ਉਸਦਾ ਪਤਾ ਲੈਣ ਚਲਾ ਗਿਆ..ਫੋਨ ਅਤੇ ਝੋਲਾ ਥੱਲੇ ਕੰਟੀਨ ਤੇ ਹੀ ਛੱਡ ਗਿਆ..ਉੱਤੇ ਅੱਪੜਿਆ..ਠੰਡਾ ਠਾਰ ਕਮਰਾ..ਕਿੰਨੇ ਸਾਰੇ ਲੋਕ..ਫਲਾਂ ਤੋਹਫ਼ਿਆਂ ਕਾਰਡਾਂ ਅਤੇ ਗੁਲਦਸਤਿਆਂ ਦਾ ਢੇਰ..ਹਰੇਕ ਕੋਲ ਮਹਿੰਗੇ ਤੋਂ ਮਹਿੰਗਾ ਫੋਨ..ਕੁਝ ਦੇ ਸਿਧੇ ਵੱਜਦੇ ਤੇ ਕੁਝ ਮਜਬੂਰਨ ਕਾਂਬੇ ਤੇ ਲਾਏ ਹੋਏ..ਥੋੜਾ ਚਿਰ ਏਧਰ ਓਧਰ ਦੇ ਸਵਾਲ ਪੁੱਛਦੇ ਤੇ ਫੇਰ ਕੋਈ ਵਧੀਆ ਜਿਹਾ ਬਹਾਨਾ ਲਾ ਇਜਾਜਤ ਲੈ ਕੇ ਤੁਰਦੇ ਬਣਦੇ..ਮੈਂ ਘੰਟਿਆਂ ਬੱਧੀ ਚੁੱਪ ਚਾਪ ਨੁੱਕਰ ਵਿਚ ਹੀ ਖਲੋਤਾ ਰਿਹਾ..!
ਭੀੜ ਘਟੀ ਤਾਂ ਸੈਨਤ ਮਾਰ ਆਪਣੇ ਕੋਲ ਸੱਦ ਲਿਆ..ਮੈਂ ਥੋੜਾ ਝਿਜਕਿਆ..ਮੇਰੀ ਹੈਸੀਅਤ ਰੁਤਬਾ ਕਪੜੇ ਅਤੇ ਪਦਵੀਂ..ਵਡਾ ਫਰਕ ਸੀ..ਉਸਨੇ ਮੇਰਾ ਹੱਥ ਫੜ ਲਿਆ..ਠੀਕ ਓਦਾਂ ਜਿੱਦਾਂ ਕਾਲਜ ਵੇਲੇ ਫੜਦਾ ਹੁੰਦਾ ਸੀ..ਹੁਣ ਕਮਰੇ ਅੰਦਰ ਆਉਣ ਜਾਣ ਲਗਪਗ ਥੰਮ ਗਿਆ ਸੀ..ਉਸਨੇ ਨੌਕਰ ਨੂੰ ਆਖ ਸਾਰਾ ਢੇਰ ਚੁਕਵਾ ਦਿੱਤਾ ਤੇ ਫੇਰ ਮੈਨੂੰ ਕੋਲ ਬਿਠਾ ਲਿਆ..ਆਖਣ ਲੱਗਾ ਯਾਰ ਤੇਰਾ ਸ਼ੁਕਰੀਆ..!
ਮੈਂ ਆਖਿਆ ਕਾਹਦਾ ਸ਼ੁਕਰੀਆ..ਮੈਂ ਤੇ ਆਇਆਂ ਵੀ ਖਾਲੀ ਹੱਥ..!
ਆਖਣ ਲੱਗਾ ਪਰ ਤੇਰੇ ਦਿੱਤੀ ਚੀਜ ਸਭ ਸ਼ੈਆਂ ਤੋਂ ਕੀਮਤੀ ਏ..!
ਕੀਮਤੀ ਚੀਜ..ਉਹ ਕਿਹੜੀ?
ਤੂੰ ਮੇਰੇ ਲਈ ਕੁਝ ਖਾਮੋਸ਼ ਪਲ ਤੇ ਕੁਝ ਉਹ ਪਿਆਰੀਆਂ ਘੜੀਆਂ ਲੈ ਕੇ ਆਇਆਂ ਜੋ ਮੈਨੂੰ ਅੱਧੀ ਸਦੀ ਪਿੱਛੇ ਵੱਲ ਨੂੰ ਲੈ ਗਈਆਂ..!
ਫੇਰ ਪਰਲ ਪਰਲ ਹੰਝੂ ਵਹਿ ਤੁਰੇ..ਪਹਿਲੋਂ ਉਸਦੇ ਤੇ ਫੇਰ ਮੇਰੇ..ਮੈਂ ਉਸਦਾ ਹੱਥ ਹੋਰ ਵੀ ਜ਼ੋਰ ਨਾਲ ਘੁੱਟ ਲਿਆ..!
ਨਾਲ ਹੀ ਕਿਸੇ ਵੱਲੋਂ ਆਖੀਆਂ ਦੋ ਗੱਲਾਂ ਚੇਤੇ ਆ ਗਈਆਂ..!
ਹੰਝੂ..ਦੁਨੀਆਂ ਦੀ ਸਭ ਤੋਂ ਵੱਧ ਕੀਮਤੀ ਸ਼ੈ..ਇੱਕ ਹਿੱਸਾ ਪਾਣੀ ਤੇ ਨੜੀਂਨਵੇਂ ਹਿੱਸੇ ਜਜਬਾਤ..ਜੇ ਕੋਈ ਅੱਖ ਹੰਝੂ ਪੜਨ ਦਾ ਵਲ ਸਿੱਖ ਲਵੇ ਤਾਂ ਘੰਟਿਆਂ ਬੱਧੀ ਬੱਸ ਗੱਲਾਂ ਹੀ ਕਰੀ ਜਾਂਦੀ..ਇਥੋਂ ਤੱਕ ਕੇ ਰਾਤੀ ਸੁੱਤੀ ਪਈ ਵੀ..ਜੇ ਨਹੀਂ ਯਕੀਨ ਤਾਂ ਆਪਣਿਆਂ ਦੀ ਵੱਡੀ ਭੀੜ ਵਿੱਚ ਕੱਲੇ ਰਹਿ ਗਏ ਕਿਸੇ ਬਦਕਿਸਮਤ ਕੋਲ ਦੋ ਘੜੀਆਂ ਬੈਠ ਕੇ ਅਜਮਾ ਲਿਓ!
ਹਰਪ੍ਰੀਤ ਸਿੰਘ ਜਵੰਦਾ
👍