ਥੱਪੜ | thappad

ਪਤਨੀ ਹਮੇਸ਼ਾ ਹਰ ਸ਼ਨੀਵਾਰ ਸ਼ਾਮ ਨੂੰ butter chicken ਬਣਾਇਆ ਕਰਦੀ ਸੀ, ਭਾਂਵੇ ਉਹ ਆਪ ਸ਼ਾਕਾਹਾਰੀ ਸੀ ਪਰ ਬੱਚਿਆਂ ਤੇ ਪਤੀ ਦੀ ਪਸੰਦ ਦੇ ਖਾਣੇ ਨੂੰ ਹਮੇਸ਼ਾ ਰਸੋਈ ਵਿੱਚ ਪਹਿਲ ਦਿੱਤੀ ਜਾਂਦੀ ਸੀ। ਹਰ ਵਾਰ ਦੀ ਤਰਾਂ ਇਸ ਸ਼ਨੀਵਾਰ ਵੀ ਬੱਚਿਆਂ ਨੂੰ ਖਾਣਾ ਖਵਾਕੇ ਉਹ ਪਤੀ ਦੀ ਕੰਮ ਤੋਂ ਆਉਣ ਦਾ ਇੰਤਜਾਰ ਕਰ ਰਹੀ ਸੀ।
ਪਤੀ ਆਇਆ ਹੱਥ ਮੂੰਹ ਧੋਕੇ, ਕੁਰਸੀ ਤੇ ਬੈਠਣ ਤੋਂ ਪਹਿਲਾ ਸ਼ਰਾਬ ਦੀ ਬੋਤਲ ਟੇਬਲ ਤੇ ਰੱਖੀ ਤੇ ਪਤਨੀ ਨਾਲ ਸਾਰੇ ਦਿਨ ਵਿੱਚ ਹੋਈਆਂ ਬੀਤੀਆਂ ਗੱਲਾਂ-ਬਾਤਾਂ ਦਾ ਜਿਕਰ ਕਰਨ ਲੱਗਾ, ਹਾਸੇ ਵਾਲੀਆਂ ਮਿੱਠੀਆਂ ਕੌੜੀਆਂ ਗੱਲਾਂ ਕਰਦੇ ਨੇ ਪਤਨੀ ਨੂੰ ਆਖਿਆ ਕਿ ਤੂੰ ਮੇਰੀ ਇਜ਼ਤ ਨਹੀ ਕਰਦੀ ਤੈਨੂੰ ਬੋਲਣ ਦੀ ਅਕਲ ਨਹੀਂ.., ਪਤਨੀ ਨੂੰ ਮਹਿਸੂਸ ਹੋ ਗਿਆ ਸੀ ਕਿ ਹੁਣ ਪੀਤੀ ਚੜ੍ਹ ਗਈ।
ਪਤਨੀ ਆਖਦੀ ਕਿ ਫੇਰ ਕੀ ਹੋਇਆ ਪਤੀ ਹੋਣ ਦੇ ਨਾਲ ਤੂੰ ਮੇਰਾ ਦੋਸਤ ਵੀ ਏ, ਮੈਨੂੰ “ਤੇਰਾ ਨਾਮ ਲੈਣਾ” ਕਹਿਣਾ ਜਿਆਦਾ ਚੰਗਾ ਲੱਗਦਾ ਹੈ।
ਪਤੀ ਖਿੱਝਕੇ ਆਖਣ ਲੱਗਾ ਕਿ ਤੇਰੀ ਇੰਨੀ ਔਕਾਤ ਨਹੀਂ ਕਿ ਤੂੰ ਮੈਨੂੰ “ਤੂੰ”ਕਹੇ, ਤੇਰੇ ਵਰਗੀ ਨੂੰ ਮੇਰੇ ਵਰਗਾ ਹੀਰਾ ਮੁੰਡਾ ਜੀਵਨ ਸਾਥੀ ਮਿਲ ਗਿਆ ਇਸ ਲਈ ਸ਼ੁਕਰ ਕਰਿਆ ਕਰ ਬਹਿਸਿਆ ਨਾ ਕਰ।
(ਦਰਅਸਲ ਪੜ੍ਹੀ ਲਿਖੀ ਪਤਨੀ ਇਕ ਮਿਡਲ ਕਲਾਸ ਪਰਿਵਾਰ ਵਿੱਚੋ ਸੀ ਜਿਹੜੀ ਕਿ ਇਕ ਅਮੀਰ ਘਰ ਵਿੱਚ ਘੱਟ ਪੜ੍ਹੇ ਮੁੰਡੇ ਨਾਲ ਵਿਆਹੀ ਗਈ ਸੀ)।
ਪਤਨੀ ਆਪਣੀ ਪੜ੍ਹੀ ਲਿਖੀ ਸੋਚ ਦਾ ਵੇਰਵਾ ਦੇ ਰਹੀ ਸੀ
ਤੇ ਪਤੀ ਆਪਣੀ ਸ਼ੌਹਰਤ ਦਾ… ਉੱਚੀ ਅਵਾਜ਼ ਵਿੱਚ ਬੋਲਦਾ ਹੋਇਆ ਹਰ ਵਾਰ ਦੀ ਤਰਾਂ ਉਸਨੂੰ ਤਲਾਕ ਦੇ ਡਰਾਵੇ ਵੀ ਦੇ ਰਿਹਾ ਸੀ ਤੇ ਮੇਹਣਿਓ ਮੇਣੀ ਵੀ ਹੋ ਰਿਹਾ ਸੀ ਪਰ ਇਸ ਵਾਰ ਅੱਕੀ ਹੋਈ ਨੇ ਉਸਨੂੰ ਉੱਚੀ ਆਵਾਜ ਵਿੱਚ ਕਿਹਾ ਜਾ ਕਰਲਾ ਜੋ ਕਰਨਾ ਮੈ ਨਹੀ ਡਰਦੀ। ਉਹ ਗੰਦੀਆਂ ਗਾਲ੍ਹਾਂ ਕੱਢਦਾ ਹੋਇਆ ਉਸ ਵੱਲ ਵਧਿਆ,
ਰੋਂਦੀ ਹੋਈ ਨੇ ਆਪਣੇ ਵੱਲ ਵਧੇ ਹੋਏ ਨੂੰ ਜ਼ੋਰ ਨਾਲ ਧੱਕਾ ਮਾਰਿਆ..
ਉਹ ਬਰਦਾਸ਼ਤ ਤੋਂ ਬਾਹਰ ਹੋ ਗਿਆ ਤੇ ਆਪਣੀ ਪਤਨੀ ਦੋ ਥੱਪੜ ਕੱਢ ਮਾਰੇ। ਥੱਪੜ ਵਿੱਚ ਉਸਨੇ ਆਪਣੇ ਮਰਦ ਹੋਣ ਦਾ ਅਹਿਸਾਸ ਕਰਾ ਦਿੱਤਾ ਕਿਉਂਕਿ ਉਸਦੇ ਥੱਪੜ ਨੇ ਪਤਨੀ ਦੇ ਕੰਨ ਦਾ ਪਾੜ ਦਿੱਤਾ ਸੀ।
ਕੁਝ ਦਿਨ ਬਾਅਦ ਸਭ ਕੁਝ ਠੀਕ ਹੋ ਗਿਆ ਸੀ, ਪਰ ਪਤਨੀ ਅਜੇ ਵੀ ਇਸ ਉਡੀਕ ਵਿੱਚ ਸੀ ਕਿ ਇਸਨੂੰ ਅਜੇ ਤੱਕ ਪਛਤਾਵਾ ਕਿਉਂ ਨਹੀਂ ਹੋਇਆ….। ਉਹ ਡਰ ਵਿੱਚ ਦਿਨ ਗੁਜ਼ਾਰਨ ਲੱਗੀ ਤੇ ਉਹ ਪਹਿਲਾਂ ਵਾਂਗ ਹੱਸਣ ਖੇਡਣ ਵਿੱਚ…।
ਸ਼ਾਇਦ ਵੱਡਾ ਕਾਰਨ ਇਹ ਸੀ ਕਿ ਪਤੀ ਦੀ ਸੋਚ ਮੁਤਾਬਿਕ ਉਹ ਪੈਸੇ ਨਾਲ ਇਜ਼ਤ ਅਤੇ ਪਿਆਰ ਦੋਨੋਂ ਖਰੀਦ ਸਕਦਾ ਹੈ..
ਸਵਰਾਜ ਕੌਰ ✍️

Leave a Reply

Your email address will not be published. Required fields are marked *