ਕੁੱਝ ਸਾਲ ਪਹਿਲਾਂ ਦੀ ਗੱਲ ਹੈ ਕਿ ਇੱਕ ਸੜਕ ਦੁਰਘਟਨਾਂ ਦੀ ਖ਼ਬਰ ਟੀਵੀ ਤੇ ਦਿਖਾ ਰਹੇ ਸਨ । ਹਾਦਸਾ ਇੰਨਾਂ ਕੁ ਭਿਆਨਕ ਸੀ ਕਿ ਨੌਜਵਾਨ ਪੂਰੀ ਤਰਾਂ ਕੁਚਲਿਆ ਗਿਆ ਸੀ ਅਤੇ ਉਸਦੀ ਮੌਤ ਹੋ ਗਈ ਸੀ। ਸਾਡੀ ਪੁਨਰਜੋਤ ਟੀਮ ਨੇ ਸੋਚਿਆ ਕਿ ਕਿਉਂ ਨਾ ਬੇਟੇ ਦੀਆਂ ਅੱਖਾਂ ਦਾਨ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇ । ਬੜਾ ਸੋਗਮਈ ਹੁੰਦਾ ਹੈ ਉਹ ਸਮਾਂ ਜਦੋਂ ਕਿਸੇ ਦਾ ਨੌਜਵਾਨ ਪੁੱਤਰ…. ਭਰਵੀਂ ਉਮਰੇ ਅਚਾਨਕ ਤੁਰ ਜਾਵੇ ਅਤੇ….. ਸਾਡੇ ਲਈ ਵੀ ਬਹੁਤ ਔਖਾ ਹੁੰਦਾ …. ਇਸ ਮਾਤਮ ਭਰੇ ਮਹੌਲ ਵਿੱਚ ਕਿਸੇ ਮਾਂ ਪਿਓ ਤੋਂ ਜਾ ਕੇ ਉਹਨਾਂ ਦੇ ਬੱਚੇ ਦੀਆਂ ਅੱਖਾਂ ਮੰਗਣਾ ।ਸਮਾਂ ਰੁੱਕ ਜਾਂਦਾ ਹੈ ….ਸ਼ਬਦ ਮੁੱਕ ਜਾਂਦੇ ਹਨ ਅਤੇ ਵਿਰਲਾਪ ਕਰਦੀਆਂ ਭੈਣਾਂ ਦੇ ਵੈਣ ਅਤੇ ਵੀਰਾਂ ਦੇ ਅਥਰੂਆਂ ਨਾਲ ਹਰ ਪਾਸੇ ਸੋਗ ਛਾਇਆ ਹੁੰਦਾ ਹੈ ।
ਸਾਡੀ ਟੀਮ ਨੇ ਕੋਸ਼ਿਸ਼ ਤਾਂ ਕੀਤੀ … ਅੱਖਾਂ ਦਾਨ ਕਰਵਾਉਣ ਦੀ ….ਪਰ ਇਸ ਦੁੱਖ਼ ਦੀ ਘੜੀ ਵਿੱਚ ਪਰਿਵਾਰ ਨੂੰ ਚੰਗਾਂ ਨਹੀਂ ਲੱਗਾ ਤੇ ਉਹ ਗ਼ੁੱਸੇ ਹੋ ਗਏ ਤੇ ਭਾਵਨਾਵਾਂ ਵਿੱਚ ਵਹਿੰਦੇ ਕੁੱਝ ਰਿਸ਼ਤੇਦਾਰਾਂ ਵੱਲੋਂ ਤਾਂ ਇਹ ਵੀ ਕਹਿ ਦਿੱਤਾ ਗਿਆ ਕਿ….. “ਓਏ ਸਾਡਾ ਨੌਜਵਾਨ ਪੁੱਤ ਮਰ ਗਿਆ …. ਸਾਡੀ ਦੁਨੀਆਂ ਉੱਜੜ ਗਈ….. ਤੇ ਤੁਹਾਨੂੰ ਸ਼ਰਮ ਨਹੀਂ ਆਉਦੀਂ ਤੁਸੀਂ ਹੁਣ ਉਸਦੀਆਂ ਅੱਖਾਂ ਕੱਢਣ ਲਈ ਆ ਗਏ ਹੋ”
ਟੀਮ ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੀ ਹੈ । ਉਹਨਾਂ ਦੇ ਕਹੇ ਸ਼ਬਦਾਂ ਦਾ ਵੀ ਕੋਈ ਗਿਲਾ ਨਹੀਂ ਕਿਉਂਕਿ ਉਹ ਵਿਚਾਰੇ ਸਦਮੇ ਵਿੱਚ ਹੁੰਦੇ ਹਨ ।
ਪਰ…. ਜੇਕਰ ਅਸੀਂ ਕੋਸ਼ਿਸ਼ ਨਹੀਂ ਕਰਾਂਗੇ ਤਾਂ ਕਾਮਯਾਬ ਕਿੱਦਾਂ ਹੋਵਾਂਗੇ ?
ਉਸ ਵੇਲੇ ਜਦੋਂ ਅਸੀਂ ਬੇਨਤੀ ਕਰ ਰਹੇ ਹੁੰਦੇ ਹਾਂ ਤਾਂ ਸਾਨੂੰ ਕਿਸੇ ਦੇ ਕੌੜੇ ਸ਼ਬਦਾਂ ਤੇ ਗੁੱਸਾਂ ਨਹੀਂ ਪਰ …..ਸਾਡਾ ਖਿਆਲ ਉਹਨਾਂ ਨੌਜਵਾਨਾਂ ਅਤੇ ਮੁਟਿਆਰਾਂ ਦੇ ਹਨੇਰੇ ਵਿੱਚ ਬੈਠੇ ਮਸੂਮ ਚਿਹਰਿਆਂ ਦੇ ਬੁਝੇ ਹੋਏ ਚਿਰਾਗਾ ਵੱਲ ਹੁੰਦਾ ਹੈ ਜਿਹੜੇ ਕਈ – ਕਈ ਸਾਲ ਤੋਂ ਸਾਨੂੰ ਫ਼ੋਨ ਕਰਕੇ ਪੁੱਛਦੇ ਰਹਿੰਦੇ ਹਨ ” ਡਾਕਟਰ ਸਾਬ ਕੋਈ ਹੋਈ ਅੱਖ ਦਾਨ? ਸਾਡੀ ਅੱਖ ਕਦੋਂ ਪਊ? ਕੀ ਅਸੀਂ ਦੁਨੀਆਂ ਦੇਖ਼ ਸਕਾਂਗੇ ?
ਅਸੀ ਉਹਨਾਂ ਦੇ ਬੁੱਝੇ ਚਿਰਾਗ਼ਾਂ ਨੂੰ ਰੌਸ਼ਨ ਕਰਨ ਲਈ ਕੀ ਦੋ ਚਾਰ ਗਾਲਾਂ ਵੀ ਨਹੀਂ ਖਾ ਸਕਦੇ ?
ਕੀ ਪਤਾ ਕਦੋਂ ਕੋਈ ਮੰਨ ਜਾਵੇ ….
ਪੁੱਛਣਾਂ ਹੈ ਤਾਂ ਬਹੁਤ ਔਖਾ ….ਪਰ ਝੋਲੀ ਅੱਡ ਕੇ ਖ਼ੈਰ ਮੰਗਣਾਂ ਹੀ ਤਾਂ ਸਾਡੀ ਸੇਵਾ ਹੈ… ਜਦੋ ਖ਼ੈਰ ਪੈ ਜਾਂਦੀ ਹੈ ਤਾਂ ਦੋ ਨੇਤਰਹੀਣਾਂ ਨੂੰ ਜ਼ਿੰਦਗੀ ਦੇ ਇਹ ਰੰਗ ਦੇਖਦਿਆਂ ਖ਼ੁਸ਼ੀ ਅਤੇ ਦੁਆਵਾਂ ਦੀਆ ਝੋਲੀਆਂ ਭਰਨਾ ਵੀ ਤਾਂ …. ਫਿਰ ਸਾਡੇ ਨਸੀਬਾਂ ਵਿੱਚ ਹੀ ਆਉਂਦਾ ਹੈ ।
ਨੌਜਵਾਨ ਦੀ ਲਾਸ਼ ਦਾ ਪੋਸਟ-ਮਾਰਟਮ ਜਲਦੀ ਹੋ ਗਿਆ ਸੀ ।
ਦੁਰਘਟਨਾ ਇੰਨੀ ਭਿਆਨਕ ਸੀ ਕਿ ਸਰੀਰ ਦੇ ਕਈ ਅੰਗ ਕੱਟੇ ਗਏ ਸਨ ।
ਪਰਿਵਾਰ ਦੇ ਮੈਂਬਰਾਂ ਦੀ ਹਾਲਤ ਵਿਗੜਦੀ ਦੇਖ ਕੁੱਝ ਸਿਆਣਿਆਂ ਨੇ ਸਸਕਾਰ ਛੇਤੀ ਕਰਨ ਲਈ ਸਭਨੂੰ ਮਨਾ ਲਿਆ ਸੀ ।
ਸਾਡੀ ਟੀਮ ਨੇ ਵੀ ਸੋਚਿਆ ਕਿ ਇੰਨੀ ਦੂਰ ਆਏ ਹਾਂ ਤੇ ਅੰਤਿਮ ਅਰਦਾਸ ਤੇ ਸਸਕਾਰ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ । ਪੁਨਰਜੋਤ ਦੀ ਐਂਬੂਲੈਸ ਵੱਲ ਦੇਖਕੇ ਅੰਤਿਮ ਅਰਦਾਸ ਕਰਨ ਲੱਗੇ ਗਿਆਨੀ ਜੀ ਨੇ ਪਰਿਵਾਰ ਨੂੰ ਪੁੱਛਿਆ ਕਿ ਇਹ ਲੋਕ ਕੌਣ ਹਨ ?
ਤੇ ਜਦੋਂ ਉਹਨਾਂ ਨੇ ਟੀਮ ਵਾਰੇ ਦਸਿਆ ਕਿ ਇਹ ਅੱਖਾਂ ਦਾਨ ਕਰਨ ਨੂੰ ਕਹਿੰਦੇ ਸੀ ….
ਤਾਂ ਬਾਬਾ ਜੀ ਦੇ ਮਨ ਵਿੱਚ…. ਪਤਾ ਨੀ ਕੀ ਆਇਆ ….ਉਹਨਾਂ ਨੇ ਪਰਿਵਾਰ ਨੂੰ ਬੇਨਤੀ ਕੀਤੀ ਤੇ ਕਿਹਾ ਕਿ ਇਹ ਸਰੀਰ ਕੁੱਝ ਹੀ ਪਲਾਂ ਵਿੱਚ ਸੜ ਕੇ ਸੁਆਹ ਹੋ ਜਾਵੇਗਾ… ਜੇਕਰ ਅੱਖਾਂ ਦਾਨ ਹੋ ਜਾਣ ਤਾਂ…. ਅਮਰ ਹੋ ਜਾਣਗੀਆਂ । ਬੜਾ ਵੱਡਾ ਦਾਨ ਹੋਵੇਗਾ …. ਉਸਨੇ ਪਰਿਵਾਰ ਨੂੰ ਮਨਾ ਲਿਆ ।
ਟੀਮ ਦੀ ਸੱਚੀ ਸੇਵਾ ਦੀ ਭਾਵਨਾ ਅਤੇ ਮਾਨਵਤਾ ਦੇ ਇਸ ਦਰਦ ਵਿੱਚ ਸ਼ਾਮਲ ਹੋਕੇ ਪਰਿਵਾਰ ਨਾਲ ਖੜੑਨਾ ਹੀ ਅੱਜ ਸ਼ਾਇਦ ਟੀਮ ਦੇ ਮਿਸ਼ਨ ਦੀ ਸਫ਼ਲਤਾ ਦਾ ਮੁੱਖ਼ ਕਾਰਨ ਸੀ ਨਹੀਂ ਤਾਂ ਪੋਸਟ-ਮਾਰਟਮ ਤੋਂ ਬਾਅਦ ਹੀ ਉਹ ਘਰ ਮੁੜ ਸਕਦੇ ਸਨ । ਜਲਦੀ ਨਾਲ ਟੀਮ ਨੇ ਅੱਖਾਂ ਦਾ ਮੁਆਇਨਾ ਕੀਤਾ ਅਚਾਨਕ ਐਕਸੀਡੈਂਟ ਨਾਲ ਹੋਈ ਮੌਤ ਅਤੇ ਸਸਕਾਰ ਜਲਦੀ ਕਰਨ ਦੀ ਵਜਾਹ ਕਾਰਨ ਅੱਖਾਂ ਅਜੇ ਵੀ ਜੀਊਦੀਂਆ ਸਨ । ਟੀਮ ਨੇ ਅੱਖਾਂ ਲਈਆਂ ਅਤੇ ਤੁਰੰਤ ਉਹਨਾਂ ਨੂੰ ਪੁਨਰਜੋਤ ਆਈ ਬੈਂਕ ਨੂੰ ਲੈ ਕੇ ਚੱਲ ਪਈ ।
ਰਾਹ ਵਿੱਚ ਟੀਮ ਨੂੰ ਇਸ ਤਰਾਂ ਮਹਿਸੂਸ ਹੋਇਆਂ ਜਿਵੇਂ ਸਿਵੇ ਤੋਂ ਦੋ ਅੱਖਾਂ ਉੱਠ ਕੇ… ਅੱਜ ਉਹਨਾਂ ਦੇ ਨਾਲ ਤੁਰ ਪਈਆਂ ਹੋਣ ।
ਅਸ਼ੋਕ ਮਹਿਰਾ ।
9781-705-750