ਮੇਰੀ ਛੋਟੀ ਮਾਸੀ ਸੋਹਣੀ ਬਹੁਤ ਹੈ ਤੇ ਉਹਨੂੰ ਇਸ ਗੱਲ ਦਾ ਗੁਮਾਨ ਵੀ ਬੜਾ ਸੀ ਜਦਕਿ ਮੇਰੀ ਮੰਮੀ ਸਧਾਰਨ ਨੈਣ ਨਕਸ਼ ਆਲੀ, ਮਾਸੀ ਲਾਡਲੀ ਸੀ ਤਾਂ ਹੀ ਨਾਨੇ ਨੇ ਮੇਰਾ ਮਾਸੜ ਵੱਡੇ ਸਰਦਾਰਾਂ ਦਾ ‘ਕੱਲਾ ਕਾਕਾ ਲੱਭਿਆ ਸੀ, ਤਗੜਾ ਸਰਦਾਰ ਪਰ ਨੈਣ ਨਕਸ਼ ਸਧਾਰਨ, ਕਿਸੇ ਸਮੇਂ ਮੇਰੇ ਨਾਨਕੇ ਦੇ ਵਿਹੜੇ ‘ਚ ਦੋਵੇਂ ਸਾਂਢੂਆਂ ਦੇ ਮੰਜਿਆਂ ਤੇ ਪੇਟੀ ਚੋਂ ਕੱਢ ਕੇ ਮੇਰੀ ਨਾਨੀ ਵੱਲੋਂ ਵਿਛਾਈ ਬੂਟੀਆਂ ਆਲੀ ਨਵੀਂ ਚਾਦਰ ਬੋਲ ਪੈਂਦੀ ਸੀ ਕਿ ਕਿਹੜਾ ਮੰਜਾ ਮੇਰੇ ਉਸ ਸਰਦਾਰ ਮਾਸੜ ਲਈ ਹੈ ਪਰ ਮੇਰਾ ਮਾਸੜ ਅਸਲ ਜੈਂਟਲਮੇਨ ਇਨਸਾਨ ਹੈ, ਮੇਰੇ ਪਾਪਾ ਨਾਲ ਪੂਰੀ ਯਾਰੀ ਰੱਖਦਾ ਜਦਕਿ ਮਾਸੀ ਨੂੰ ਧੰਨ ਦਾ ਹੰਕਾਰ ਤੇ ਆਪਣੇ ਹੁਸਨ ਤੇ ਮਾਣ ਹੀ ਬੜਾ ਸੀ, “ਕਈ ਤਾਂ ਭਾਈ ਆਪ ਸੱਸਾਂ-ਨੂਹਾਂ ਖੇਤ ਨਰਮਾ ਚੁੱਗਣ ਜਾਂਦੀਆਂ ਨੇਂ, ਸਾਡੇ ਇੰਝ ਨਹੀਂ ਹੁੰਦਾ, ਆਪਾਂ ਤਾਂ ਵੀਸੀਆਰ ਤੇ ਫਿਲਮਾਂ ਹੀ ਦੇਖਦੇ ਹਾਂ”, ਉਹ ਪੂਰੀ ਤਿੜ ਕੇ ਪੇਕਿਆਂ ਦਾ ਆਨੰਦ ਮਾਣਦੀ ਹੁੰਦੀ ਸੀ ਤੇ ਮੰਮੀ ਮੀਟ ਦਾਰੂ ਆਲੇ ਭਾਂਡਿਆਂ ਨੂੰ ਲੱਗੀ ਹੁੰਦੀ, ਸਮੇਂ ਦਾ ਗੇੜ ਵਿਆਹ ਤੋਂ ਤੇਰਾਂ ਸਾਲ ਬਾਅਦ ਮਾਸੀ ਦੇ ਪੈਰ ਥਿੜਕ ਗਏ ਤੇ ਮੇਰੇ ਮਾਸੜ ਨੇ ਮੁੰਡਾ ਰੱਖਕੇ ਮਾਸੀ ਘਰੇ ਤੋਰਤੀ, ਮੇਰੇ ਨਾਨਕਿਆਂ ਨੇਂ ਮੇਰੇ ਪਾਪਾ ਦੀ ਆਪਣੀ ਧੀ ਦੀ ਗਲਤੀ ਮੰਨਣ ਤੇ ਮਿੰਨਤ ਕਰਣ ਦੀ ਸਲਾਹ ਮੰਨਣ ਦੀ ਥਾਂ ਮਾਸੜ ਤੇ ਸਣੇ ਪਰਿਵਾਰ ਦਾਜ ਦਾ ਝੂਠਾ ਪਰਚਾ ਪਾ ਦਿੱਤਾ, ਮਾਸੜ ਹੁਰਾਂ ਦੀ ਬਦਨਾਮੀ ਬੜੀ ਹੋਈ ਪਰ ਉਹ ਅੜ ਗਿਆ ਕਿ ਹੁਣ ਇਜ਼ੱਤ ਤਾਂ ਰਹੀ ਨਹੀਂ ਹੁਣ ਨਹੀਂ ਵਸਾਉਂਦਾ, ਤਗੜੇ ਬੰਦੇ ਨੂੰ ਫੇਰ ਕੀ ਥਾਣਾ ਤੇ ਕੀ ਕੋਰਟ ਕਚਿਹਰੀ ਕੁੱਝ ਨਹੀਂ ਬਣਿਆ, ਚਾਰ ਹਜ਼ਾਰ ਰੁਪਈਆ ਮਹੀਨੇ ਦਾ ਕੋਰਟ ਦਾ ਬੰਨ੍ਹਿਆ ਮਾਸੀ ਦਾ ਖਰਚਾ ਆਉਂਦੈ ਜੋ ਮੇਰਾ ਛੜਾ ਮਾਮਾ ਖਾ ਪੀ ਜਾਂਦਾ ਹੈ ਤੇ ਤਗੜੇ ਸਰਦਾਰਾਂ ਦੀ ‘ਸਾਬਕਾ ਨੂੰਹ’ ਮੇਰੀ ਮਾਸੀ ਬਿਊਟੀ ਪਾਰਲਰ ਤੇ ਕੰਮ ਕਰਕੇ ਚੁੱਗਾ ਪਾਣੀ ਚਲਾ ਰਹੀ ਹੈ, ਮੇਰੇ ਉਸ ਨਾਨਕੇ ਘਰ ਦਾ ਜਿੱਥੇ ਹੁਣ ਅਸੀਂ ਕਦੇ ਨਹੀਂ ਜਾਂਦੇ।
ਨਵਨੀਤ ਸੰਧੂ