਰੂ ਨੂੰ ਹਮੇਸ਼ਾ ਇਸ ਆਲ੍ਹਣੇ ਵਿੱਚ ਬੈਠਿਆਂ ਵੇਖਿਆ ਹੈ।
ਇਸ ਦਾ ਸਾਥੀ ਵੀ ਕਦੇ ਕਦੇ ਆਉਂਦਾ ਹੈ, ਸ਼ਾਇਦ ਹਾਲ ਚਾਲ ਪੁੱਛ ਦੱਸ ਜਾਂਦਾ ਹੈ।
ਕੀ ਦੱਸਦਾ ਹੋਏਗਾ!
ਪਨੀਰੀ ਵਾਲਾ ਥਾਂ ਤਿਆਰ ਕਰ ਲਿਆ ਹੈ… ਨਹਿਰ ‘ਚ ਪਾਣੀ ਆ ਗਿਆ ਹੈ… 1847 ਦਾ ਬੀਅ ਜਲੰਧਰੋਂ ਵੀ ਨਹੀਂ ਮਿਲਿਆ ਜਾਂ ਫਿਰ ਹੋਰ ਕੁੱਝ…..
ਗੱਲਾਂ ਤੇ ਇਹ ਵੀ ਕਰਦੇ ਹੋਣਗੇ… ਆਪਾਂ ਨਿਆਣਿਆਂ ਦਾ ਔਹ ਨਾਂ ਰੱਖਾਂਗੇ.. ਆਹ ਕਰਾਂਗੇ…. ਇਹਨਾਂ ਨੂੰ ਸਰਕਾਰੀ ਸਕੂਲ’ ਚ ਤਾਂ ਨਹੀਂ ਪਾਉਣਾ… ਕਿਸੇ ਵਾਹਵਾ ਨੰਬਰਾਂ ਆਲੇ ਸਕੂਲ ‘ਚ ਪਾਵਾਂਗੇ ਤੇ ਜਾਂ ਫਿਰ ਹੋਰ ਕੁਝ…
ਖੈਰ…..
ਮੈਨੂੰ ਇਸ ਦੀਆਂ ਅਵਾਜਾਂ ਦੀ ਬੜੀ ਪਛਾਣ ਹੋ ਗਈ ਹੈ।
ਸਵੇਰ ਵੇਲੇ ਦਿਨ ਚੜ੍ਹਨ ਤੋਂ ਪਹਿਲਾਂ ਇਸ ਦੀ ਅਵਾਜ ਹੋਰ ਤਰ੍ਹਾਂ ਦੀ ਹੁੰਦੀ ਹੈ…. ਇੱਕ ਦਿਨ ਇਲਾਹੀ… ਬੰਸਰੀ ਤੇ ਵਜਦੇ ਭੈਰਵੀ ਵਰਗੀ…
ਦੁਪਹਿਰ ਨੂੰ ਜਦੋਂ ਹੁਣ ਬੋਲ ਰਹੀ ਹੈ ਤਾਂ ਇਸ ਦੀ ਅਵਾਜ ਇੱਕਦਮ ਵੱਖਰੀ ਹੈ… ਇਹ ਅਵਾਜ ਸੁਣਦਿਆਂ ਹੀ ਇਸ ਦਾ ਸਾਥੀ ਇਸ ਦੇ ਕੋਲ ਆਣ ਬਹਿੰਦਾ ਹੈ…. ਡੋਰ – ਕਲੋਜਰ ਉੱਤੇ। ਉਹ ਆਲ੍ਹਣੇ ਵਿੱਚ ਬਿਲਕੁਲ ਨਹੀਂ ਬਹਿੰਦਾ। ਪਤਾ ਨਹੀਂ ਕੀ ਮਰਿਆਦਾ ਹੈ? ਮੈਨੂੰ ਇਸ ਦੀ ਸਮਝ ਨਹੀਂ ਆ ਰਹੀ…!
ਇਹ ਹੋਰ ਕੀ ਸੋਚਦੇ ਹੋਣਗੇ?
ਵੱਡੇ ਨੂੰ ਤਾਂ ਆਪਾਂ ਵੀ ਕਨੇਡੇ ਘੱਲਾਂਗੇ… ਔਖੇ ਸੌਖੇ ਹੋ ਕੇ… ਬੁੱਢੇ- ਵਾਰੇ ਆਪਾਂ ਨੂੰ ਵੀ ਸ਼ਾਇਦ ਐਡਮਿੰਟਨ, ਸਰੀ ਦਾ ਜਹਾਜ ਦਾ ਝੂਟਾ ਨਸੀਬ ਹੋ ਜੇ… ਸਾਰੀ ਉਮਰ ਧੰਦ ਪਿੱਟਦਿਆਂ ਕੱਢ ਲੀ…!
ਤੇ ਜਾਂ ਫਿਰ ਇਹ ਹੋਰ ਕੀ ਸੋਚਦੇ ਹੋਣਗੇ?
ਇਸ ਦਾ ਸਾਥੀ ਫਿਰ ਆ ਗਿਆ ਹੈ।
ਉਸ ਦੀ ਚੁੰਝ ਵਿੱਚ ਕੁਛ ਹੈ।
ਵਾਹ ਓ ਰੱਬਾ! ਤੂੰ ਮਾਂ ਵਰਗੀ ਵੀ ਇਹ ਕੀ ਸ਼ੈਅ ਬਣਾਈ ਹੈ…..!
ਜਸਵਿੰਦਰ ਸਿੰਘ ‘ਜਸ’