1975 ਵਿੱਚ ਮੇਰੇ ਮੈਟ੍ਰਿਕ ਕਰਦੇ ਹੀ ਅਸੀਂ ਪਿੰਡ ਘੁਮਿਆਰੇ ਤੋਂ ਮੰਡੀ ਡੱਬਵਾਲੀ ਸ਼ਿਫਟ ਹੋਣ ਦਾ ਫੈਸਲਾ ਕਰ ਲਿਆ। ਤੇ ਨਾਲ ਦੀ ਨਾਲ ਹੀ ਪੁਰਾਣੇ ਲਏ ਮਕਾਨ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ। ਮੈਂ ਸ਼ਹਿਰ ਮਿਸਤਰੀਆਂ ਕੋਲ ਹੀ ਰਹਿੰਦਾ ਤੇ ਓਥੇ ਹੀ ਸੌਂਦਾ। ਇੱਥੇ ਸਭ ਤੋਂ ਵੱਡੀ ਸਮੱਸਿਆ ਲੇਟਰੀਨ ਦਾ ਨਾ ਹੋਣਾ ਸੀ। ਸਾਡੇ ਕੀ ਸਾਡੇ ਮੋਹੱਲੇ ਵਿਚ ਕਿਸੇ ਘਰੇ ਵੀ ਲੇਟਰੀਨ ਫਲਸ਼ ਨਹੀਂ ਸੀ। ਪਿੰਡ ਵਿਚ ਵੀ ਬਹੁਤੇ ਘਰਾਂ ਦੇ ਲੇਟਰੀਨ ਨਹੀਂ ਸੀ ਬਣੀ ਹੋਈ। ਪਰ ਸਾਡੇ ਪਿੰਡ ਵਾਲੇ ਘਰ ਸ਼ੁਰੂ ਤੋਂ ਹੀ ਖੂਹੀ ਵਾਲੀ ਲੇਟਰੀਨ ਸੀ। ਪਰ ਇੱਥੇ ਨਾ ਗਲੀ ਵਿੱਚ ਸੀਵਰ ਪਿਆ ਸੀ ਤੇ ਨਾ ਹੀ ਕਿਸੇ ਘਰੇ ਖੂਹੀ ਵਾਲੀ ਲੇਟਰੀਨ ਸੀ। ਬਹੁਤੇ ਲੋਕ ਸਵੇਰੇ ਸਵੇਰੇ ਰੇਲਵੇ ਲਾਈਨ ਤੇ ਯ ਰੇਲਵੇ ਦੀਵਾਰ ਦੇ ਨਾਲ ਹੀ ਭੁਗਤ ਆਉਂਦੇ ਸਨ। ਹੋਰਨਾਂ ਗੁਆਂਢੀਆਂ ਦੀ ਤਰਾਂ ਸਾਡੀ ਛੱਤ ਉੱਤੇ ਖੁੱਲੀ ਟੋਇਲਟ ਬਣੀ ਹੋਈ ਸੀ। ਜਿਥੋਂ ਦੁਪਹਿਰ ਨੂੰ ਜਮਾਂਦਾਰਨ ਲੋਹੇ ਦੇ ਪੀਪੇ ਵਿਚ ਮਲ ਇਕੱਠਾ ਕਰਕੇ ਸਿਰ ਤੇ ਰੱਖਕੇ ਲਿਜਾਂਦੀ ਸੀ। ਬਾਦ ਵਿਚ ਸਿਰ ਤੇ ਮੈਲਾ ਢੋਣ ਦੀ ਪ੍ਰਥਾ ਨੂੰ ਬੰਦ ਕਰ ਦਿੱਤਾ ਗਿਆ ਸੀ। ਕਿਉਂਕਿ ਇਹ ਇਨਸਾਨੀਅਤ ਅਤੇ ਮਨੁੱਖੀ ਅਧਿਕਾਰਾਂ ਦੇ ਖਿਲਾਫ ਸੀ। ਪਰ ਇਹ ਪ੍ਰਥਾ ਬਹੁਤੇ ਸ਼ਹਿਰਾਂ ਵਿਚ ਆਮ ਸੀ। ਛੱਤ ਤੇ ਜਾਣ ਵਾਲਾ ਇਹ ਸਿਸਟਮ ਮੇਰੇ ਫਿੱਟ ਨਹੀ ਸੀ ਬੈਠਦਾ। ਆਲੇ ਦੁਆਲੇ ਪਏ ਗੰਦ ਵਿੱਚ ਬੈਠਣਾ ਮੁਸਕਿਲ ਹੁੰਦਾ ਸੀ। ਇਸ ਲਈ ਕਈ ਵਾਰੀ ਮੈਂ ਸਾਈਕਲ ਤੇ ਬਾਹਰ ਖਤਾਨਾ ਵਿੱਚ ਜਾਂਦਾ ਤੇ ਕਦੇ ਕਦੇ ਨਾਲ ਲੱਗਦੇ ਸਿਨੇਮੇ ਵਿਚ ਯ ਰੇਲਵੇ ਸਟੇਸ਼ਨ ਤੇ ਚਲਾ ਜਾਂਦਾ। ਮਕਾਨ ਦੀ ਮੁਰੰਮਤ ਮੁਕੰਮਲ ਹੋਣ ਤੇ ਅਸੀਂ ਘਰੇ ਖੂਹੀ ਵਾਲੀ ਲੇਟਰੀਨ ਦੀ ਵਿਵਸਥਾ ਕੀਤੀ। ਫ਼ਿਰ ਜਦੋ ਗਲੀ ਵਿਚ ਸੀਵਰ ਪਿਆ ਤਾਂ ਫਲਸ਼ ਬਣਵਾਈ ਗਈ। ਹੋਲੀ ਹੋਲੀ ਇੰਡੀਅਨ ਸੀਟ ਤੋਂ ਅਸੀਂ ਵੇਸਟਨ ਸੀਟ ਤੇ ਆ ਗਏ। ਸਮੇਂ ਅਨੁਸਾਰ ਰਸੋਈ ਤੇ ਫਲਸ਼ ਵਿਚਲੀ ਦੂਰੀ ਘਟਦੀ ਗਈ। ਮਾਡਰਨ ਬਾਥਰੂਮ ਸਿਸਟਮ ਨੇ ਲੇਟਰੀਨ ਟੱਟੀ ਪਖਾਨਾ ਸ਼ਬਦ ਖਤਮ ਕਰ ਦਿੱਤਾ।
ਅੱਜ ਕੱਲ੍ਹ ਤਾਂ ਅਟੈਚਡ ਬਾਥਰੂਮ ਤੋਂ ਘੱਟ ਕੋਈ ਗੱਲ ਨਹੀਂ ਕਰਦਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ💐